ਮਜੀਠੀਆ ਦੇ ਬਿਆਨ ਤੋਂ ਦੁਖ਼ੀ ਬਲਵਿੰਦਰ ਭੂੰਦੜ ਦਾ ਵੱਡਾ ਬਿਆਨ, ਜਾਣੋ ਕੀ ਕਿਹਾ
Sunday, Mar 09, 2025 - 12:52 PM (IST)

ਚੰਡੀਗੜ੍ਹ (ਅੰਕੁਰ) : ਬਿਕਰਮ ਸਿੰਘ ਮਜੀਠੀਆ ਅਤੇ ਉਨਾਂ ਦੇ ਨਾਲ ਹੋਰ ਅਕਾਲੀ ਆਗੂਆਂ ਵਲੋਂ ਜਾਰੀ ਬਿਆਨ ਨੇ ਮੇਰੇ ਵਰਗੇ ਪਾਰਟੀ ਅੰਦਰ ਸਭ ਤੋਂ ਬਜ਼ੁਰਗ ਤੇ ਸੀਨੀਅਰ ਆਗੂ ਨੂੰ ਭਾਰੀ ਠੇਸ ਪਹੁੰਚਾਈ ਹੈ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਲਿਖਤੀ ਬਿਆਨ ਜਾਰੀ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੇ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫ਼ੈਸਲੇ ’ਤੇ ਸਵਾਲ ਚੁੱਕ ਕੇ ਗਲਤ ਕੀਤਾ ਹੈ, ਜਿਸ ਦੇ ਪਹਿਲੇ ਪ੍ਰਧਾਨ ਉਸ ਦੇ ਪੜਦਾਦਾ ਜੀ ਸਤਿਕਾਰਯੋਗ ਸ. ਸੁੰਦਰ ਸਿੰਘ ਮਜੀਠੀਆ ਬਣੇ ਸਨ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਵਲੋਂ ਜੱਥੇਦਾਰ ਸਾਹਿਬਾਨ ਨੂੰ ਲੈ ਕੇ ਲਿਆ ਫ਼ੈਸਲਾ ਲੰਬੇ ਵਿਚਾਰ-ਵਟਾਂਦਰੇ ਤੋਂ ਬਾਅਦ ਹੀ ਲਿਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮੀਂਹ ਪੈਣ ਨੂੰ ਲੈ ਕੇ ਨਵਾਂ ਅਲਰਟ ਜਾਰੀ, ਪੜ੍ਹੋ ਮੌਸਮ ਵਿਭਾਗ ਦੀ ਪੂਰੀ ਭਵਿੱਖਬਾਣੀ
ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਤੋਂ ਸਿੱਖ ਸਿਆਸਤ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਸ ਭੰਬਲਭੂਸੇ ਵਿਚੋਂ ਲੰਘਣਾ ਪੈ ਰਿਹਾ, ਉਸ ਲਈ ਕੌਣ-ਕੌਣ ਜ਼ਿੰਮੇਵਾਰ ਹੈ, ਉਸ ਬਾਰੇ ਬਿਕਰਮ ਸਿੰਘ ਮਜੀਠੀਆ ਚੰਗੀ ਤਰ੍ਹਾਂ ਜਾਣਦੇ ਹਨ। ਬਿਕਰਮ ਨੂੰ ਬੀਬਾ ਹਰਸਿਮਰਤ ਕੌਰ ਬਾਦਲ ਨੇ ਬਚਪਨ ਤੋਂ ਪਾਲਿਆ ਤੇ ਬਾਦਲ ਪਰਿਵਾਰ ਦਾ ਹਿੱਸਾ ਹੋਣ ਕਰ ਕੇ ਵੱਡੇ ਮਾਣ ਦਿਵਾਏ। ਸੁਖਬੀਰ ਸਿੰਘ ਬਾਦਲ ਨੇ ਮਜੀਠੀਆ ਦੀ ਔਖੇ ਸਮੇਂ ਡੱਟ ਕੇ ਪਿੱਠ ਥਾਪੜੀ ਪਰ ਅੱਜ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ’ਤੇ ਆਏ ਔਖੇ ਸਮੇਂ ’ਚ ਮਜੀਠੀਆ ਨੇ ਉਨ੍ਹਾਂ ਨਾਲ ਡੱਟ ਕੇ ਖੜ੍ਹਨ ਦੀ ਬਜਾਏ ਸੁਖਬੀਰ ਦੀ ਪਿੱਠ ਵਿਚ ਛੁਰਾ ਮਾਰਿਆ ਹੈ।
ਇਹ ਵੀ ਪੜ੍ਹੋ : ਸੁਨੰਦਾ ਸ਼ਰਮਾ ਦੇ ਮਾਮਲੇ 'ਚ ਮਹਿਲਾ ਕਮਿਸ਼ਨ ਦੀ ਵੱਡੀ ਕਾਰਵਾਈ, CM ਮਾਨ ਨੂੰ ਕੀਤੀ ਸੀ ਅਪੀਲ
ਮਜੀਠੀਆ ਨੇ ਦਿੱਤੀ ਸੀ ਪ੍ਰਕਿਰਿਆ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਹੁਦੇ ਤੋਂ ਹਟਾਉਣ ਮਗਰੋਂ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਸੀ। ਮਜੀਠੀਆ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੇ ਫ਼ੈਸਲੇ ’ਤੇ ਅਸਹਿਮਤੀ ਜਤਾਈ ਸੀ। ਉਨ੍ਹਾਂ ਕਿਹਾ ਕਿ ਜੱਥੇਦਾਰ ਸਾਹਿਬ ਨੂੰ ਜਿਸ ਤਰੀਕੇ ਨਾਲ ਹਟਾਇਆ ਗਿਆ, ਉਸ ਨਾਲ ਸਿੱਖ ਸੰਗਤ ਦੇ ਮਨਾਂ ਨੂੰ ਡੂੰਘੀ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬ ਦੀ ਮਾਣ-ਮਰਿਆਦਾ ਦਾ ਅਸੀਂ ਬਹੁਤ ਸਤਿਕਾਰ ਕਰਦੇ ਹਾਂ ਤੇ ਆਖ਼ਰੀ ਸਾਹ ਤੱਕ ਕਰਦੇ ਰਹਾਂਗੇ। ਤਖ਼ਤ ਸਾਹਿਬ ਦੀ ਮਾਣ-ਮਰਿਆਦਾ ਕਿਸੇ ਵਿਅਕਤੀ ਵਿਸ਼ੇਸ਼ ਤੱਕ ਸੀਮਤ ਨਹੀਂ ਹੈ ਅਤੇ ਜੋ ਵੀ ਜੱਥੇਦਾਰ ਸਾਹਿਬਾਨ ਇਸ ਤਖ਼ਤ ’ਤੇ ਬਿਰਾਜਮਾਨ ਹਨ, ਉਨ੍ਹਾਂ ਦਾ ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਨੈਤਿਕ ਫਰਜ਼ ਬਣਦਾ ਹੈ, ਜੋ ਸਦਾ ਕਰਦੇ ਰਹਾਂਗੇ। ਪਿਛਲੇ ਦਿਨਾਂ ਦੇ ਘਟਨਾਕ੍ਰਮ ਕਰ ਕੇ ਜੋ ਬੀਤੇ ਦਿਨੀਂ ਫੈਸਲਾ ਅੰਤਰਿੰਗ ਕਮੇਟੀ ਨੇ ਸੁਣਾਇਆ ਹੈ, ਉਸ ਨਾਲ ਸਿੱਖ ਸੰਗਤ ਤੇ ਸਾਡੇ ਮਨਾਂ ਨੂੰ ਡੂੰਘੀ ਠੇਸ ਪਹੁੰਚੀ ਹੈ। ਗੁਰੂ ਸਾਹਿਬ ਨੇ ਸੰਗਤ ਨੂੰ ਵੀ ਗੁਰੂ ਦਾ ਰੁਤਬਾ ਦਿੱਤਾ ਹੈ ਤੇ ਉਸ ਸੰਗਤ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਅਸੀਂ ਇਸ ਫ਼ੈਸਲੇ ਨਾਲ ਸਹਿਮਤ ਨਹੀਂ ਹਾਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8