ਰਾਜੋਆਣਾ ਨੂੰ ਚੰਡੀਗੜ੍ਹ ਕੀਤਾ ਜਾਵੇ ਸ਼ਿਫਟ : ਪੰਚਾਨੰਦ ਗਿਰੀ
Saturday, Oct 19, 2019 - 03:12 PM (IST)
ਪਟਿਆਲਾ (ਰਾਜੇਸ਼) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਨਾਂ 'ਤੇ ਮੋਦੀ ਸਰਕਾਰ ਮਨੁੱਖੀ ਸੰਵੇਦਨਾਵਾਂ ਦੇ ਆਧਾਰ 'ਤੇ ਖੂੰਖਾਰ ਅੱਤਵਾਦੀ ਬਲਵੰਤ ਸਿੰਘ ਰਾਜੋਆਣਾ (ਜੋ ਕਿ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦਾ ਕਾਤਲ ਹੈ) ਨੂੰ ਅਮਿਤ ਸ਼ਾਹ ਨੇ ਰਿਹਾਅ ਨਾ ਕਰਨ ਸਬੰਧੀ ਜੋ ਬਿਆਨ ਦਿੱਤਾ ਹੈ, ਦਾ ਹਿੰਦੂ ਸੁਰੱਖਿਆ ਸਮਿਤੀ ਦੇ ਰਾਸ਼ਟਰੀ ਪ੍ਰਧਾਨ ਅਤੇ ਸ਼੍ਰੀ ਹਿੰਦੂ ਤਖ਼ਤ ਦੇ ਧਰਮਾਧੀਸ਼ ਜਗਦਗੁਰੂ ਪੰਚਾਨੰਦ ਗਿਰੀ ਮਹਾਰਾਜ ਨੇ ਸਵਾਗਤ ਕੀਤਾ ਹੈ। ਇਹ ਵੀ ਕਿਹਾ ਕਿ ਇਹ ਚੰਡੀਗੜ੍ਹ ਦਾ ਮੁਲਜ਼ਮ ਹੈ। ਇਸ ਲਈ ਇਸ ਨੂੰ ਤੁਰੰਤ ਪਟਿਆਲਾ ਦੀ ਕੇਂਦਰੀ ਜੇਲ 'ਚੋਂ ਚੰਡੀਗੜ੍ਹ ਸ਼ਿਫਟ ਕੀਤਾ ਜਾਵੇ।
ਪੰਚਾਨੰਦ ਗਿਰੀ ਮਹਾਰਾਜ ਨੇ ਕਿਹਾ ਕਿ ਸਜ਼ਾ ਭੁਗਤ ਚੁੱਕੇ ਖਾਲਿਸਤਾਨੀ ਅੱਤਵਾਦੀਆਂ ਨੂੰ ਰਿਹਾਅ ਕਰਨਾ ਗਲਤ ਹੈ। ਇਹ ਖਾਲਿਸਤਾਨੀ ਅੱਤਵਾਦੀਆਂ ਦੇ ਹੌਂਸਲੇ ਬੁਲੰਦ ਕਰਨਗੇ। ਜੇਲ 'ਚੋਂ ਛੁੱਟ ਕੇ ਫਿਰ ਅੱਤਵਾਦ ਫੈਲਾਉਣਗੇ। ਇਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਤਵਾਦ ਖਿਲਾਫ ਜ਼ੀਰੋ ਟਾਲਰੈਂਸ ਦੀ ਗੱਲ ਕਰਦੇ ਹਨ, ਦੂਜੇ ਪਾਸੇ ਕੁਝ ਵੋਟਾਂ ਦੀ ਖਾਤਰ ਅਤੇ ਦੇਸ਼ ਨੂੰ ਤੋੜਨ ਦਾ ਸੁਪਨਾ ਦੇਖਣ ਵਾਲਿਆਂ ਨੂੰ ਰਿਝਾਉਣ ਲਈ ਅੱਤਵਾਦੀਆਂ ਨੂੰ ਛੱਡਣ ਦਾ ਤੁਗਲਕੀ ਫਰਮਾਨ ਸੁਣਾ ਰਹੇ ਹਨ। ਪੰਜਾਬ 'ਚ ਪਾਕਿਸਤਾਨ ਖਾਲਿਸਤਾਨੀ ਅੱਤਵਾਦੀਆਂ ਦੇ ਸਲੀਪਰ ਸੈੱਲ ਰਾਹੀਂ ਪੰਜਾਬ 'ਚ ਨਾਜਾਇਜ਼ ਹਥਿਆਰਾਂ ਦਾ ਜ਼ਖੀਰਾ ਅਤੇ ਬੰਬ ਸਟੋਰ ਕਰ ਕੇ ਅੱਤਵਾਦ ਨੂੰ ਉਤਸ਼ਾਹ ਦੇ ਕੇ ਰੈਫਰੰਡਮ-2020 ਦਾ ਸੁਪਨਾ ਦੇਖ ਰਿਹਾ ਹੈ। ਡਰੋਨ ਨਾਲ ਖਾਲਿਸਤਾਨੀ ਅੱਤਵਾਦੀ ਪਾਕਿਸਤਾਨੋਂ ਹਥਿਆਰ ਮੰਗਵਾ ਕੇ ਪੰਜਾਬ ਵਿਚ ਖੂਨੀ ਖੇਡ ਖੇਡਣਾ ਚਾਹੁੰਦੇ ਹਨ। ਕੇਂਦਰ ਸਰਕਾਰ ਉਨ੍ਹਾਂ ਨੂੰ ਖੁੱਲ੍ਹੀ ਛੁੱਟੀ ਦੇ ਰਹੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਮੋਦੀ ਅਤੇ ਅਮਿਤ ਸ਼ਾਹ ਨੂੰ ਭਾਰਤ ਤੋਂ ਕੈਨੇਡਾ, ਅਮਰੀਕਾ, ਯੂਰਪ ਅਤੇ ਇੰਗਲੈਂਡ ਆਦਿ ਦੇਸ਼ਾਂ 'ਚ ਭੱਜ ਚੁੱਕੇ ਅੱਤਵਾਦੀਆਂ ਦੀ 'ਕਾਲੀ ਸੂਚੀ' ਖਤਮ ਕਰਨ ਬਾਰੇ ਫਿਰ ਸੋਚਣਾ ਚਾਹੀਦਾ ਹੈ। ਅਜਿਹਾ ਨਾ ਹੋਵੇ ਕਿ ਕੁਝ ਵੋਟਾਂ ਲਈ ਗ੍ਰਹਿ ਮੰਤਰਾਲਾ 'ਕਾਲੀ ਸੂਚੀ' ਖਤਮ ਕਰ ਦੇਵੇ। ਉਹ ਭਾਰਤ ਆ ਕੇ ਪੰਜਾਬ ਦਾ ਮਾਹੌਲ ਫਿਰ ਵਿਗਾੜਣ ਦੀ ਵਿਉਂਤਬੰਦੀ ਕਰਨ ਲੱਗ ਜਾਣ। ਪੰਚਾਨੰਦ ਗਿਰ ਨੇ ਪੰਜਾਬ ਸਰਕਾਰ ਨੂੰ ਵੀ ਕਿਹਾ ਕਿ ਕਰਤਾਰਪੁਰ ਕਾਰੀਡੋਰ ਰਾਹੀਂ ਪਕਿਸਤਾਨ ਪੰਜਾਬ 'ਚ ਅੱਤਵਾਦੀਆਂ ਨੂੰ ਭੇਜੇਗਾ। ਅੱਤਵਾਦ ਦਾ ਰਸਤਾ ਖੁੱਲ੍ਹੇਗਾ। ਇਸ ਲਈ ਪੰਜਾਬ ਸਰਕਾਰ ਨੂੰ ਕਾਰੀਡੋਰ ਖੋਲ੍ਹਣ ਬਾਰੇ ਫਿਰ ਵਿਚਾਰ ਕਰਨਾ ਚਾਹੀਦਾ ਹੈ। ਧਰਮ ਨਾਲੋਂ ਰਾਸ਼ਟਰ ਧਰਮ ਵੱਡਾ ਹੈ। ਜੇਕਰ ਦੇਸ਼ ਹੈ ਤਾਂ ਹੀ ਧਰਮ ਹੈ। ਦੇਸ਼ ਦੀ ਸੁਰੱਖਿਆ ਸਭ ਤੋਂ ਉੱਪਰ ਹੋਣੀ ਚਾਹੀਦੀ ਹੈ।