ਬਰਗਾੜੀ ਅਤੇ ਹੋਰ ਮਾਮਲੇ ''ਚਾਚੇ-ਭਤੀਜੇ'' ਲਈ ਬਣ ਨਾ ਜਾਣ ਭਵਿੱਖ ਲਈ ਖਤਰੇ ਦੀ ਘੰਟੀ

Tuesday, May 19, 2020 - 07:56 PM (IST)

ਲੁਧਿਆਣਾ (ਮੁੱਲਾਂਪੁਰੀ) : ਪੰਜਾਬ 'ਚ ਰਾਜ ਕਰਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ 3 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਚੋਣਾਂ ਮੌਕੇ ਬਰਗਾੜੀ ਕਾਂਡ ਅਤੇ ਨਸ਼ਾ, ਟਰਾਂਸਪੋਰਟ, ਕੇਬਲ ਅਤੇ ਵੱਡੇ ਘਪਲਿਆਂ ਦੇ ਮਾਮਲੇ 'ਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਅਤੇ ਹੋਰ ਲੋਕਾਂ ਨਾਲ ਜੋ ਵਾਅਦੇ ਕਰ ਕੇ ਸਰਕਾਰ ਹੋਂਦ ਵਿਚ ਆਈ ਸੀ, ਉਹ ਹਵਾ ਵਿਚ ਲਟਕਦੇ ਦਿਖਾਈ ਦੇ ਰਹੇ ਹਨ। ਜਿਵੇਂ ਕਿ ਸਭ ਤੋਂ ਵੱਧ ਚਰਚਿਤ ਬਰਗਾੜੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਜੋ ਬਾਦਲ ਸਰਕਾਰ ਮੌਕੇ ਵਾਪਰਿਆਂ ਸੀ। ਲੋਕਾਂ ਨੇ ਉਸ ਨੂੰ ਅੱਗੇ ਰੱਖ ਕੇ ਕੈਪਟਨ ਸਰਕਾਰ ਨੂੰ ਵੱਡਾ ਫਤਵਾ ਦਿੱਤਾ ਸੀ ਪਰ ਦੋਸ਼ੀਆਂ ਤੱਕ ਸਰਕਾਰ ਦੇ ਅਜੇ ਤੱਕ ਨੇੜੇ ਨਾ ਜਾਣ ਤੱਕ ਸਰਕਾਰ ਵਿਚ ਬੈਠੇ ਮੰਤਰੀ, ਵਿਧਾਇਕਾਂ ਨੂੰ ਦਿਖਣ ਲੱਗ ਪਿਆ ਹੈ ਕਿ ਜੇਕਰ ਅਸੀਂ ਹੁਣ ਕੋਰੋਨਾ ਦਾ ਰਾਗ ਅਲਾਪਦੇ ਰਹੇ ਤਾਂ ਸਮਾਂ ਨਿਕਲ ਜਾਵੇਗਾ ਅਤੇ 2022 ਵਿਚ ਸਾਡਾ ਹਾਲ ਵੀ ਸ਼੍ਰੋਮਣੀ ਅਕਾਲੀ ਦਲ ਵਾਲਾ ਹੋਵੇਗਾ ਕਿਉਂਕਿ 10 ਸਾਲ ਰਾਜ ਕਰਨ 'ਤੇ 2017 ਵਿਚ ਅਕਾਲੀ ਦਲ ਨੂੰ ਕੇਵਲ 15 ਵਿਧਾਇਕ ਹੀ ਜੇਤੂ ਹੋਏ ਸਨ ਅਤੇ ਵਿਰੋਧੀ ਧਿਰ ਦੀ ਕੁਰਸੀ ਵੀ ਨਸੀਬ ਨਹੀਂ ਹੋਈ ਸੀ।

ਹੁਣ ਭਵਿੱਖ ਤੋਂ ਚਿੰਤਤ ਸੱਤਾਧਾਰੀ ਵਿਧਾਇਕ ਅਤੇ ਮੰਤਰੀ ਅੰਦਰੋਂ-ਅੰਦਰੀ ਖੁੱਲ੍ਹੇ ਤੌਰ 'ਤੇ ਆਪਣੀ ਸਰਕਾਰ ਨੂੰ ਕੋਸਣ ਲੱਗ ਪਏ ਗਏ। ਜਦਕਿ ਪੰਜਾਬ ਵਿਚ ਟਕਸਾਲੀ ਅਤੇ ਆਮ ਆਦਮੀ ਪਾਰਟੀ ਵਾਲੇ ਪਹਿਲਾਂ ਹੀ ਕੈਪਟਨ ਸਰਕਾਰ 'ਤੇ ਇਹ ਦੋਸ਼ ਲਗਾ ਚੁੱਕੇ ਹਨ ਕਿ ਪੰਜਾਬ ਵਿਚ ਚਾਚੇ ਕੈਪਟਨ ਅਮਰਿੰਦਰ ਸਿੰਘ ਅਤੇ ਭਤੀਜੇ ਸੁਖਬੀਰ ਸਿੰਘ ਬਾਦਲ ਦੀ ਸਰਕਾਰ ਹੈ, ਦੋਵੇਂ ਹੀ ਰਲੇ ਹੋਏ ਹਨ। ਇਸ ਲਈ ਕੋਈ ਜਾਂਚ ਅਤੇ ਮਸਲਾ ਹੱਲ ਨਹੀਂ ਹੋ ਰਿਹਾ। ਜਿਸ ਨਾਲ ਭਵਿੱਖ 'ਚ ਕਾਂਗਰਸ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਉਥੇ ਇਹ ਦੋਸ਼ ਲੱਗਣ 'ਤੇ ਸ਼੍ਰੋਮਣੀ ਅਕਾਲੀ ਦਲ ਵੀ ਲੋਕਾਂ ਦੀ ਦੰਦ ਕਥਾਵਾਂ ਤੋਂ ਬਚ ਨਹੀਂ ਸਕੇਗਾ ਅਤੇ ਇਸ ਗੱਲ ਨੂੰ ਗਲਤ ਸਾਬਿਤ ਕਰਨ ਲਈ ਜੱਦੋ-ਜਹਿਦ ਕਰੇਗਾ ਪਰ ਉਨ੍ਹਾਂ ਦੀ ਗੱਲ ਲੋਕਾਂ ਦੇ ਹਜ਼ਮ ਨਹੀਂ ਹੋਵੇਗੀ ਅਤੇ ਘਰ ਬੈਠਾ ਵੱਡਾ ਆਗੂ ਮੋਰਚਾ ਮਾਰ ਸਕਦਾ ਹੈ।

ਇਸ ਸਾਰੇ ਮੌਜੂਦਾ ਮਾਮਲੇ 'ਤੇ ਇਕ ਬਜ਼ੁਰਗ ਨੇਤਾ ਨੇ ਚੁਟਕੀ ਲੈਂਦਿਆਂ ਕਿਹਾ ਕਿ ਕੀਤੇ ਵਾਅਦੇ ਅਤੇ ਮਾਮਲਿਆਂ ਦੀ ਜਾਂਚ ਸਾਹਮਣੇ ਨਾ ਆਉਣ 'ਤੇ ਉਨ੍ਹਾਂ ਨੂੰ ਇੰਝ ਲੱਗ ਰਿਹਾ ਹੈ ਕਿ ਪੰਜਾਬ ਵਿਚ ਜਿਹੜੇ ਰੋਗ ਨਾਲ ਬੱਕਰੀ ਮਰ ਗਈ, ਉਹੀ ਰੋਗ ਬਠੋਰੇ ਨੂੰ ਲੱਗ ਗਿਆ ਲੱਗਦਾ ਹੈ।


Gurminder Singh

Content Editor

Related News