ਬਰਗਾੜੀ ''ਚ 1 ਜੂਨ ਨੂੰ ਜਥੇਬੰਦੀਆਂ ਵੱਲੋਂ ''ਪਸ਼ਚਾਤਾਪ ਦਿਵਸ'' ਮਨਾਉਣ ਦਾ ਐਲਾਨ

05/29/2019 5:12:53 PM

ਫ਼ਰੀਦਕੋਟ (ਹਾਲੀ) : 1 ਜੂਨ 2015 ਨੂੰ ਫਰੀਦਕੋਟ ਜ਼ਿਲੇ ਦੇ ਪਿੰਡ ਬਰਗਾੜੀ ਵਿਖੇ ਵਾਪਰੇ ਬੇਅਦਬੀ ਕਾਂਡ ਦੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਸਮੇਂ ਦੀਆਂ ਸਰਕਾਰਾਂ ਵੱਲੋਂ ਢੁਕਵੀਂ ਕਾਰਵਾਈ ਨਹੀਂ ਕੀਤੀ ਗਈ। ਹੁਣ ਵੱਖ-ਵੱਖ ਪੰਥਕ ਜਥੇਬੰਦੀਆਂ ਸਮੇਤ ਪੰਥ ਦਰਦੀਆਂ ਤੋਂ ਇਲਾਵਾ ਸੰਗਤਾਂ ਵੱਲੋਂ 1 ਜੂਨ ਨੂੰ ਬਰਗਾੜੀ ਪਿੰਡ ਦੇ ਗੁਰੂਘਰ ਵਿਖੇ 'ਪਸ਼ਚਾਤਾਪ ਦਿਵਸ' ਵਜੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਅਤੇ ਕਿਸਾਨ ਵਿੰਗ ਪੰਜਾਬ ਪ੍ਰਧਾਨ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਚਾਰ ਸਾਲ ਪਹਿਲਾਂ 1 ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸ਼ਰਾਰਤੀ ਅਨਸਰਾਂ ਵੱਲੋਂ ਦਿਨ-ਦਿਹਾੜੇ ਬੇਅਦਬੀ ਕੀਤੀ ਗਈ, ਜਿਸ ਦੇ ਰੋਸ ਵਜੋਂ ਬਹਿਬਲ ਕਲਾਂ ਵਿਖੇ ਸੰਗਤਾਂ ਦੇ ਚੱਲ ਰਹੇ ਸ਼ਾਂਤਮਈ ਰੋਸ ਧਰਨੇ ਉੱਪਰ ਪੁਲਸ ਪ੍ਰਸ਼ਾਸਨ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਦੋ ਸਿੰਘ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਅਤੇ ਭਾਈ ਗੁਰਜੰਟ ਸਿੰਘ ਸਰਾਵਾਂ ਨੂੰ ਮਾਰ ਦਿੱਤਾ। ਕੋਟਕਪੂਰਾ ਚੌਕ 'ਚ ਜਾਪ ਕਰਦੀਆਂ ਸੰਗਤਾਂ 'ਤੇ ਅੱਥਰੂ ਗੈਸ ਦੇ ਗੋਲੇ, ਗੰਦੇ ਪਾਣੀ ਦੇ ਚਿੱਕੜ ਦੀਆਂ ਬੌਛਾੜਾਂ ਤੋਂ ਇਲਾਵਾ ਗੋਲੀਆਂ ਚਲਾ ਕੇ ਅਨੇਕਾਂ ਸੰਗਤਾਂ ਨੂੰ ਗੰਭੀਰ ਫੱਟੜ ਕਰ ਦਿੱਤਾ, ਜੋ ਅੱਜ ਵੀ ਇਨਸਾਫ ਦੀ ਉਡੀਕ 'ਚ ਬੈਠੀਆਂ ਹਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਨੂੰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਬੇਅਦਬੀ ਕਰਨ ਵਾਲੇ ਅਸਲ ਦੋਸ਼ੀਆਂ ਨੂੰ ਫੜਨ 'ਚ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਅਸਫਲ ਰਿਹਾ, ਜਿਸ ਦੇ ਰੋਸ ਵਜੋਂ ਪੰਥਕ ਜਥੇਬੰਦੀਆਂ ਅਤੇ ਪੰਥ ਦਰਦੀਆਂ ਵੱਲੋਂ 1 ਜੂਨ ਨੂੰ ਕਸਬਾ ਬਰਗਾੜੀ ਦੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਪਸ਼ਚਾਤਾਪ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ।


Anuradha

Content Editor

Related News