ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ''ਤੇ ਦਾਦੂਵਾਲ ਨੇ ਘੇਰੀ ਕੈਪਟਨ ਸਰਕਾਰ

Saturday, Feb 22, 2020 - 06:53 PM (IST)

ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ''ਤੇ ਦਾਦੂਵਾਲ ਨੇ ਘੇਰੀ ਕੈਪਟਨ ਸਰਕਾਰ

ਬਠਿੰਡਾ (ਵਰਮਾ) : ਸਰਬੱਤ ਖਾਲਸਾ ਵਲੋਂ ਥਾਪੇ ਗਏ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਹੈ ਕਿ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਨੂੰ ਅੰਜਾਮ ਤੱਕ ਪਹੁੰਚਾਉਣ 'ਚ ਬਾਦਲ ਸਰਕਾਰ ਦੀ ਤਰ੍ਹਾਂ ਕੈਪਟਨ ਸਰਕਾਰ ਵੀ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਈ ਵਾਰ ਹੋ ਚੁੱਕੀ ਹੈ ਪਰ ਹੁਣ ਫਿਰ ਸੀ. ਬੀ. ਆਈ. ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ, ਜਿਸ ਨੂੰ ਉਹ ਪੂਰੀ ਤਰ੍ਹਾਂ ਰੱਦ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਪਤਾ ਹੈ ਕਿ ਇਸ ਮਾਮਲੇ 'ਚ ਮੁੱਖ ਸਾਜ਼ਿਸ਼ਕਰਤਾ ਕੌਣ ਹੈ ਪਰ ਇਸ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। 

ਇਸ ਮਾਮਲੇ 'ਚ ਦੋਸ਼ੀਆਂ ਨੂੰ ਸਰਕਾਰ ਨੇ ਸੁਰੱਖਿਆ ਦਿੱਤੀ ਹੋਈ ਹੈ, ਜਦਕਿ ਇਸ ਬੇਹੱਦ ਗੰਭੀਰ ਮਾਮਲੇ ਦੇ ਗਵਾਹਾਂ ਦੀ ਸਰਕਾਰ ਕੋਈ ਸੁਰੱਖਿਆ ਨਹੀਂ ਕਰ ਰਹੀ ਅਤੇ ਉਨ੍ਹਾਂ ਨੂੰ ਭਗਵਾਨ ਦੇ ਭਰੋਸੇ ਛੱਡਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨਾਂ 'ਚ ਵੀ ਇਸ ਮਾਮਲੇ 'ਚ ਇਕ ਗਵਾਹ ਦੀ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਸਰਕਾਰ ਇਸ ਮਾਮਲੇ 'ਚ ਕੋਈ ਕਾਰਵਾਈ ਕਰਨ ਲਈ ਤਿਆਰ ਨਹੀਂ ਹੈ, ਜਿਸ ਨਾਲ ਸਿੱਖ ਕੌਮ 'ਚ ਰੋਸ ਹੈ। ਜਥੇ. ਦਾਦੂਵਾਲ ਨੇ ਕਿਹਾ ਕਿ ਸਰਕਾਰ ਨੂੰ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖ ਕੇ ਇਸ ਮਾਮਲੇ 'ਚ ਜਲਦ ਕਦਮ ਚੁੱਕਣੇ ਚਾਹੀਦੇ ਹਨ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣੀ ਚਾਹੀਦੀ ਹੈ।


author

Gurminder Singh

Content Editor

Related News