ਬਲਜੀਤ ਸਿੰਘ ਦਾਦੂਵਾਲ ਦਾ ਧਿਆਨ ਸਿੰਘ ਮੰਡ ''ਤੇ ਵੱਡਾ ਬਿਆਨ

12/11/2018 7:04:30 PM

ਚੰਡੀਗੜ੍ਹ/ਪਟਿਆਲਾ (ਪਰਮੀਤ) : ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਧਿਆਨ ਸਿੰਘ ਮੰਡ ਵਿਚਾਲੇ ਪੈਦਾ ਮਤਭੇਦ ਜਨਤਕ ਹੋ ਗਏ ਹਨ। ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਥਾਪੇ ਗਏ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਪੂਰੀ ਡਿਕਟੇਟਰਸ਼ਿਪ ਨਾਲ ਬਰਗਾੜੀ ਮੋਰਚਾ ਚਲਾਇਆ ਹੈ ਤੇ ਮੋਰਚਾ ਖਤਮ ਕਰਨ ਲੱਗਿਆਂ ਸੰਗਤ ਨੂੰ ਭਰੋਸੇ ਵਿਚ ਵੀ ਨਹੀਂ ਲਿਆ ਗਿਆ। 'ਜਗ ਬਾਣੀ' ਦੇ ਪੱਤਰਕਾਰ ਨਾਲ ਫੋਨ 'ਤੇ ਹੋਈ ਵਿਸ਼ੇਸ਼ ਗੱਲਬਾਤ ਦੌਰਾਨ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਜਥੇਦਾਰ ਮੰਡ ਪੂਰੀ ਡਿਕਟੇਟਰਸ਼ਿਪ ਨਾਲ ਮੋਰਚਾ ਚਲਾ ਰਹੇ ਸਨ। ਇਸ ਮਾਮਲੇ 'ਤੇ ਕਈ ਵਾਰ ਉਨ੍ਹਾਂ ਨਾਲ ਗੱਲਬਾਤ ਹੋਈ ਪਰ ਉਹ ਆਪਣੀ ਗੱਲ 'ਤੇ ਬਜ਼ਿੱਦ ਰਹੇ। ਉਨ੍ਹਾਂ ਕਿਹਾ ਕਿ ਭਾਵੇਂ ਜਥੇਦਾਰ ਮੰਡ ਨੇ ਡਿਕਟੇਟਰਸ਼ਿਪ ਕੀਤੀ ਪਰ ਉਨ੍ਹਾਂ ਨੇ ਮੰਡ ਦਾ ਕਦੇ ਵਿਰੋਧ ਨਹੀਂ ਕੀਤਾ। 

PunjabKesari
ਬਰਗਾੜੀ ਮੋਰਚਾ ਖਤਮ ਕਰਨ 'ਤੇ ਨਾਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਮੋਰਚਾ ਖਤਮ ਕਰਨ ਤੋਂ ਪਹਿਲਾਂ ਸੰਗਤ ਨੂੰ ਭਰੋਸੇ ਵਿਚ ਲੈਣਾ ਬਹੁਤ ਜ਼ਰੂਰੀ ਸੀ ਜੋ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੰਗਤ ਦੀਆਂ ਭਾਵਨਾਵਾਂ ਨੂੰ ਅਣਡਿੱਠ ਕੀਤਾ ਗਿਆ ਜਿਸ ਤੋਂ ਉਹ ਵੀ ਨਾਰਾਜ਼ ਹਨ। ਉਨ੍ਹਾਂ ਕਿਹਾ ਕਿ ਮੋਰਚੇ ਦੀਆਂ ਪ੍ਰਾਪਤੀਆਂ ਬਹੁਤ ਹਨ ਪਰ ਜਥੇਦਾਰ ਮੰਡ ਨੇ ਸਿਆਣਪ ਨਹੀਂ ਵਰਤੀ। ਦਾਦੂਵਾਲ ਨੇ ਕਿਹਾ ਕਿ ਇਹ ਮੋਰਚਾ ਪੰਥ ਦੇ ਸਹਿਯੋਗ ਨਾਲ ਚੱਲਿਆ ਸੀ, ਜੇਕਰ 10-20 ਦਿਨ ਹੋਰ ਚੱਲ ਜਾਂਦਾ ਤਾਂ ਕਿਹੜਾ ਕੁਝ ਹੋ ਜਾਣਾ ਸੀ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਤਾਂ ਅੱਜ ਜਿਹੜੀ ਕੌਮ ਨਾਰਾਜ਼ ਹੈ, ਉਹ ਨਾ ਹੁੰਦੀ। ਉਨ੍ਹਾਂ ਕਿਹਾ ਕਿ ਮੇਰੀਆਂ ਭਾਵਨਾਵਾਂ ਕੌਮ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਹਮੇਸ਼ਾ ਮੋਰਚੇ ਦਾ ਸਮਰਥਨ ਕੀਤਾ ਹੈ ਪਰ ਜਥੇਦਾਰ ਮੰਡ ਨੇ ਆਪਣੇ ਪੱਧਰ 'ਤੇ ਹੀ ਫੈਸਲਾ ਲੈ ਲਿਆ।

PunjabKesari
ਉਨ੍ਹਾਂ ਕਿਹਾ ਕਿ ਇਹ ਪਰਮਾਤਮਾ ਦਾ ਸ਼ੁੱਕਰ ਹੈ ਕਿ ਮੋਰਚੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਪ੍ਰਾਪਤੀ ਤਾਂ ਹੁੰਦੀ ਜੇਕਰ ਬਾਦਲਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਕੌਮ ਨਾਰਾਜ਼ ਨਾ ਹੁੰਦੀ ਅਤੇ ਇਸਦੇ ਨਾਲ ਹੀ ਸੌਦਾ ਸਾਧ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਜਾਂਦਾ। ਉਨ੍ਹਾਂ ਕਿਹਾ ਕਿ ਅਸੀਂ ਕਿਹੜਾ ਸੜਕਾਂ ਜਾਂ ਰੇਲਾਂ ਰੋਕੀਆਂ ਸਨ ਜੋ ਸਾਡਾ ਸੰਘਰਸ਼ ਗਲਤ ਲੀਹੇ ਪੈ ਰਿਹਾ ਸੀ। ਇਕ ਸਵਾਲ ਦੇ ਜਵਾਬ ਵਿਚ ਜਥੇਦਾਰ ਦਾਦੂਵਾਲ ਦਾ ਕਹਿਣਾ ਸੀ ਕਿ ਉਹ ਤਾਂ ਰੋਜ਼ਾਨਾ ਆਧਾਰ 'ਤੇ ਮੋਰਚੇ ਵਿਚ ਆ ਕੇ ਸੰਗਤਾਂ ਦਾ ਧੰਨਵਾਦ ਕਰਕੇ ਚਲੇ ਜਾਂਦੇ ਸਨ। ਜਦੋਂ ਪੁੱਛਿਆ ਗਿਆ ਕਿ ਤੁਸੀਂ ਵੱਖਰੇ ਮੱਥਾ ਟੇਕਣ ਆਏ ਹੋ ਤਾਂ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਉਹ ਆਪਣੇ ਸ਼ੁਭਚਿੰਤਕਾਂ ਤੇ ਸਮਰਥਕਾਂ ਨਾਲ ਗੁਰੂ ਘਰ ਆਏ ਹਨ ਜਦੋਂ ਪੁੱਛਿਆ ਗਿਆ ਕਿ ਜਥੇਦਾਰ ਅਮਰੀਕ ਸਿੰਘ ਅਜਨਾਲਾ ਜਾਂ ਹੋਰ ਕੋਈ ਉਨ੍ਹਾਂ ਦੇ ਨਾਲ ਹੈ ਤਾਂ ਉਨ੍ਹਾਂ ਕਿਹਾ ਕਿ ਮੇਰੀ ਜਥੇਦਾਰ ਅਜਨਾਲਾ ਨਾਲ ਗੱਲਬਾਤ ਨਹੀਂ ਹੋਈ।


Gurminder Singh

Content Editor

Related News