ਬਲਜਿੰਦਰ ਕੌਰ 'ਤੇ ਹੋਏ ਹਮਲੇ ਦਾ ਪੂਰਾ ਸੱਚ, ਵੀਡੀਓ ਆਈ ਸਾਹਮਣੇ

05/13/2019 7:03:49 PM

ਬਠਿੰਡਾ (ਅਮਿਤ ਸ਼ਰਮਾ) : ਆਮ ਆਦਮੀ ਪਾਰਟੀ ਦੀ ਵਿਧਾਇਕਾ ਅਤੇ ਬਠਿੰਡਾ ਤੋਂ ਪਾਰਟੀ ਦੀ ਉਮੀਦਵਾਰ ਬਲਜਿੰਦਰ ਕੌਰ 'ਤੇ ਹੋਏ ਕਥਿਤ ਹਮਲੇ ਦੀ ਇਕ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿਚ ਕੁਝ ਨੌਜਵਾਨਾਂ ਦੇ ਵਿਰੋਧ ਦਾ ਸ਼ਿਕਾਰ ਹੋ ਰਹੀ 'ਆਪ' ਵਿਧਾਇਕਾ ਬਲਜਿੰਦਰ ਕੌਰ, ਜਿਸ ਨੇ ਦੋਸ਼ ਲਾਇਆ ਸੀ ਕਿ ਕੁਝ ਨੌਜਵਾਨਾਂ ਨੇ ਉਸ ਦੀ ਗੱਡੀ ਘੇਰ ਕੇ ਉਨ੍ਹਾਂ 'ਤੇ ਹਮਲਾ ਕੀਤਾ ਅਤੇ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ। ਇਸ ਤੋਂ ਬਾਅਦ ਬਲਜਿੰਦਰ ਕੌਰ ਆਪਣੇ ਪਤੀ ਤੇ ਵਰਕਰਾਂ ਸਮੇਤ ਰਾਤ ਨੂੰ ਧਰਨੇ 'ਤੇ ਬੈਠ ਗਈ ਸੀ ਪਰ ਇਸ ਘਟਨਾ ਨਾਲ ਜੁੜੀ ਵੀਡੀਓਜ਼ ਹੁਣ ਸਾਹਮਣੇ ਆ ਰਹੀਆਂ ਹਨ ਅਤੇ ਵੀਡੀਓਜ਼ ਕੁਝ ਹੋਰ ਹੀ ਸੱਚਾਈ ਬਿਆਨ ਕਰ ਰਹੀਆਂ ਹਨ। 
ਵੀਡੀਓ ਵਿਚ ਕੁਝ ਨੌਜਵਾਨ ਬਲਜਿੰਦਰ ਕੌਰ ਦੇ ਸਕਿਓਰਿਟੀ ਗਾਰਡ 'ਤੇ ਥੱਪੜ ਮਾਰਨ ਦਾ ਇਲਜ਼ਾਮ ਲਗਾ ਰਹੇ ਹਨ। ਇਸ ਘਟਨਾ ਦੀ ਇਕ ਸੀ. ਸੀ. ਟੀ. ਵੀ. ਫੁਟੇਜ਼ ਵੀ ਸਾਹਮਣੇ ਆਈ ਹੈ, ਜਿਸ ਵਿਚ ਇਕ ਮੋਟਰਸਾਈਕਲ ਬਲਜਿੰਦਰ ਕੌਰ ਦੇ ਕਾਫਲੇ ਕੋਲ ਰੁਕਦਾ ਦਿਖਾਈ ਦਿੰਦਾ ਹੈ, ਜਿਸ ਤੋਂ ਬਾਅਦ ਉੱਥੇ ਹੰਗਾਮਾ ਹੁੰਦਾ ਹੈ। ਹਾਲਾਂਕਿ ਫੁਟੇਜ ਵਿਚ ਕੁਝ ਵੀ ਸਾਫ ਦਿਖਾਈ ਨਹੀਂ ਦੇ ਰਿਹਾ ਪਰ ਜੋ ਗੱਲਾਂ ਬਲਜਿੰਦਰ ਕੌਰ ਕਹਿ ਰਹੀ ਸੀ, ਉਹੋ ਜਿਹਾ ਕੁਝ ਇਸ ਫੁਟੇਜ ਵਿਚ ਦਿਖਾਈ ਨਹੀਂ ਦੇ ਰਿਹਾ। 
ਉਧਰ ਪੁਲਸ ਨੇ ਇਸ ਮਾਮਲੇ ਵਿਚ ਦੋ ਨੌਜਵਾਨਾਂ 'ਤੇ ਮਾਮਲਾ ਦਰਜ ਕੀਤਾ ਸੀ। ਜਿਨ੍ਹਾਂ ਦੇ ਪਰਿਵਾਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਬੱਚਿਆਂ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ ਪਰ ਉਨ੍ਹਾਂ ਦੀ ਕੋਈ ਸੂਚਨਾ ਨਹੀਂ ਦਿੱਤੀ ਜਾ ਰਹੀ। ਪਰਿਵਾਰਾਂ ਨੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦੇ ਬੱਚਿਆਂ ਨੂੰ ਝੂਠੇ ਮਾਮਲੇ ਵਿਚ ਫਸਾਇਆ ਜਾ ਰਿਹਾ ਹੈ। ਇਕ ਪਰਿਵਾਰ ਮੁਤਾਬਕ ਉਨ੍ਹਾਂ ਦਾ ਲੜਕਾ ਰਾਤ ਨੂੰ ਕੰਮ ਤੋਂ ਆ ਰਿਹਾ ਸੀ, ਜਿਸ ਦੀ ਬਲਜਿੰਦਰ ਕੌਰ ਦੇ ਕਾਫਲੇ ਨਾਲ ਟੱਕਰ ਹੋ ਗਈ ਅਤੇ ਬਲਜਿੰਦਰ ਕੌਰ ਦੇ ਸੁਰੱਖਿਆ ਗਾਰਡਾਂ ਵਲੋਂ ਉਸ ਦੀ ਕੁੱਟਮਾਰ ਕੀਤੀ ਗਈ ਤੇ ਪੁਲਸ ਹਵਾਲੇ ਕਰ ਦਿੱਤਾ ਗਿਆ। ਫਿਲਹਾਲ ਇਹ ਵੀਡੀਓ ਕਈ ਸਵਾਲ ਖੜ੍ਹੇ ਕਰ ਰਹੀ ਹੈ।


Gurminder Singh

Content Editor

Related News