ਪਲਾਸਟਿਕ ਤੇ ਪਾਲੀਥੀਨ ਦੇ ਬਦਲ ਬਿਨਾਂ ਪਾਬੰਦੀ ਲਾਉਣਾ ਬੇਕਾਰ : ਹਾਈਕੋਰਟ

Thursday, Nov 30, 2023 - 12:43 PM (IST)

ਪਲਾਸਟਿਕ ਤੇ ਪਾਲੀਥੀਨ ਦੇ ਬਦਲ ਬਿਨਾਂ ਪਾਬੰਦੀ ਲਾਉਣਾ ਬੇਕਾਰ : ਹਾਈਕੋਰਟ

ਚੰਡੀਗੜ੍ਹ (ਹਾਂਡਾ) : ਡਿਸਪੋਜ਼ੇਬਲ, ਪਲਾਸਟਿਕ ਅਤੇ ਪੋਲੀਥੀਨ ਦੇ ਨਿਪਟਾਰੇ ਵਿਰੁੱਧ ਦਾਇਰ ਜਨਹਿਤ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ ਚੰਡੀਗੜ੍ਹ ’ਚ ਚਾਰੇ ਪਾਸੇ ਫੈਲੇ ਪਲਾਸਟਿਕ ਦੇ ਕੂੜੇ ’ਤੇ ਚਿੰਤਾ ਪ੍ਰਗਟਾਈ ਹੈ। ਅਦਾਲਤ ਨੇ ਕਿਹਾ ਕਿ ਇਨ੍ਹਾਂ ’ਤੇ ਪਾਬੰਦੀ ਲਾਉਣਾ ਕਾਫ਼ੀ ਨਹੀਂ ਹੈ ਸਗੋਂ ਇਨ੍ਹਾਂ ਦੇ ਬਦਲ ਲੱਭਣਾ ਜ਼ਿਆਦਾ ਜ਼ਰੂਰੀ ਹੈ। ਕਾਰਜਕਾਰੀ ਚੀਫ਼ ਜਸਟਿਸ ਰਿਤੂ ਬਾਹਰੀ ਨੇ ਕਿਹਾ ਕਿ ਮੌਜੂਦਾ ਹਾਲਾਤ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਉਕਤ ਸਮੱਸਿਆ ਕਦੇ ਵੀ ਹੱਲ ਨਹੀਂ ਹੋ ਸਕਦੀ। ਪਟੀਸ਼ਨ ਦਾ ਨਿਪਟਾਰਾ ਕਰਦਿਆਂ ਹਾਈ ਕੋਰਟ ਨੇ ਪਟੀਸ਼ਨਰ ਨੂੰ ਕਿਹਾ ਹੈ ਕਿ ਉਹ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਢੰਗਾਂ ਦੇ ਨਾਲ ਨਵੀਂ ਪਟੀਸ਼ਨ ਦਾਇਰ ਕਰ ਸਕਦੇ ਹਨ। ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਸਿਰਸਾ ਵਾਸੀ ਡਾ. ਗਾਰਗੀ ਐਰੀ ਨੇ ਐਡਵੋਕੇਟ ਫੇਰੀ ਸੋਵਤ ਰਾਹੀਂ ਪਟੀਸ਼ਨ ਦਾਇਰ ਕਰਦਿਆਂ ਕਿਹਾ ਕਿ ਪਾਲੀਥੀਨ ਅਤੇ ਇਸ ਦੇ ਨਿਪਟਾਰੇ ਕਾਰਨ ਵਾਤਾਵਰਣ ਅਤੇ ਲੋਕਾਂ ਦੀ ਸਿਹਤ ਨੂੰ ਨੁਕਸਾਨ ਹੋ ਰਿਹਾ ਹੈ। ਪਟੀਸ਼ਨਰ ਨੇ ਕਿਹਾ ਕਿ ਪਾਲੀਥੀਨ ਅਤੇ ਡਿਸਪੋਜ਼ੇਬਲ ਦੀ ਵਰਤੋਂ ਵਿਚ ਤੇਜ਼ੀ ਨਾਲ ਵਾਧਾ ਹੋਣ ਕਾਰਨ ਪਸ਼ੂ-ਪੰਛੀਆਂ ਸਮੇਤ ਮਨੁੱਖੀ ਜਾਤੀ ਲਈ ਵੱਡਾ ਖਤਰਾ ਪੈਦਾ ਹੋ ਗਿਆ ਹੈ।

ਇਹ ਵੀ ਪੜ੍ਹੋ : ਉੜਮੁੜ ਬਜ਼ਾਰ ''ਚ ਕਰਿਆਨਾ ਦੀ ਦੁਕਾਨ ਨੂੰ ਲੱਗੀ ਅੱਗ, ਹੋਇਆ ਵੱਡਾ ਨੁਕਸਾਨ    

ਪਟੀਸ਼ਨ ’ਚ ਮੰਗ ਕੀਤੀ ਗਈ ਹੈ ਕਿ ਅਦਾਲਤ ਨਿਰਮਾਣ ਕੰਪਨੀਆਂ ਨੂੰ ਪਲਾਸਟਿਕ ਦੀ ਪੈਕਿੰਗ ਵਿਚ ਆਪਣੇ ਉਤਪਾਦਾਂ ਦੀ ਮਾਰਕੀਟਿੰਗ ਨਾ ਕਰਨ ਦੇ ਨਿਰਦੇਸ਼ ਜਾਰੀ ਕਰੇ। ਇਸਦੀ ਥਾਂ ’ਤੇ ਕੋਈ ਅਜਿਹਾ ਪਦਾਰਥ ਜਾਂ ਪੈਕਿੰਗ ਸਮੱਗਰੀ, ਜੋ ਕਿ ਈਕੋ-ਫਰੈਂਡਲੀ ਹੋਵੇ, ਦੀ ਵਰਤੋਂ ਕੀਤੀ ਜਾਵੇ। ਨਾਲ ਹੀ ਸ਼ੈਂਪੂ ਅਤੇ ਤੇਲ ਉਤਪਾਦਾਂ ਨੂੰ ਪਲਾਸਟਿਕ ਦੀਆਂ ਬੋਤਲਾਂ ਦੀ ਬਜਾਏ ਕੱਚ ਜਾਂ ਐਲੂਮੀਨੀਅਮ ਵਿਚ ਪੈਕ ਕਰਨਾ ਚਾਹੀਦਾ ਹੈ। ਸ਼ਿਪਿੰਗ ਕੰਪਨੀਆਂ ਨੂੰ ਵੀ ਬਬਲ ਰੈਪ ਜਾਂ ਥਰਮਾਕੋਲ ਦੀ ਬਜਾਏ ਵਾਤਾਵਰਣ ਅਨੁਕੂਲ ਸਮੱਗਰੀ ਦੀ ਵਰਤੋਂ ਕਰਨ ਦੇ ਹੁਕਮ ਦਿੱਤੇ ਜਾਣੇ ਚਾਹੀਦੇ ਹਨ।

ਇਹ ਵੀ ਪੜ੍ਹੋ : ਪਹਿਲਾਂ ਤਿੰਨਾਂ ਦੋਸਤਾਂ ਨੇ ਪੀਤੀ ਸ਼ਰਾਬ, ਫਿਰ ਪਾਇਆ ਭੰਗੜਾ, ਅੱਧੇ ਘੰਟੇ ਬਾਅਦ ਵਾਪਰ ਗਈ ਅਣਹੋਣੀ

ਪਟੀਸ਼ਨ ’ਚ ਕਿਹਾ-ਸਭ ਤੋਂ ਵੱਧ ਨੁਕਸਾਨ ਵਿਅਾਹਾਂ ਵਿਚ ਵਰਤੀ ਜਾਣ ਵਾਲੀ ਡਿਸਪੋਜੇਬਲ ਕਰਾਕਰੀ ਨਾਲ ਹੁੰਦਾ ਹੈ
ਸਭ ਤੋਂ ਅਹਿਮ ਮੁੱਦਾ ਉਠਾਉਂਦਿਆਂ ਪਟੀਸ਼ਨਰ ਨੇ ਕਿਹਾ ਕਿ ਵਾਤਾਵਰਣ ਨੂੰ ਸਭ ਤੋਂ ਵੱਧ ਨੁਕਸਾਨ ਵਿਆਹਾਂ ਵਿਚ ਵਰਤੀਆਂ ਜਾਣ ਵਾਲੀਆਂ ਡਿਸਪੋਜ਼ੇਬਲ ਪਲੇਟਾਂ, ਚਮਚਿਆਂ ਅਤੇ ਗਲਾਸਾਂ ਅਤੇ ਮਿਨਰਲ ਵਾਟਰ ਦੀਆਂ ਬੋਤਲਾਂ ਆਦਿ ਕਾਰਨ ਹੁੰਦਾ ਹੈ। ਇਨ੍ਹਾਂ ਦੀ ਵਰਤੋਂ ਵਿਆਹਾਂ ਵਿਚ ਵੱਡੀ ਗਿਣਤੀ ਵਿਚ ਕੀਤੀ ਜਾਂਦੀ ਹੈ ਅਤੇ ਬਿਨਾਂ ਨਸ਼ਟ ਕੀਤੇ ਹੀ ਸੁੱਟ ਦਿੱਤੀਆਂ ਜਾਂਦੀਆਂ ਹਨ। ਪਟੀਸ਼ਨਰ ਨੇ ਕਿਹਾ ਕਿ ਜੇਕਰ ਵਾਤਾਵਰਣ ਨੂੰ ਬਚਾਉਣਾ ਹੈ ਤਾਂ ਵਿਆਹਾਂ ਅਤੇ ਹੋਰ ਵੱਡੇ ਸਮਾਗਮਾਂ ਵਿਚ ਕੂੜਾ-ਕਰਕਟ ’ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣੀ ਅਤੇ ਵਾਤਾਵਰਣ ਪੱਖੀ ਵਿਆਹਾਂ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ। ਉਨ੍ਹਾਂ ਦੀ ਥਾਂ ਲੱਕੜ ਦੀਆਂ ਪਲੇਟਾਂ ਜਾਂ ਪਾਮ ਲੀਫ਼ ਪਲੇਟਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ, ਜੋ ਕਿ ਵਾਤਾਵਰਣ ਅਨੁਕੂਲ ਹਨ। ਅਦਾਲਤ ਵਿਚ ਪੇਸ਼ ਹੋਏ ਪ੍ਰਸ਼ਾਸਨ ਦੇ ਵਕੀਲ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਉਕਤ ਪਦਾਰਥਾਂ ’ਤੇ ਮੁਕੰਮਲ ਪਾਬੰਦੀ ਲਾਈ ਹੋਈ ਹੈ ਅਤੇ ਹਰ ਰੋਜ਼ ਮੁਹਿੰਮ ਚਲਾ ਕੇ ਚਲਾਨ ਕੱਟੇ ਜਾ ਰਹੇ ਹਨ। ਅਦਾਲਤ ਨੂੰ ਦੱਸਿਆ ਗਿਆ ਕਿ ਇਹ ਪ੍ਰਸ਼ਾਸਨ ਦੀ ਸਖ਼ਤੀ ਦਾ ਹੀ ਨਤੀਜਾ ਹੈ ਕਿ ਸ਼ਹਿਰ ਦਾ ਜਲਵਾਯੂ ਅਤੇ ਵਾਤਾਵਰਣ ਦਾ ਪੱਧਰ ਦੂਜੇ ਸੂਬਿਆਂ ਨਾਲੋਂ ਬਿਹਤਰ ਹੈ। ਬੈਂਚ ਨੇ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਸਾਰੀਆਂ ਧਿਰਾਂ ਨੂੰ ਉਕਤ ਸਮੱਸਿਆ ਸਬੰਧੀ ਨਵੇਂ ਬਦਲ ਲੱਭਣ ਲਈ ਕਿਹਾ ਹੈ। ਪਟੀਸ਼ਨਰ ਜੇਕਰ ਚਾਹੇ ਤਾਂ ਨਵੇਂ ਬਦਲ ਅਤੇ ਸੁਝਾਵਾਂ ਨਾਲ ਦੁਬਾਰਾ ਪਟੀਸ਼ਨ ਦਾਇਰ ਕਰ ਸਕਦਾ ਹੈ।

ਇਹ ਵੀ ਪੜ੍ਹੋ : ਨਕਲੀ ਵੀਜ਼ਾ ਦਿਖਾ ਕੇ ਫਰਾਡ ਕਰਨ ਦੇ 4 ਸਾਲ ਬਾਅਦ ਇੰਟਰਪ੍ਰਾਈਜ਼ਿਜ਼ ਦੇ ਏਜੰਟ ’ਤੇ ਕੇਸ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


author

Anuradha

Content Editor

Related News