ਅਕਾਲੀ ਦਲ ਭੂੰਦੜ ਨੂੰ ਦੇ ਸਕਦਾ ਹੈ ਵੱਡੀ ਜ਼ਿੰਮੇਵਾਰੀ

Wednesday, Dec 26, 2018 - 08:29 AM (IST)

ਅਕਾਲੀ ਦਲ ਭੂੰਦੜ ਨੂੰ ਦੇ ਸਕਦਾ ਹੈ ਵੱਡੀ ਜ਼ਿੰਮੇਵਾਰੀ

ਲੁਧਿਆਣਾ, (ਮੁੱਲਾਂਪੁਰੀ)- ਪੰਜਾਬ ’ਚ ਖਾਸ ਕਰ ਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਿਆਂ ’ਚ ਇਹ ਖਬਰ ਖੂਬ ਉਠੀ ਹੋਈ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ’ਚ ਸਭ ਤੋਂ ਪੁਰਾਣੇ ਆਗੂ ਬਲਵਿੰਦਰ ਸਿੰਘ ਭੂੰਦੜ ਮੈਂਬਰ ਰਾਜ ਸਭਾ ਨੂੰ ਪਾਰਟੀ ਦਾ ਐਕਟਿੰਗ ਪ੍ਰਧਾਨ ਬਣਾ ਕੇ ਸਾਰੀਆਂ ਜ਼ਿੰਮੇਵਾਰੀਆਂ ਆਉਣ ਵਾਲੇ ਨਵੇਂ ਸਾਲ ’ਚ ਦੇਣ ਜਾ ਰਹੇ ਹਨ ਤਾਂ ਜੋ ਸ਼੍ਰੋਮਣੀ ਅਕਾਲੀ ਦਲ ’ਚ ਵਧਿਆ ਗੁੱਸਾ ਸ਼ਾਂਤ ਹੋ ਸਕੇ ਤੇ ਲੋਕ ਸਭਾ ਚੋਣਾਂ ਤੱਕ ਅਕਾਲੀ ਦਲ ਰਾਜਸੀ ਤੌਰ ’ਤੇ ਠੀਕ ਠਾਕ ਹੋ ਕੇ ਚੋਣ ਲੜ ਸਕੇ ਤੇ 6 ਸੀਟਾਂ ’ਤੇ ਜਿੱਤ ਹਾਸਲ ਕਰ ਸਕੇ।

ਇਹ ਖਬਰ ਇਸ ਲਈ ਵੀ ਸੱਚੀ ਲੱਗਦੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੋਕਾਂ, ਵਿਰੋਧੀਆਂ ਦੀ ਹੀ ਹਰ ਕਾਰਵਾਈ ਨੂੰ ਦੂਰ ਕਰਨ ਕਰ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ  ਪੇਸ਼ ਹੋਏ ਤੇ ਮੁਆਫੀ ਮੰਗ ਕੇ ਬਰਤਨ, ਜੋਡ਼ੇ ਸਾਫ ਕਰ ਚੁੱਕੇ ਹਨ। ਹੁਣ ਤਾਂ ਸਿਰਫ ਪਾਰਟੀ ਤੋਂ ਲਾਂਭੇ ਹੋਣ ਦੀ ਗੱਲ ਰਹਿੰਦੀ ਹੈ। ਉਹ ਭੂੰਦੜ  ਨੂੰ ਐਕਟਿੰਗ ਪ੍ਰਧਾਨ ਬਣਾ ਕੇ ਸਹੀ ਕਰ ਦੇਣਗੇ। ਇਸ ਚਰਚਾ ਬਾਰੇ ਜਦੋਂ ਸਕੱਤਰ ਡਾ. ਦਲਜੀਤ ਸਿੰਘ ਚੀਮਾ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਵਿਰੋਧੀ ਇਸ ਤਰ੍ਹਾਂ ਦੀਆਂ ਗੱਲਾਂ ਉਡਾ ਦਿੰਦੇ ਹਨ। ਬਾਕੀ ਜੋ ਗੱਲ ਰਾਜਸੀ ਗਲਿਆਰੇ ’ਚ ਉਡੀ ਹੈ, ਉਸ ’ਚ ਕੁਝ ਤਾਂ ਸੱਚਾਈ ਹੋਵੇਗੀ ਕਿਉਂਕਿ ਸ੍ਰੀ ਦਰਬਾਰ ਸਾਹਿਬ ਵਿਖੇ ਮੁਆਫੀ ਮੰਗਣ ਦੀ ਖਬਰ ਨੂੰ ਸਭ ਤੋਂ ਪਹਿਲਾਂ ਮੀਡੀਆ ਨੇ ਜਗ ਜ਼ਾਹਿਰ ਕੀਤਾ ਸੀ, ਜਦੋਂ ਕਿ ਅਕਾਲੀ ਦਲ ਨੇ ਇਸ ਨੂੰ ਗੁਪਤ ਏਜੰਡੇ ’ਚ ਰੱਖਿਆ ਸੀ। ਇਸ ਮਾਮਲੇ ’ਤੇ ਸ਼੍ਰੋਮਣੀ ਅਕਾਲੀ ਦਲ ’ਚ ਬੈਠੇ ਇਕ ਆਗੂ ਤੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਦਾ ਰੋਹ ਠੰਡਾ ਕਰਨ ਲਈ ਕੁਝ ਤਾਂ ਕਰਨਾ ਹੀ ਪਊ। 


Related News