ਬੰਦੀ ਸਿੰਘਾਂ ਦੀ ਰਿਹਾਈ ਲਈ ਨਵੀਂ ਜਥੇਬੰਦੀ ਦਾ ਗਠਨ, ਇਹ ਹੋਵੇਗਾ ਨਾਂ

Saturday, Dec 25, 2021 - 11:28 AM (IST)

ਜਲੰਧਰ/ਨਵੀਂ ਦਿੱਲੀ (ਚਾਵਲਾ)- ਜੇਲ੍ਹਾਂ ਵਿਚ ਬੰਦ ਬੰਦੀ ਸਿੰਘਾਂ ਦੀ ਪੱਕੀ ਰਿਹਾਈ ਲਈ ਦਿੱਲੀ ਦੇ ਸੂਝਵਾਨ ਪੰਥਦਰਦੀਆਂ ਨੇ ‘ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ)’ ਨਾਂ ਦੀ ਜਥੇਬੰਦੀ ਨੂੰ ਹੋਂਦ ਵਿਚ ਲਿਆਂਦਾ ਹੈ। ਜਿਸ ਦਾ ਮੁੱਖ ਕਾਰਜ ਖੇਤਰ ਸਿੱਖ ਕੈਦੀਆਂ ਦੇ ਅਧਿਕਾਰਾਂ ਦੀ ਵਕਾਲਤ ਕਰਨ ਵਾਲੇ ਜਥੇ ਵਜੋਂ ਵਿਚਰਨਾ ਹੋਵੇਗਾ। ਮੋਰਚੇ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਨੇ ਪਲੇਠੀ ਪ੍ਰੈੱਸ ਕਾਨਫ਼ਰੰਸ ਦੌਰਾਨ ਦਾਅਵਾ ਕੀਤਾ ਕਿ ਉਹ ਭਾਰਤੀ ਸੰਵਿਧਾਨ ਦੇ ਦਾਇਰੇ ਵਿਚ ਰਹਿ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਕਾਨੂੰਨੀ ਅਤੇ ਸਮਾਜਿਕ ਪੱਧਰ ’ਤੇ ਲੜਾਈ ਲੜਨਗੇ।

ਇਹ ਵੀ ਪੜ੍ਹੋ: ਕਾਂਗਰਸ ਹਾਈਕਮਾਨ ਦੇ ਨਵੇਂ ਨਿਯਮਾਂ ਨੇ ਫਿਕਰਾਂ 'ਚ ਪਾਏ ਦਾਗੀ ਵਿਧਾਇਕ

ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੋਰਚੇ ਦੇ ਅੰਤ੍ਰਿੰਗ ਕਮੇਟੀ ਮੈਂਬਰਾਂ ਨੇ ਜਥੇਬੰਦੀ ਦੀ ਲੋੜ, ਜਥੇਬੰਦੀ ਦਾ ਕਾਰਜ ਖੇਤਰ, ਜੇਲ੍ਹਾਂ ਵਿਚ ਬੰਦ ਬੰਦੀ ਸਿੰਘਾਂ ਦੀ ਜਾਣਕਾਰੀ ਸਬੰਧੀ ਸਵਾਲਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਨਾਲ ਹੀ ਕੇਂਦਰ ਸਰਕਾਰ ਵੱਲੋਂ 2019 ਵਿਚ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 8 ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕਰਨ ਦੇ ਬਾਵਜੂਦ ਦਿੱਲੀ ਸਰਕਾਰ ਵੱਲੋਂ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਅਤੇ ਕਰਨਾਟਕ ਸਰਕਾਰ ਵੱਲੋਂ ਭਾਈ ਗੁਰਦੀਪ ਸਿੰਘ ਖਹਿਰਾ ਦੀ ਰਿਹਾਈ ਵਿਚ ਵਰਤੀ ਜਾ ਰਹੀ ਢਿੱਲ ਦੀ ਵੀ ਨੁਕਤਾਚੀਨੀ ਕੀਤੀ। ਇਸ ਤੋਂ ਇਲਾਵਾ ਆਗੂਆਂ ਵੱਲੋਂ ਬੀਤੇ ਦਿਨੀਂ ਤਿਹਾੜ ਜੇਲ੍ਹ ਵਿਚ ਕਥਿਤ ਤੌਰ ’ਤੇ ਕਤਲ ਹੋਏ 2 ਸਿੱਖ ਕੈਦੀਆਂ ਦੇ ਮਾਮਲੇ ਵਿਚ ਜੇਲ੍ਹ ਪ੍ਰਸ਼ਾਸਨ ਦੀ ਭੂਮਿਕਾ ਬਾਰੇ ਸਵਾਲ ਚੁੱਕੇ ਗਏ।

ਇਹ ਵੀ ਪੜ੍ਹੋ: ਰੰਧਾਵਾ ਦਾ ਕੇਜਰੀਵਾਲ ’ਤੇ ਵੱਡਾ ਹਮਲਾ, ਕਿਹਾ-ਤੁਸੀਂ ਕਦੋਂ ਤੋਂ ਡਰੱਗ ਦੇ ਦੋਸ਼ੀ ਨੂੰ ‘ਜੀ-ਜੀ’ ਕਹਿਣਾ ਸ਼ੁਰੂ ਕੀਤੈ

ਆਗੂਆਂ ਨੇ ਭਾਈ ਭੁੱਲਰ ਅਤੇ ਭਾਈ ਖਹਿਰਾ ਦੀ ਰਿਹਾਈ ਵਿਚ ਅੜਿੱਕਾ ਦੂਰ ਕਰਨ ਲਈ ਮੋਰਚੇ ਵੱਲੋਂ ਦਿੱਲੀ ਅਤੇ ਕਰਨਾਟਕ ਸਰਕਾਰਾਂ ਨੂੰ ਲਿਖੇ ਗਏ ਬੇਨਤੀ ਪੱਤਰਾਂ ਦਾ ਹਵਾਲਾ ਦਿੰਦੇ ਹੋਏ ਦੋਵਾਂ ਸਿੰਘਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ। ਆਗੂਆਂ ਨੇ ਦਾਅਵਾ ਕੀਤਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਅੜਿੱਕਿਆਂ ਨੂੰ ਸੁਹਿਰਦਤਾ ਨਾਲ ਹਲ ਕਰਨ ਲਈ ਮੋਰਚੇ ਆਗੂਆਂ ਵੱਲੋਂ ਹਮਖਿਆਲੀ ਜਥੇਬੰਦੀਆਂ, ਸਿੰਘ ਸਭਾਵਾਂ, ਸੇਵਕ ਜਥਿਆਂ ਅਤੇ ਸਿਆਸੀ ਪਾਰਟੀਆਂ ਨਾਲ ਰਾਬਤਾ ਕਾਇਮ ਕਰਕੇ ਸਮਾਜ ਵਿਚ ਹਾਂ-ਪੱਖੀ ਮਾਹੌਲ ਸਿਰਜਣ ਦੀ ਪਹਿਲਕਦਮੀ ਕੀਤੀ ਜਾਵੇਗੀ। ਆਗੂਆਂ ਨੇ ਸਾਫ਼ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਕਿਸੇ ਵੀ ਸਿਆਸੀ ਅਤੇ ਸਮਾਜਿਕ ਧਿਰ ਨੂੰ ਮਿਲਣ ਲਈ ਬਿਨਾਂ ਸੰਕੋਚ ਤਿਆਰ ਹਾਂ। ਇਸ ਮੌਕੇ ਸਮਾਜਿਕ ਕਾਰਕੁੰਨ ਤੇ ਅੰਤ੍ਰਿੰਗ ਕਮੇਟੀ ਮੈਂਬਰ ਚਮਨ ਸਿੰਘ, ਅਵਤਾਰ ਸਿੰਘ ਕਾਲਕਾ, ਡਾਕਟਰ ਪਰਮਿੰਦਰ ਪਾਲ ਸਿੰਘ ਤੇ ਦਲਜੀਤ ਸਿੰਘ ਨੇ ਆਪਣੇ ਵਿਚਾਰ ਰੱਖੇ। ਬੀਬੀ ਮਨਪ੍ਰੀਤ ਕੌਰ, ਹਰਜੀਤ ਸਿੰਘ ਟੈਕਨੋ, ਜੋਰਾਵਰ ਸਿੰਘ, ਗੁਰਪਾਲ ਸਿੰਘ ਆਦਿ ਇਸ ਮੌਕੇ ਮੌਜੂਦ ਸਨ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਕਪੂਰਥਲਾ ਦੇ ਨਿਜ਼ਾਮਪੁਰ ਦੀ ਘਟਨਾ ਦੇ ਮਾਮਲੇ ’ਚ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਗ੍ਰਿਫ਼ਤਾਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News