ਵਿਜੀਲੈਂਸ ਵੱਲੋਂ ਕਾਰਜ ਸਾਧਕ ਅਫਸਰ ਬਲਜੀਤ ਸਿੰਘ ਬਿਲਗਾ ਤੇ 1 ਹੋਰ ਕਰਮਚਾਰੀ ਰਿਸ਼ਵਤ ਲੈਂਦੇ ਕਾਬੂ
Friday, Jul 09, 2021 - 07:49 PM (IST)
ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ,ਧੀਰ,ਭੂਸ਼ਣ )- ਵਿਜੀਲੈਂਸ ਵਿਭਾਗ ਜਲੰਧਰ ਦੀ ਟੀਮ ਵੱਲੋਂ ਅੱਜ ਸੁਲਤਾਨਪੁਰ ਲੋਧੀ ਨਗਰ ਕੌਸਲ ਦਫਤਰ 'ਚ ਅਚਾਨਕ ਛਾਪਾ ਮਾਰ ਕੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਬਲਜੀਤ ਸਿੰਘ ਬਿਲਗਾ ਤੇ ਇਕ ਹੋਰ ਕਰਮਚਾਰੀ ਅਜੀਤ ਸਿੰਘ ਭੌਰ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕਰਨ ਦੀ ਖ਼ਬਰ ਮਿਲੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੌਂਸਲ ਵਿਖੇ ਇਕ ਔਰਤ ਕਰਮਚਾਰੀ ਆਸ਼ਾ ਰਾਣੀ, ਜੋ ਇਥੇ ਡਿਊਟੀ ਕਰਦੀ ਸੀ ਆਤੇ ਹੁਣ ਰਿਟਾਇਰ ਹੋ ਚੁੱਕੀ ਹੈ। ਉਸ ਦੇ ਬਣਦੇ ਬਕਾਏ ਦੇ ਪੈਸਿਆਂ ਨੂੰ ਲੈ ਕੇ ਨਗਰ ਕੌਂਸਲ ਕਰਮਚਾਰੀਆਂ ਵੱਲੋਂ ਪੈਸਿਆਂ ਦੇ ਲੈਣ-ਦੇਣ ਸਬੰਧੀ ਉਸ ਦੇ ਲੜਕੇ ਵਿਕਰਮਜੀਤ ਸਿੰਘ ਉਰਫ਼ ਵਿੱਕੀ ਨੇ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਇਸ ਸਬੰਧੀ ਉਕਤ ਵਿਅਕਤੀ ਵਲੋਂ ਨਗਰ ਕੌਂਸਲ ਕਰਮਚਾਰੀਆਂ ਨੂੰ ਰਿਸ਼ਵਤ ਦੇ ਤੌਰ ’ਤੇ 28 ਹਜ਼ਾਰ ਰੁਪਏ ਦਿੱਤੇ ਗਏ। ਇਸ ਸਬੰਧੀ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਕਲਰਕ ਅਜੀਤ ਸਿੰਘ ਨੂੰ 8 ਜੁਲਾਈ ਨੂੰ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮੌਕੇ ’ਤੇ ਪਹੁੰਚੀ ਟੀਮ ਵਲੋਂ ਪੈਸਿਆਂ ਸਮੇਤ ਇਨ੍ਹਾਂ ਦੋਹਾਂ ਨੂੰ ਕਾਬੂ ਕੀਤਾ ਗਿਆ ਹੈ। ਵਿਜੀਲੈਂਸ ਅਧਿਕਾਰੀਆਂ ਨੇ ਇਹ ਸਾਰੀ ਕਾਰਵਾਈ ਸਿਰਫ 10 ਮਿੰਟ ਦੇ ਅੰਦਰ-ਅੰਦਰ ਖ਼ਤਮ ਕੀਤੀ ਅਤੇ ਵਾਪਸ ਚਲੇ ਗਏ। ਇਸ ਕਾਰਵਾਈ ਸਮੇਂ ਜਦ ਮੀਡੀਆ ਵਾਲੇ ਪਹੁੰਚੇ ਤਾਂ ਅਧਿਕਾਰੀਆਂ ਨੇ ਕੋਈ ਵੀ ਗੱਲਬਾਤ ਨਹੀਂ ਕੀਤੀ।
ਕੀ ਕਹਿਣਾ ਨਗਰ ਕੌਂਸਲ ਪ੍ਰਧਾਨ ਦਾ
ਇਸ ਛਾਪੇਮਾਰੀ ਸਬੰਧੀ ਨਗਰ ਕੌਂਸਲ ਪ੍ਰਧਾਨ ਦੀਪਕ ਧੀਰ ਰਾਜੂ ਨੇ ਕਿਹਾ ਕਿ ਇਹ ਜੋ ਕਾਰਵਾਈ ਹੋਈ ਹੈ ਉਹ ਮੰਦਭਾਗੀ ਹੈ, ਜੇਕਰ ਕਿਸੇ ਵੀ ਅਧਿਕਾਰੀ ਨੇ ਕਿਸੇ ਵਿਅਕਤੀ ਕੋਲੋਂ ਰਿਸ਼ਵਤ ਮੰਗੀ ਜਾਂ ਲੈਣ ਦੀ ਕੋਸ਼ਿਸ਼ ਕੀਤੀ ਹੈ ਉਹ ਬਹੁਤ ਗਲਤ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਮੁਤਾਬਕ ਕਿਸੇ ਵੀ ਦਫ਼ਤਰ ਜਾਂ ਮਹਿਕਮੇ ’ਚ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਅਜਿਹਾ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਵੀ ਸਰਕਾਰ ਸਖ਼ਤ ਤੋਂ ਸਖ਼ਤ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਹਰੇਕ ਅਧਿਕਾਰੀ ਜਨਤਾ ਦੇ ਪ੍ਰਤੀ ਜੁਆਬਦੇਹ ਹੈ ਤੇ ਲੋਕਾਂ ਨੂੰ ਸਾਫ਼-ਸੁਥਰਾ ਅਤੇ ਭ੍ਰਿਸ਼ਟਾਚਾਰ ਮੁਕਤ ਸ਼ਾਸ਼ਨ ਦੇਣਾ ਪਹਿਲਾ ਫਰਜ਼ ਹੈ ਅਤੇ ਇਸ ਕੰਮ ’ਚ ਕੋਤਾਹੀ ਕਰਨ ਵਾਲੇ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਨੂੰ ਸਜ਼ਾ ਜ਼ਰੂਰ ਮਿਲੇਗੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।