ਅਹਿਮ ਖ਼ਬਰ : ਰਾਜੋਆਣਾ ਦੀ ਭੈਣ ਕਮਲਦੀਪ ਕੌਰ ਵੱਲੋਂ ਸੰਗਰੂਰ ਜ਼ਿਮਨੀ ਚੋਣ ਲੜਨ ਦਾ ਐਲਾਨ

06/04/2022 6:09:19 PM

ਪਟਿਆਲਾ (ਬਲਜਿੰਦਰ, ਕੰਬੋਜ) : ਕਾਫੀ ਜ਼ਿਆਦਾ ਕਸਮਕਸ਼ ਤੋਂ ਬਾਅਦ ਕੇਂਦਰੀ ਜੇਲ੍ਹ ਪਟਿਆਲਾ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੋਰ ਨੇ ਰਾਜੋਆਣਾ ਨਾਲ ਮੁਲਾਕਾਤ ਤੋਂ ਬਾਅਦ ਸੰਗਰੂਰ ਤੋਂ ਲੋਕ ਸਭਾ ਜ਼ਿਮਨੀ ਚੋਣ ਲੜਨ ਨੂੰ ਸਹਿਮਤੀ ਦੇ ਦਿੱਤੀ ਹੈ। ਉਨ੍ਹਾਂ ਇਹ ਐਲਾਨ ਅੱਜ ਬਾਅਦ ਦੁਪਹਿਰ ਕੇਂਦਰੀ ਜੇਲ੍ਹ ਪਟਿਆਲਾ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਬਾਅਦ ਕੀਤਾ ਪਰ ਉਨ੍ਹਾਂ ਕਿਹਾ ਕਿ ਉਹ ਚੋਣ ਤਾਂ ਹੀ ਲੜਨਗੇ ਜੇਕਰ ਅਕਾਲੀ ਦਲ ਉਨ੍ਹਾਂ ਨੂੰ ਟਿਕਟ ਦੇੇਵੇਗਾ। ਆਜ਼ਾਦ ਤੌਰ ’ਤੇ ਚੋਣ ਲੜਨ ਦਾ ਉਨ੍ਹਾਂ ਦਾ ਕੋਈ ਮਨ ਨਹੀਂ ਹੈ।   ਇਸ ਤੋਂ ਪਹਿਲਾਂ ਸਵੇਰੇ ਅਕਾਲੀ ਦਲ ਦਾ ਇਕ ਉੱਚ ਪੱਧਰੀ ਵਫਦ ਜਿਸ ਵਿਚ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਵਿਰਸਾ ਸਿੰਘ ਵਲਟੋਹਾ, ਸ਼ਰਨਜੀਤ ਸਿੰਘ ਢਿੱਲੋਂ, ਇਕਬਾਲ ਸਿੰਘ ਝੂੰਦਾਂ ਅਤੇ ਹਰੀਸ਼ ਰਾਏ ਟਾਂਡਾ ਸ਼ਾਮਲ ਸਨ, ਵੱਲੋਂ ਕਮਲਦੀਪ ਕੌਰ ਨੂੰ ਉਨ੍ਹਾਂ ਦੇ ਘਰ ਲੁਧਿਆਣਾ ਜਾ ਕੇ ਸੰਗਰੂਰ ਲੋਕ ਸਭਾ ਤੋਂ ਜ਼ਿਮਨੀ ਚੋਣ ਲੜਨ ਦੀ ਅਪੀਲ ਕੀਤੀ ਗਈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ, ਕੀਤੀ ਇਹ ਮੰਗ

 ਉਸ ਤੋਂ ਬਾਅਦ ਅੱਜ ਬਾਅਦ ਦੁਪਹਿਰ ਕਮਲਦੀਪ ਕੌਰ ਕੇਂਦਰੀ ਜੇਲ੍ਹ ਪਟਿਆਲਾ ਵਿਚ ਬਲਵੰਤ ਸਿੰਘ ਰਾਜੋਆਣਾ ਨੂੰ ਮਿਲਣ ਲਈ ਪਹੰੁਚੀ ਅਤੇ ਕਾਫੀ ਦੇਰ ਜੇਲ੍ਹ ਵਿਚ ਮੁਲਾਕਾਤ ਤੋਂ ਬਾਅਦ ਉਨ੍ਹਾਂ ਨੇ ਬਾਹਰ ਆ ਕੇ ਸੰਗਰੂਰ ਤੋਂ ਲੋਕ ਸਭਾ ਦੀ ਜ਼ਿਮਨੀ ਚੋਣ ਲੜਨ ਨੂੰ ਸਹਿਮਤੀ ਦਿੱਤੀ ਹੈ। ਕਮਲਦੀਪ ਕੌਰ ਰਾਜੋਆਣਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਬੰਦੀ ਸਿੰਘਾਂ ਦੇ ਪਰਿਵਾਰ ਅਤੇ ਸੰਤ ਸਮਾਜ ਨੇ ਵੀ ਉਨ੍ਹਾਂ ਨੂੰ ਚੋਣ ਲੜਨ ਲਈ ਕਿਹਾ ਸੀ ਅਤੇ ਅੱਜ ਸਵੇਰੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਉਨ੍ਹਾਂ ਦੇ ਘਰ ਪਹੁੰਚੀ ਸੀ ਅਤੇ ਪਰ ਉਹ ਹਰ ਫੈਸਲਾ ਆਪਣੇ ਭਰਾ ਬਲਵੰਤ ਸਿੰਘ ਰਾਜੋਆਣਾ ਦੇ ਮੁਤਾਬਕ ਹੀ ਕਰਦੇ ਹਨ, ਇਸ ਲਈ ਉਨ੍ਹਾਂ ਬਲਵੰਤ ਸਿੰਘ ਰਾਜੋਆਣਾ ਨੂੰ ਸਾਰੀ ਸਥਿਤੀ ਦੱਸੀ, ਸਾਰੀ ਸਥਿਤੀ ਬਾਰੇ ਜਾਣਕਾਰੀ
ਹਾਸਲ ਕਰਨ ਤੋਂ ਬਾਅਦ ਬਲਵੰਤ ਸਿੰਘ ਰਾਜੋਆਣਾ ਨੇ ਅਕਾਲੀ ਦਲ ਵੱਲੋਂ ਟਿਕਟ ਦਿੱਤੇ ਜਾਣ ਦੀ ਸੂਰਤ ਵਿਚ ਚੋਣ ਲੜਨ ਲਈ ਰਾਜ਼ੀ ਹੋਣ ਦੀ ਗੱਲ ਆਖੀ। ਕਮਲਦੀਪ ਕੌਰ ਰਾਜੋਆਣਾ ਨੇ ਦੱਸਿਆ ਕਿ ਬਲਵੰਤ ਸਿੰਘ ਰਾਜੋਆਣਾ ਵੱਲੋਂ ਇਹ ਵੀ ਕਿਹਾ ਗਿਆ ਕਿ ਜੇਕਰ ਉਨ੍ਹਾਂ ਦੇ ਚੋਣ ਲੜਨ ਨਾਲ ਪੰਥਕ ਏਕਤਾ ਹੰੁਦੀ ਹੈ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਹੋਰ ਬਲ ਮਿਲਦਾ ਹੈ ਤਾਂ ਸਾਨੂੰ ਇਹ ਚੋਣ ਲੜਨ ਵਿਚ ਕੋਈ ਇਤਰਾਜ਼ ਨਹੀਂ ਹੈ।

 

 


Manoj

Content Editor

Related News