ਮਾਛੀਵਾੜਾ ਦੇ ਬੈਂਕਾਂ ਬਾਹਰ ਲੱਗੀਆਂ ਲੰਬੀਆਂ ਲਾਈਨਾਂ, ਯਾਦ ਆਏ ਨੋਟਬੰਦੀ ਦੇ ਦਿਨ
Monday, Mar 30, 2020 - 12:30 PM (IST)
ਮਾਛੀਵਾੜਾ (ਟੱਕਰ) : ਮਾਛੀਵਾੜਾ 'ਚ ਸੋਮਵਾਰ ਨੂੰ ਜਿਵੇਂ ਹੀ ਲੋਕਾਂ ਨੂੰ ਪਤਾ ਲੱਗਿਆ ਕਿ ਅੱਜ ਬੈਂਕ ਖੁੱਲ੍ਹ ਰਹੇ ਹਨ ਤਾਂ ਬੈਂਕਾਂ ਦੇ ਬਾਹਰ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਪਤਾ ਲੱਗਿਆ ਹੈ ਕਿ ਲਾਕਡਾਊਨ ਦੇ ਚੱਲਦਿਆਂ ਬੈਂਕਾਂ 'ਚ ਜ਼ਿਆਦਾ ਲੋਕ ਆਪਣੇ ਖਾਤਿਆਂ 'ਚੋਂ ਪੈਸੇ ਕਢਵਾਉਣ ਲਈ ਹੀ ਆ ਰਹੇ ਹਨ। ਇਸ ਤੋਂ ਇਲਾਵਾ ਕੁਝ ਲੋਕ ਆਪਣੀਆਂ ਕਿਸ਼ਤਾਂ ਆਦਿ ਵੀ ਜਮ੍ਹਾਂ ਕਰਵਾਉਣ ਲਈ ਆਏ ਹੋਏ ਸਨ। ਬੈਂਕਾਂ ਦੇ ਬਾਹਰ ਇੰਨੀਆਂ ਲੰਬੀਆਂ ਲਾਈਨਾਂ ਦੇਖ ਕੇ ਸਭ ਨੂੰ ਨੋਟਬੰਦੀ ਵਾਲੇ ਹਾਲਾਤ ਯਾਦ ਆ ਗਏ। ਬੇਸ਼ੱਕ ਲੋਕਾਂ ਵਲੋਂ ਕੋਰੋਨਾ ਵਾਇਰਸ ਤੋਂ ਬਚਣ ਲਈ ਇਕ-ਦੂਜੇ ਤੋਂ ਸਮਾਜਿਕ ਦੂਰੀ ਬਣਾਈ ਜਾ ਰਹੀ ਹੈ ਪਰ ਫਿਰ ਵੀ ਬੈਂਕਾਂ ਦੇ ਬਾਹਰ ਲੋਕਾਂ ਦੀ ਵੱਡੀ ਭੀੜ ਦੇਖੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਐਲਾਨ, ਕਰਫਿਊ ਦੇ ਚੱਲਦਿਆਂ 30-31 ਮਾਰਚ ਨੂੰ ਖੁੱਲ੍ਹਣਗੇ ਬੈਂਕ
ਦੱਸ ਦੇਈਏ ਕਿ ਸੂਬੇ ਦੇ ਗ੍ਰਹਿ ਵਿਭਾਗ ਨੇ ਕੋਵਿਡ-19 ਤਹਿਤ ਲੱਗੇ ਕਰਫਿਊ ਦੌਰਾਨ 30 ਅਤੇ 31 ਮਾਰਚ ਅਤੇ ਉਸ ਤੋਂ ਬਾਅਦ ਬੈਂਕਾਂ ਦੀਆਂ ਬ੍ਰਾਂਚਾਂ ਖੋਲ੍ਹਣ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਦੇ ਤਹਿਤ ਪੰਜਾਬ 'ਚ ਲੱਗੇ ਕਰਫ਼ਿਊ ਦੇ ਚੱਲਦਿਆਂ ਵਿੱਤੀ ਲੈਣ ਦੇਣ 'ਚ ਲੋਕਾਂ ਦੀ ਸਹੂਲਤ ਲਈ 30 ਤੇ 31 ਮਾਰਚ ਨੂੰ ਬੈਂਕ ਖੁੱਲ੍ਹਣਗੇ। ਐਡਵਾਇਜ਼ਰੀ ਮੁਤਾਬਕ ਇਹ ਫੈਸਲਾ ਕੀਤਾ ਗਿਆ ਹੈ ਕਿ ਸਾਰੀਆਂ ਬੈਂਕ ਬ੍ਰਾਂਚਾਂ, ਏ. ਟੀ. ਐੱਮਜ਼, ਬੈਕਿੰਗ ਕਾਰਸਪੌਂਡੈਂਟ, ਨਗਦੀ ਲਿਜਾਣ ਵਾਲੀਆਂ ਏਜੰਸੀਆਂ, ਬੈਂਕਾਂ ਨੂੰ ਆਈ.ਟੀ. ਅਤੇ ਇੰਜੀਨੀਅਰਿੰਗ ਸਹਾਇਤਾ ਦੇਣ ਵਾਲੇ 30 ਤੇ 31 ਮਾਰਚ, 2020 ਨੂੰ ਕੰਮ ਕਰਨਗੇ। ਇਸੇ ਤਰ੍ਹਾਂ ਸੂਬੇ ਅਤੇ ਯੂ.ਟੀ. ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰਾਂ ਨੂੰ ਪਾਸ ਜਾਰੀ ਕਰਨ ਅਤੇ ਕਰਫਿਊੂ ਵਿਚ ਲੋੜੀਂਦੀ ਢਿੱਲ ਦੇਣ ਲਈ ਬਣਦੀ ਸਹਾਇਤਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ : ਵੱਡੀ ਖਬਰ : ਮੋਹਾਲੀ 'ਚ ਕੋਰੋਨਾ ਦਾ ਨਵਾਂ ਕੇਸ, ਪੰਜਾਬ 'ਚ ਕੁੱਲ 39 ਮਾਮਲੇ ਆਏ ਸਾਹਮਣੇ