'ਆਪ' ਵਿਧਾਇਕਾ ਬਲਜਿੰਦਰ ਕੌਰ ਦਾ ਮੁੱਖ ਮੰਤਰੀ 'ਤੇ ਵੱਡਾ ਹਮਲਾ

05/22/2020 6:08:46 PM

ਫਤਿਹਗੜ੍ਹ ਸਾਹਿਬ (ਜਗਦੇਵ): ਆਮ ਆਦਮੀ ਪਾਰਟੀ ਦੀ ਵਿਧਾਇਕ ਬਲਜਿੰਦਰ ਕੌਰ ਨੇ ਪੰਜਾਬ ਸਰਕਾਰ 'ਤੇ ਵੱਡਾ ਹਮਲਾ ਬੋਲਦਿਆਂ ਕਿਹਾ ਕਿ ਮਹਿਲਾਂ ਜਾਂ ਘਰਾਂ 'ਚ ਬੈਠ ਕੇ ਸਰਕਾਰਾਂ ਨਹੀਂ ਚਲਾਈਆਂ ਜਾ ਸਕਦੀਆਂ, ਕਿਉਂਕਿ ਸਰਕਾਰਾਂ ਚਲਾਉਣ ਲਈ ਜਨਤਾ 'ਚ ਆਉਣਾ ਪੈਂਦਾ ਹੈ ਅਤੇ ਉਨ੍ਹਾਂ ਦੇ ਦੁੱਖ, ਮੁਸ਼ਕਲਾਂ ਅਤੇ ਪ੍ਰੇਸ਼ਾਨੀਆਂ ਨੂੰ ਸਮਝਣ ਦੀ ਲੋੜ ਹੁੰਦੀ ਹੈ। ਉਨ੍ਹਾਂ ਅਫਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਚਲਾਉਣ ਲਈ ਬਾਕੀ ਸਭ ਪੱਖਾਂ ਨੂੰ ਦਰਕਿਨਾਰ ਕਰਕੇ ਸਿਰਫ ਸ਼ਰਾਬ ਨੂੰ ਰੈਵੇਨਿਊ ਇਕੱਠਾ ਕਰਨ ਲਈ ਜੋੜ ਦੇਣਾ ਸੌੜੀ ਸੋਚ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੈਬਨਿਟ ਮੰਤਰੀ ਮੰਡਲ 'ਚ ਜੋ ਚੰਗਿਆੜੀਆਂ ਉੱਠੀਆਂ ਉਸ ਨੇ ਸ਼ਰਾਬ ਦੇ ਧੰਦੇ 'ਚ ਹਿੱਸੇਦਾਰੀਆਂ ਨੂੰ ਉਜਾਗਰ ਕਰਕੇ ਰੱਖ ਦਿੱਤਾ ਕਿਉਂਕਿ ਲੜਾਈ ਸਾਰੀ ਹਿੱਸੇਦਾਰੀਆਂ ਦੀ ਵੰਡ ਦੀ ਹੈ।

ਉਨ੍ਹਾਂ ਕਿਹਾ ਕਿ ਅੱਜ ਕੈਪਟਨ ਸਰਕਾਰ ਹਰ ਪੱਖੋਂ ਫੇਲ ਹੋ ਕੇ ਰਹਿ ਗਈ ਹੈ। 'ਆਪ' ਵਿਧਾਇਕਾ ਨੇ ਕਿਹਾ ਕਿ ਲਾਕਡਾਊਨ ਅਤੇ ਕਰਫਿਊ ਦੌਰਾਨ ਪੰਜਾਬ 'ਚ ਰਾਸ਼ਨ ਦੀ ਵੰਡ ਨੂੰ ਲੈ ਕੇ ਘਟੀਆ ਕਿਸਮ ਦੀ ਸਿਆਸਤ ਹੋਈ ਹੈ ਕਿਉਂਕਿ ਲੋੜਵੰਦਾਂ ਨੂੰ ਛੱਡ ਕੇ ਸਿਰਫ ਵੋਟ ਨੂੰ ਮੁੱਖ ਰੱਖ ਕੇ ਰਾਸ਼ਨ ਵੰਡਿਆ ਗਿਆ ਹੈ।ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਲਾਕ ਡਾਊਨ ਦੌਰਾਨ ਜਿੱਥੇ ਕੰਮ ਕਾਰ ਠੱਪ ਹੋ ਕੇ ਰਹਿ ਗਏ ਸਨ, ਅਜਿਹੇ ਸਮੇਂ 'ਚ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਕਿਸੇ ਵੀ ਤਰ੍ਹਾਂ ਦੇ ਲੋਨ ਆਦਿ ਦੀਆਂ ਕਿਸ਼ਤਾਂ ਨਹੀਂ ਭਰੀਆਂ ਜਾਣਗੀਆਂ ਜਦਕਿ ਹੋਇਆ ਇਸ ਦੇ ਉਲਟ ਈ.ਐੱਮ.ਆਈ. ਵੀ ਕੱਟੀਆਂ ਜਾਂਦੀਆਂ ਰਹੀਆਂ ਅਤੇ ਲੋਨ ਦੀਆਂ ਕਿਸ਼ਤਾਂ ਵੀ ਆਉਂਦੀਆਂ ਰਹੀਆਂ, ਜਦਕਿ ਗਰੀਬ ਵਰਗ ਲਈ ਜਿਸ ਲਈ ਦੋ ਸਮੇਂ ਦੀ ਰੋਟੀ ਖਾਣਾ ਮੁਨਕਰ ਹੋ ਕੇ ਰਹਿ ਗਿਆ ਸੀ। ਹੁਣ ਉਸ ਨੂੰ ਬਿਜਲੀ ਦੇ ਬਿਲ ਤੱਕ ਭਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਉਸ 'ਚ ਵੀ ਕੋਈ ਛੋਟ ਨਹੀਂ ਦਿੱਤੀ ਗਈ।


Shyna

Content Editor

Related News