ਗੈਰ ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼, 30 ਨੌਜਵਾਨ ਛੁਡਵਾਏ
Friday, Jun 28, 2019 - 02:12 PM (IST)

ਪੱਟੀ (ਸੌਰਭ) : ਪੱਟੀ ਦੇ ਪਿੰਡ ਆਸਲ ਵਿਖੇ ਚੱਲ ਰਹੇ ਗੈਰ ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਸਿਹਤ ਵਿਭਾਗ ਦੀ ਟੀਮ ਨੇ ਪਰਦਾਫਾਸ਼ ਕਰਦਿਆਂ 30 ਨੌਜਵਾਨਾਂ ਨੂੰ ਛੁਡਵਾਇਆ ਹੈ। ਸਿਹਤ ਵਿਭਾਗ ਦੀ ਟੀਮ ਨੇ ਉਕਤ ਸੈਂਟਰ ਨੂੰ ਸੀਲ ਕਰਕੇ ਉਕਤ ਵਿਅਕਤੀਆਂ ਨੂੰ ਵੱਖ-ਵੱਖ ਸੈਂਟਰਾਂ 'ਚ ਭੇਜ ਦਿੱਤਾ ਹੈ ਤੇ ਇਸ ਦੀ ਰਿਪੋਰਟ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਨੂੰ ਭੇਜ ਦਿੱਤੀ ਹੈ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐੱਸ. ਡੀ. ਐੱਮ. ਨਵਰਾਜ ਸਿੰਘ ਬਰਾਡ਼ ਅਤੇ ਸਿਹਤ ਟੀਮ ਦੇ ਇੰਚਾਰਜ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਇਸ ਨਸ਼ਾ ਛਡਾਓ ਕੇਂਦਰ ਦੀ ਚੈਕਿੰਗ ਕੀਤੀ ਗਈ ਹੈ, ਜਦੋਂ ਸਾਡੀ ਟੀਮ ਵੱਲੋਂ ਇੱਥੇ ਆ ਕੇ ਪਡ਼ਤਾਲ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਇਸ ਨਸ਼ਾ ਛਡਾਓ ਕੇਂਦਰ ਵਿਚ ਕਈ ਤਰ੍ਹਾਂ ਦੀਆਂ ਖਾਮੀਆਂ ਪਾਈਆਂ ਗਈਆਂ ਹਨ। ਇਹ ਕੇਂਦਰ ਸਿਹਤ ਵਿਭਾਗ ਵੱਲੋਂ ਨਿਰਧਾਰਿਤ ਕੀਤੇ ਗਏ ਮਾਪਦੰਡਾਂ ਦੇ ਮੁਤਾਬਕ ਠੀਕ ਨਹੀਂ ਹੈ, ਜਿਸ ਦੀ ਰਿਪੋਰਟ ਤਿਆਰ ਕਰ ਕੇ ਵਿਭਾਗ ਨੂੰ ਭੇਜੀ ਜਾਵੇਗੀ। ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਇਥੇ 30 ਦੇ ਕਰੀਬ ਨੌਜਵਾਨ ਮੌਜੂਦ ਸਨ।
ਇਸ ਸਬੰਧੀ ਐੱਸ. ਡੀ. ਐੱਮ. ਨਵਰ ਬਰਾਡ਼ ਅਤੇ ਮਨੋਵਿਗਿਆਨੀ ਡਾ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਰਿਹਾਅ ਕਰਵਾਏ ਗਏ ਨੌਜਵਾਨਾਂ ਨੂੰ ਵੱਖ-ਵੱਖ ਸੈਂਟਰਾਂ ਭੱਗੂਪੁਰ ਅਤੇ ਠਰੂ ਵਿਖੇ ਤਬਦੀਲ ਕੀਤਾ ਜਾ ਰਿਹਾ ਹੈ ਅਤੇ ਜੋ ਨੌਜਵਾਨ ਘਰ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਘਰ ਭੇਜ ਦਿੱਤਾ ਜਾਵੇਗਾ। ਇਸ ਮੌਕੇ ਐੱਸ. ਐੱਮ. ਓ. ਡਾ. ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਇਹ ਸੈਂਟਰ ਸਰਕਾਰੀ ਮਾਪਦੰਡਾਂ ਨੂੰ ਪੂਰਾ ਨਹੀਂ ਕਰਦਾ ਸੀ ਅਤੇ ਸ਼ਿਕਾਇਤਾਂ ਮਿਲਣ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ ਹੈ। ਸਾਰੀ ਰਿਪੋਰਟ ਬਣਾ ਕੇ ਸਿਹਤ ਵਿਭਾਗ ਨੂੰ ਭੇਜੀ ਗਈ ਹੈ।