ਬਲਜਿੰਦਰ ਕੌਰ 'ਤੇ ਹੋਏ ਹਮਲੇ ਦੇ ਮਾਮਲੇ 'ਚ ਆਇਆ ਨਵਾਂ ਮੋੜ (ਵੀਡੀਓ)
Sunday, May 12, 2019 - 03:08 PM (IST)
ਬਠਿੰਡਾ (ਅਮਿਤ) - ਬਠਿੰਡਾ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋ.ਬਲਜਿੰਦਰ ਕੌਰ ਨਾਲ ਵਾਪਰੇ ਹਾਦਸੇ 'ਚ ਇਕ ਨਵਾਂ ਮੋੜ ਸਾਹਮਣੇ ਆ ਗਿਆ ਹੈ। ਇਸ ਹਮਲੇ ਦੇ ਇਲਜ਼ਾਮ ਬਲਜਿੰਦਰ ਕੌਰ ਨੇ ਕਿੱਕਰ ਦਾਸ ਮੁਹੱਲੇ ਦੇ ਅਵਤਾਰ ਸਿੰਘ ਅਤੇ ਰਾਜਾ ਸਿੰਘ 'ਤੇ ਲਾਏ ਸਨ, ਜਿਸ ਤੋਂ ਬਾਅਦ ਉਕਤ ਨੌਜਵਾਨਾਂ ਦੇ ਪਰਿਵਾਰ ਮੀਡੀਆ ਦੇ ਸਾਹਮਣੇ ਆ ਗਏ। ਜਾਣਕਾਰੀ ਅਨੁਸਾਰ ਅਵਤਾਰ ਸਿੰਘ ਦੀ ਮਾਂ ਜੋਗਿੰਦਰ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਬੱਚਿਆਂ ਨੇ ਬਲਜਿੰਦਰ ਕੌਰ 'ਤੇ ਕੋਈ ਹਮਲਾ ਨਹੀਂ ਕੀਤਾ, ਸਗੋਂ ਉਹ ਇਕ ਹਾਦਸਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਬੱਚੇ ਗਾਇਬ ਹਨ। ਉਨ੍ਹਾਂ ਕਿਹਾ ਕਿ ਉਸ ਦੇ ਪੁੱਤਰ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਅਵਤਾਰ ਸਿੰਘ ਦੀ ਮਾਤਾ ਜੋਗਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਬੇਟਾ ਪੰਜਾਬ ਐਂਡ ਸਿੰਧ ਬੈਂਕ 'ਚ ਨੌਕਰੀ ਕਰਦਾ ਹੈ ਅਤੇ ਬੀਤੀ ਰਾਤ ਉਹ ਏ.ਟੀ.ਐੱਮ. ਬੰਦ ਕਰਕੇ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਘਰ ਵਾਪਸ ਆ ਰਿਹਾ ਸੀ। ਰਾਸਤੇ 'ਚ ਪ੍ਰੋਫੈਸਰ ਬਲਜਿੰਦਰ ਕੌਰ ਦੀ ਸਰਕਾਰੀ ਗੱਡੀ ਉਨ੍ਹਾਂ ਦੇ ਮੋਟਰਸਾਈਕਲ 'ਚ ਜਾ ਵੱਜੀ। ਪਰਿਵਾਰ ਮੁਤਾਬਕ ਉਨ੍ਹਾਂ ਦੇ ਦੋਵਾਂ ਮੁੰਡਿਆਂ 'ਤੇ ਝੂਠੇ ਦੋਸ਼ ਲਗਾ ਕੇ ਉਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ, ਜਿਨ੍ਹਾਂ ਦੇ ਲਾਪਤਾ ਹੋਣ ਕਾਰਨ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਉਨ੍ਹਾਂ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਮੁੰਡਿਆਂ ਨੂੰ ਤੁਰੰਤ ਉਨ੍ਹਾਂ ਕੋਲ ਪਹੁੰਚਾਇਆ ਜਾਵੇ। ਦੱਸ ਦੇਈਏ ਕਿ 'ਆਪ' ਨੇਤਾ ਅਤੇ ਬਠਿੰਡਾ ਤੋਂ ਲੋਕ ਸਭਾ ਉਮੀਦਵਾਰ ਬਲਜਿੰਦਰ ਕੌਰ ਨੇ ਆਪਣੇ ਫੇਸਬੁੱਕ ਪੇਜ 'ਤੇ ਲਾਈਵ ਹੋ ਕੇ ਇਲਜ਼ਾਮ ਲਾਇਆ ਸੀ ਕਿ ਉਸ 'ਤੇ ਕੁਝ ਬਾਈਕ ਸਵਾਰ ਨੌਜਵਾਨਾਂ ਨੇ ਹਮਲਾ ਕੀਤਾ।