ਬਲਰਾਜ ਸਿੰਘ ਦੇ ਕਾਤਲਾਂ ਦੀ ਗ੍ਰਿਫਤਾਰੀ ਲਈ ਧਰਨਾ ਦੂਜੇ ਦਿਨ ਵੀ ਜਾਰੀ

Thursday, Jul 11, 2024 - 06:21 PM (IST)

ਬਲਰਾਜ ਸਿੰਘ ਦੇ ਕਾਤਲਾਂ ਦੀ ਗ੍ਰਿਫਤਾਰੀ ਲਈ ਧਰਨਾ ਦੂਜੇ ਦਿਨ ਵੀ ਜਾਰੀ

ਬੋਹਾ (ਬਾਂਸਲ) : ਪਿੰਡ ਮਲਕੋਂ ਵਿਖੇ ਮੋਟਰ ਦੀ ਪਾਣੀ ਦੀ ਵਾਰੀ ਨੂੰ ਲੈ ਨੌਜਵਾਨ ਬਲਰਾਜ ਸਿੰਘ ਦੇ ਹੋਏ ਕਤਲ ਦੇ ਮਾਮਲੇ ਵਿਚ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਬੋਹਾ ਬੁਢਲਾਡਾ ਮੁੱਖ ਸੜਕ 'ਤੇ ਲਾਇਆ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਨਸ਼ਾ ਰੋਕੂ ਮੁਹਿੰਮ ਜ਼ਿਲ੍ਹਾ ਮਾਨਸਾ ਦੇ ਆਗੂ ਪਰਮਿੰਦਰ ਸਿੰਘ ਨੇ ਕਿਹਾ ਬੋਹਾ ਪੁਲਸ ਬਲਰਾਜ ਸਿੰਘ ਕਤਲ ਕਾਂਡ ਦੇ ਮੁਲਜ਼ਮ ਕਰਮਜੀਤ ਕੌਰ ਨੂੰ ਗ੍ਰਿਫਤਾਰ ਕਰਨ ਦੇ ਮਾਮਲੇ ਵਿਚ ਟਾਲ ਮਟੋਲ ਕਰਕੇ ਧਰਨੇ ‘ਤੇ ਬੈਠੇ ਲੋਕਾਂ ਦੇ ਸਬਰ ਦਾ ਇਮਤਿਹਾਨ ਲੈ ਰਹੀ ਹੈ। ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਨਿਰਮਲ ਸਿੰਘ, ਬੀਕੇਯੂ (ਡਕੌਦਾ) ਦੇ ਬਲਾਕ ਪ੍ਰਧਾਨ ਮਹਿੰਦਰ ਸਿੰਘ, ਦਲ ਖਾਲਸਾ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਜਵਿੰਦਰ ਸਿੰਘ, ਜਥੇਬੰਦੀ ਵਾਰਸ ਪੰਜਾਬ ਦੇ ਆਗੂ ਪ੍ਰਦੀਪ ਸਿੰਘ, ਇੰਦਰਜੀਤ ਸਿੰਘ, ਬੀਕੇਯੂ ਦੇ ਗੁਰਮੇਲ ਸਿੰਘ, ਦੱਲ ਖਾਲਸਾ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਗਦੇਵ ਸਿੰਘ ਅਤੇ ਸੋਨੀ ਸਿੰਘ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਫੇਲ੍ਹ ਸਾਬਤ ਹੋਈ ਹੈ। 

ਇਸ ਸਮੇਂ ਚਲਦੇ ਧਰਨੇ ਵਿਚ ਪੁੱਜ ਕੇ ਬੁਢਲਾਡਾ ਸਬ ਡਿਵੀਜ਼ਨ ਦੇ ਡੀਐੱਸਪੀ ਮਨਜੀਤ ਸਿੰਘ ਔਲਖ ਤੇ ਥਾਣਾ ਬੋਹਾ ਦੇ ਐੱਸ ਐੱਚ ਓ ਭੁਪਿੰਦਰਜੀਤ ਸਿੰਘ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਕਤਲ ਕਾਂਡ ਵਿਚ ਸ਼ਾਮਲ ਦੋ ਮੁੱਖ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਹਨ ਅਤੇ ਤੀਜੇ ਦੀ ਭਾਲ ਵਿਚ ਛਾਪੇਮਾਰੀ ਜਾਰੀ ਹੈ। ਜਿਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਪਰ ਧਰਨਾਕਾਰੀ ਪੁਲਸ ਦੇ ਇਸ ਵਿਸ਼ਵਾਸ ਨਾਲ ਸੰਤੁਸ਼ਟ ਨਾ ਹੋਏ ਅਤੇ ਮੁਲਜ਼ਮ ਕਰਮਜੀਤ ਕੌਰ ਦੀ ਗ੍ਰਿਫਤਾਰੀ ਤੱਕ ਆਪਣਾ ਧਰਨਾ ਜਾਰੀ ਰੱਖਣ ਦੀ ਗੱਲ 'ਤੇ ਅੜੇ ਰਹੇ। ਧਰਨਾਕਾਰੀਆਂ ਨੇ ਇਹ ਐਲਾਨ ਵੀ ਕੀਤਾ ਕਿ ਸੰਘਰਸ਼ ਦੀ ਅਗਲੀ ਰਣਨੀਤੀ ਉਲੀਕ ਕੇ ਇਸ ਨੂੰ ਹੋਰ ਤੇਜ਼ ਕੀਤਾ ਜਾਵੇਗਾ।


author

Gurminder Singh

Content Editor

Related News