ਗੋਲਡੀ ਬਰਾੜ ਨੂੰ ਅੱਤਵਾਦੀ ਐਲਾਨੇ ਜਾਣ ''ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਪਹਿਲਾ ਬਿਆਨ
Tuesday, Jan 02, 2024 - 06:22 AM (IST)

ਮਾਨਸਾ (ਅਮਰਜੀਤ ਚਾਹਲ): ਕੇਂਦਰ ਸਰਕਾਰ ਨੇ ਸੋਮਵਾਰ ਨਵੇਂ ਸਾਲ ਦੇ ਪਹਿਲੇ ਦਿਨ ਗੈਰਕਾਨੂੰਨੀ ਸਰਗਰਮੀਆਂ (ਰੋਕੂ) ਐਕਟ (ਯੂ. ਏ .ਪੀ. ਏ.) ਅਧੀਨ ਗੈਂਗਸਟਰ ਗੋਲਡੀ ਬਰਾੜ ਨੂੰ ਅੱਤਵਾਦੀ ਐਲਾਨਿਅਾ, ਜਿਸ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਮਾਸਟਰਮਾਈਂਡ ਦੱਸਿਆ ਜਾਂਦਾ ਹੈ। ਇਸ ਬਾਰੇ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਆ ਸਕਦੀ ਹੈ ਪੈਟਰੋਲ-ਡੀਜ਼ਲ ਦੀ ਕਿੱਲਤ! ਪੈਟਰੋਲ ਪੰਪਾਂ 'ਤੇ ਲੱਗੀਆਂ ਲੰਮੀਆਂ ਲਾਈਨਾਂ
ਇਸ ਸਬੰਧੀ ਗੱਲਬਾਤ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਇਹ ਇਕ ਚੰਗਾ ਫ਼ੈਸਲਾ ਹੈ, ਪਰ ਮੇਰੀ ਸਰਕਾਰ ਅਪੀਲ ਹੈ ਕਿ ਗੋਲਡੀ ਬਰਾੜ ਨੂੰ ਭਾਰਤ ਲਿਆਉਣ ਦਾ ਵੀ ਇੰਤਜ਼ਾਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਹਿਲਾਂ ਉਸ ਨੂੰ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ ਤੇ ਹੁਣ ਅੱਤਵਾਦੀ ਐਲਾਨਿਆ ਗਿਆ ਹੈ। ਪਰ ਸਿਰਫ਼ ਸਰਟੀਫ਼ਿਕੇਟ ਦੇਣ ਨਾਲ ਮਸਲਾ ਹੱਲ ਨਹੀਂ ਹੋਵੇਗਾ। ਉਹ ਮੂਸੇਵਾਲਾ ਕਤਲਕਾਂਡ ਦਾ ਮੁੱਖ ਮੁਲਜ਼ਮ ਹੈ, ਜੇਕਰ ਉਸ ਦੀ ਭਾਰਤ ਵਾਪਸੀ ਹੁੰਦੀ ਹੈ ਤਾਂ ਕੇਸ ਦਾ ਕੁਝ ਬਣ ਸਕਦਾ ਹੈ। ਇਸ ਲਈ ਮੇਰੀ ਸਰਕਾਰ ਅੱਗੇ ਅਪੀਲ ਹੈ ਕਿ ਉਸ ਨੂੰ ਭਾਰਤ ਲਿਆਉਣ ਬਾਰੇ ਕੋਈ ਇੰਤਜ਼ਾਮ ਕੀਤਾ ਜਾਵੇ।
ਦੱਸ ਦਈਏ ਕਿ ਗ੍ਰਹਿ ਮੰਤਰਾਲਾ ਵੱਲੋਂ ਜਾਰੀ ਨੋਟਿਸ ਵਿਚ ਕਿਹਾ ਗਿਆ ਹੈ ਕਿ ਗੋਲਡੀ ਬਰਾੜ ਪਾਬੰਦੀਸ਼ੁਦਾ ਖਾਲਿਸਤਾਨੀ ਸੰਗਠਨ ਬੱਬਰ ਖ਼ਾਲਸਾ ਇੰਟਰਨੈਸ਼ਨਲ ਨਾਲ ਜੁੜਿਆ ਹੋਇਆ ਹੈ। ਗੋਲਡੀ ਬਰਾੜ ਨੂੰ ਸਰਹੱਦ ਪਾਰ ਸਥਿਤ ਅੱਤਵਾਦੀ ਏਜੰਸੀਆਂ ਦੀ ਹਮਾਇਤ ਹਾਸਲ ਹੈ। ਉਹ ਕਤਲਾਂ ਦੇ ਕਈ ਮਾਮਲਿਆਂ ਵਿਚ ਸ਼ਾਮਲ ਰਿਹਾ ਹੈ। ਬਰਾੜ ਰਾਸ਼ਟਰਵਾਦੀ ਨੇਤਾਵਾਂ ਨੂੰ ਧਮਕੀ ਭਰੀਆਂ ਕਾਲਾਂ ਕਰਨ, ਫਿਰੌਤੀਆਂ ਮੰਗਣ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਕਤਲਾਂ ਦੇ ਦਾਅਵਿਆਂ ਨੂੰ ਪੋਸਟ ਕਰਨ ਵਿਚ ਸ਼ਾਮਲ ਸੀ। ਇਸ ਸਬੰਧੀ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਜਲੰਧਰ ’ਚ DSP ਦੀ ਲਾਸ਼ ਮਿਲਣ ਦੇ ਮਾਮਲੇ 'ਚ ਹੋਇਆ ਵੱਡਾ ਖ਼ੁਲਾਸਾ
ਕੈਨੇਡਾ ਦੇ ਬ੍ਰੈਂਪਟਨ 'ਚ ਰਹਿ ਰਿਹੈ ਗੋਲਡੀ ਬਰਾੜ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁਲਜ਼ਮ ਬਰਾੜ ਕੈਨੇਡਾ ਵਿਚ ਲੁਕਿਆ ਹੋਇਆ ਹੈ। ਬਰਾੜ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਹੈ । ਉਸ ਵਿਰੁੱਧ ਕਤਲ, ਕਤਲ ਦੀ ਕੋਸ਼ਿਸ਼ ਅਤੇ ਹਥਿਆਰਾਂ ਦੀ ਸਮੱਗਲਿੰਗ ਸਮੇਤ ਕਰੀਬ 13 ਕੇਸ ਦਰਜ ਹਨ। ਇੰਟਰਪੋਲ ਨੇ ਉਸ ਵਿਰੁੱਧ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਹੈ। ਉਹ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਦਾ ਨਿਵਾਸੀ ਹੈ ਅਤੇ ਮੌਜੂਦਾ ਸਮੇਂ ’ਚ ਕੈਨੇਡਾ ਦੇ ਬ੍ਰੈਂਪਟਨ ’ਚ ਰਹਿ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8