ਬਲਟਾਣਾ ਐਨਕਾਊਂਟਰ ਮਾਮਲੇ ’ਚ ਲੋੜੀਂਦਾ ਗੈਂਗਸਟਰ ਹਥਿਆਰਾਂ ਸਣੇ ਚੜ੍ਹਿਆ ਪੁਲਸ ਅੜਿੱਕੇ

Saturday, Feb 18, 2023 - 09:40 PM (IST)

ਬਲਟਾਣਾ ਐਨਕਾਊਂਟਰ ਮਾਮਲੇ ’ਚ ਲੋੜੀਂਦਾ ਗੈਂਗਸਟਰ ਹਥਿਆਰਾਂ ਸਣੇ ਚੜ੍ਹਿਆ ਪੁਲਸ ਅੜਿੱਕੇ

ਮੋਹਾਲੀ (ਪਰਦੀਪ) : ਗੈਂਗਸਟਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਮੋਹਾਲੀ ਪੁਲਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਜ਼ੀਰਕਪੁਰ ਪੁਲਸ ਦੀ ਟੀਮ ਨੇ ਭਗੌੜੇ ਗੈਂਗਸਟਰ ਰੋਹਿਤ ਕੁਮਾਰ ਉਰਫ਼ ਸਿਮਟੂ ਉਰਫ਼ ਮੋਟਾ ਪੁੱਤਰ ਭਾਗ ਸਿੰਘ ਖਰੀਨ ਪੀ. ਐੱਸ. ਪ੍ਰਵਾਣੂ ਤਹਿ. ਕਸੌਲੀ (ਸੋਲਨ) ਨੂੰ 32 ਬੋਰ ਦੇ ਪਿਸਤੌਲ ਅਤੇ 5 ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ।

6 ਅਪਰਾਧਿਕ ਮਾਮਲਿਆਂ ’ਚ ਲੋੜੀਂਦਾ ਸੀ ਮੁਲਜ਼ਮ

ਐੱਸ. ਐੱਸ. ਪੀ ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਇਹ ਮੁਲਜ਼ਮ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ 6 ਅਪਰਾਧਿਕ ਮਾਮਲਿਆਂ ਵਿਚ ਲੋੜੀਂਦਾ ਸੀ। ਉਹ ਬਲਟਾਣਾ ਐਨਕਾਊਂਟਰ ਵਿੱਚ ਸ਼ਾਮਲ ਮੁਲਜ਼ਮਾਂ 'ਚੋਂ ਇਕ ਹੈ, ਜਿਸ ਵਿੱਚ ਦਵਿੰਦਰ ਬੰਬੀਹਾ ਗਿਰੋਹ ਦੇ ਗੈਂਗਸਟਰ ਭੂਪੀ ਰਾਣਾ ਦੇ ਨਿਰਦੇਸ਼ਾਂ ’ਤੇ ਸੱਤ ਵਿਅਕਤੀ ਇਕ ਹੋਟਲ ਦੇ ਮਾਲਕ ਤੋਂ ਜ਼ਬਰੀ ਵਸੂਲੀ ਕਰ ਰਹੇ ਸਨ। ਐੱਸ. ਐੱਸ. ਪੀ. ਨੇ ਦੱਸਿਆ ਕਿ 17. 2. 22 ਨੂੰ ਬਲਟਾਣਾ (ਜ਼ੀਰਕਪੁਰ) ਵਿਖੇ ਪੁਲਸ ਟੀਮ ਨਾਲ ਹੋਏ ਮੁਕਾਬਲੇ ਦੌਰਾਨ ਪੁਲਸ ਪਾਰਟੀ ਵਲੋਂ ਕੀਤੀ ਜਵਾਬੀ ਗੋਲੀਬਾਰੀ ਦੌਰਾਨ ਇਕ ਦੋਸ਼ੀ ਦੀ ਲੱਤ ’ਤੇ ਗੋਲੀ ਲੱਗੀ ਅਤੇ ਇਕ ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਿਆ ਸੀ।

ਇਹ ਵੀ ਪੜ੍ਹੋ : ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਬੰਬੀਹਾ ਗਰੁੱਪ ਦੇ 3 ਸ਼ੂਟਰ ਹਥਿਆਰਾਂ ਸਮੇਤ ਗ੍ਰਿਫ਼ਤਾਰ

ਹੋਟਲ ਰਿਲੈਕਸ ਇਨ ’ਚੋਂ ਤਿੰਨ ਮੁਲਜ਼ਮਾਂ ਰਣਬੀਰ ਸਿੰਘ ਉਰਫ ਰਣੀਆ, ਵਿਸ਼ਾਲ ਉਰਫ਼ ਵਿਕਰਾਂਤ ਅਤੇ ਆਸ਼ੀਸ਼ ਉਰਫ ਅਮਨ ਨੂੰ ਦੋ ਪਿਸਤੌਲਾਂ ਅਤੇ 10 ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਕਿ ਫਿਰੌਤੀ ਰੈਕੇਟ ਘੜਨ ਵਾਲਾ ਅੰਕਿਤ ਰਾਣਾ ਅਤੇ ਰੋਹਿਤ ਮੌਕੇ ਤੋਂ ਫਰਾਰ ਹੋ ਗਏ ਸਨ। ਬਾਅਦ ਵਿਚ ਅੰਕਿਤ ਨੂੰ 13. 12. 22 ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਜ਼ੀਰਕਪੁਰ ਦੀ ਪੁਲਸ ਟੀਮ ਨੇ ਅੱਜ ਇਕ ਇਤਲਾਹ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਰੋਹਿਤ ਉਰਫ ਸਿਮਟੂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਗਲੇਰੀ ਜਾਂਚ ਜਾਰੀ ਹੈ।


author

Mandeep Singh

Content Editor

Related News