ਬਨਵਾਰੀਲਾਲ ਪੁਰੋਹਿਤ ਨੇ ਪੰਜਾਬ ਦੇ 36ਵੇਂ ਰਾਜਪਾਲ ਵਜੋਂ ਚੁੱਕੀ ਸਹੁੰ
Tuesday, Aug 31, 2021 - 10:43 PM (IST)
ਚੰਡੀਗੜ੍ਹ (ਬਿਊਰੋ)-ਬਨਵਾਰੀਲਾਲ ਪੁਰੋਹਿਤ ਨੇ ਅੱਜ ਪੰਜਾਬ ਦੇ 36ਵੇਂ ਰਾਜਪਾਲ ਵਜੋਂ ਸਹੁੰ ਚੁੱਕ ਲਈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਰਵੀਸ਼ੰਕਰ ਝਾਅ ਨੇ ਪੰਜਾਬ ਰਾਜ ਭਵਨ ਵਿਖੇ ਬਨਵਾਰੀਲਾਲ ਪੁਰੋਹਿਤ ਨੂੰ ਅਹੁਦੇ ਦੀ ਸਹੁੰ ਚੁਕਾਈ। ਇਸ ਮੌਕੇ ਮੰਚ ’ਤੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਮੌਜੂਦ ਸਨ। ਬਨਵਾਰੀਲਾਲ ਪੁਰੋਹਿਤ ਨੇ ਅੰਗਰੇਜ਼ੀ ’ਚ ਸਹੁੰ ਚੁੱਕੀ। ਉਨ੍ਹਾਂ ਨੇ ਉਸ ਸਹੁੰ ਪੱਤਰ ’ਤੇ ਦਸਤਖਤ ਕੀਤੇ, ਜਿਸ ’ਤੇ ਚੀਫ ਜਸਟਿਸ ਦੇ ਦਸਤਖਤ ਵੀ ਸਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਲਵਪ੍ਰੀਤ ਲਾਡੀ ਖ਼ੁਦਕੁਸ਼ੀ ਮਾਮਲੇ ’ਚ ਬੇਅੰਤ ਕੌਰ ’ਤੇ ਲੱਗੀ ਧਾਰਾ 306
ਬਾਅਦ ’ਚ ਬਨਵਾਰੀਲਾਲ ਪੁਰੋਹਿਤ ਨੇ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼, ਚੰਡੀਗੜ੍ਹ ਦੇ ਪ੍ਰਸ਼ਾਸਕ ਵਜੋਂ ਵੱਖ-ਵੱਖ ਦਸਤਾਵੇਜ਼ਾਂ ’ਤੇ ਦਸਤਖਤ ਕੀਤੇ। ਇਸ ਤੋਂ ਪਹਿਲਾਂ ਨਾਮਜ਼ਦ ਰਾਜਪਾਲ ਰਸਮੀ ਢੰਗ ਨਾਲ ਪੰਜਾਬ ਰਾਜ ਭਵਨ ਦੇ ਵਿਸ਼ੇਸ਼ ਪੰਡਾਲ ’ਚ ਪਹੁੰਚੇ। ਉਨ੍ਹਾਂ ਨਾਲ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮੁੱਖ ਜੱਜ ਵੀ ਸਨ। ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਸਮਾਗਮ ਸ਼ੁਰੂ ਕਰਨ ਦੀ ਇਜਾਜ਼ਤ ਮੰਗੀ ਅਤੇ ਬਨਵਾਰੀਲਾਲ ਪੁਰੋਹਿਤ ਦੀ ਪੰਜਾਬ ਦੇ ਰਾਜਪਾਲ ਵਜੋਂ ਨਿਯੁਕਤੀ ਪੱਤਰ ਨੂੰ ਪੜ੍ਹਿਆ। ਬਨਵਾਰੀਲਾਲ ਪੁਰੋਹਿਤ ਦੁਪਹਿਰ 12:00 ਵਜੇ ਪੰਜਾਬ ਰਾਜ ਭਵਨ ਪਹੁੰਚੇ ਅਤੇ ਪੀ. ਏ. ਪੀ. ਦੀ ਇਕ ਟੁਕੜੀ ਵੱਲੋਂ ਉਨ੍ਹਾਂ ਨੂੰ ‘ਗਾਰਡ ਆਫ਼ ਆਨਰ’ ਦਿੱਤਾ ਗਿਆ। ਉਨ੍ਹਾਂ ਦਾ ਸਵਾਗਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ, ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ। ਇਸ ਮੌਕੇ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ, ਡਿਪਟੀ ਕਮਿਸ਼ਨਰ, ਚੰਡੀਗੜ੍ਹ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਹਾਜ਼ਰ ਸਨ।