ਪੰਜਾਬ ਸਰਕਾਰ ''ਚ ਕੁਝ ਵੀ ਠੀਕ ਨਹੀਂ ਚੱਲ ਰਿਹਾ: ਬਲਜਿੰਦਰ ਕੌਰ
Sunday, Aug 06, 2017 - 01:33 PM (IST)
ਤਲਵੰਡੀ ਸਾਬੋ (ਮਨੀਸ਼)— ਪੰਜਾਬ ਸਰਕਾਰ ਵਿਚ ਕੁਝ ਵੀ ਠੀਕ ਨਹੀਂ ਚੱਲ ਰਿਹਾ ਤੇ ਨਾ ਹੀ ਸਾਰੀ ਕੈਬਨਿਟ ਕਿਸੇ ਫੈਸਲੇ ਤੇ ਇਕਮਤ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਤਲਵੰਡੀ ਸਾਬੋ ਦੇ ਵਿਧਾਇਕ, ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕੇ ਇਕ ਪਾਸੇ ਪੰਜਾਬ ਦੇ ਸਥਾਨਕ ਸਰਕਾਰਾਂ ਦੇ ਮੰਤਰੀ ਸਰਦਾਰ ਨਵਜੋਤ ਸਿੰਘ ਸਿੱਧੂ ਕੇਬਲ ਮਾਫੀਆ ਦੇ ਖਿਲਾਫ਼ ਕਾਰਵਾਈ ਕਰਨਾ ਚਾਹੁੰਦੇ ਹਨ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਸਰਦਾਰ ਅਮਰਿੰਦਰ ਸਿੰਘ ਇਹ ਕਾਰਵਾਈ ਹੋਣ ਨਹੀਂ ਦੇਣਾ ਚਾਹੁੰਦੇ। ਇਹ ਆਪਾ ਵਿਰੋਧੀ ਸੋਚ ਪੰਜਾਬ ਦੇ ਲੋਕਾਂ ਨਾਲ ਵੱਡਾ ਧੋਖਾ ਹੈ। ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕਿ ਸਰਕਾਰ ਬਨਣ ਤੋਂ ਪਹਿਲਾਂ ਕੈਪਟਨ ਸਾਹਿਬ ਨੇ ਪਿੰਡ ਗਿੱਲ ਪੱਤੀ ਵਿਖੇ ਰੈਲੀ ਦੌਰਾਨ ਗੁਟਕਾ ਸਾਹਿਬ ਉਪਰ ਹੱਥ ਰੱਖ ਕੇ ਸਹੁੰ ਖਾਧੀ ਸੀ ਕਿ ਸਰਕਾਰ ਬਨਣ ਸਾਰ ਪੰਜਾਬ ਵਿਚੋਂ ਕੇਬਲ ਮਾਫੀਆ, ਨਸ਼ਾ ਮਾਫੀਆ, ਰੇਤ ਮਾਫੀਆ, ਬਜ਼ਰੀ ਮਾਫੀਆ ਅਤੇ ਸ਼ਰਾਬ ਮਾਫੀਆ ਚਾਰ ਹਫਤਿਆਂ 'ਚ ਖਤਮ ਕਰ ਦਿੱਤਾ ਜਾਵੇਗਾ। ਪੰਜਾਬ ਦੇ ਲੋਕਾਂ ਨੇ ਕੈਪਟਨ ਸਾਹਿਬ ਦੇ ਝਾਂਸੇ 'ਚ ਆ ਕੇ ਕਾਂਗਰਸ ਦੀ ਸਰਕਾਰ ਬਣਾ ਦਿੱਤੀ ਪਰ ਹੁਣ ਸਭ ਕੁਝ ਇਸ ਤੋਂ ਬਿਲਕੁਲ ਉਲਟ ਹੋ ਰਿਹਾ ਹੈ। ਅੱਜ ਵੀ ਪੰਜਾਬ 'ਚ ਮਾਫੀਆ ਰਾਜ ਚੱਲ ਰਿਹਾ ਹੈ ਸਿਰਫ ਚਿਹਰੇ ਬਦਲੇ ਹਨ। ਸਭ ਤੋਂ ਪਹਿਲਾਂ ਤਾਂ ਕੈਪਟਨ ਸਾਹਿਬ ਦੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਜੋ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਹੈ। ਉਸ ਦਾ ਕੇਸ ਦਰਜ ਹੋਣਾ ਚਾਹੀਦਾ ਹੈ। ਜੋ ਮਾਫੀਆ ਸਰਗਨਾ ਸਰਕਾਰੀ ਖਜ਼ਾਨੇ ਨੂੰ ਚੂਨਾ ਲਾ ਰਹੇ ਹਨ ਉਹਨਾਂ ਨੂੰ ਜੇਲ੍ਹਾਂ ਵਿਚ ਬੰਦ ਕਰਨਾ ਚਾਹੀਦਾ ਹੈ।
ਪ੍ਰੋਫੈਸਰ ਬਲਜਿੰਦਰ ਕੌਰ ਨੇ ਅੱਗੇ ਕਿਹਾ ਕ ਹੁਣ ਪੰਜਾਬ ਦੇ ਲੋਕ ਸਭ ਸਮਝ ਚੁਕੇ ਹਨ ਕੇ ਬਾਦਲ ਸਰਕਾਰ ਦੇ ਹੁੰਦਿਆਂ ਜੋ ਕੇਬਲ ਮਾਫੀਆ ਤੇ ਹੋਰ ਕਈ ਹੋਰ ਤਰ੍ਹਾਂ ਦੇ ਮਾਫੀਆ ਨੇ ਜੋ ਘਪਲੇ ਕੀਤੇ ਹਨ, ਜਿਹਨਾਂ ਵਿਚ ਬਾਦਲ ਪਰਿਵਾਰ ਦਾ ਜਾਂ ਓਹਨਾ ਦੇ ਨਜ਼ਦੀਕੀਆਂ ਦਾ ਨਾਮ ਆਉਂਦਾ ਹੈ, ਕੈਪਟਨ ਸਾਹਿਬ ਇਸ ਕਰਕੇ ਕਾਰਵਾਈ ਨਹੀਂ ਹੋਣ ਦੇਣਾ ਚਾਹੁੰਦੇ ਕਿਉਂਕਿ ਬਾਦਲ ਸਾਹਿਬ ਨੇ ਵੀ ਕੈਪਟਨ ਸਾਹਿਬ ਨੂੰ ਲੁਧਿਆਣਾ ਦੇ ਬਹੁ ਚਰਚਿਤ ਸਿਟੀ ਸੈਂਟਰ ਘੋਟਾਲੇ 'ਚ ਕਲੀਨ ਚਿੱਟ ਦਿਤੀ ਸੀ। ਇਸ ਤੋਂ ਪਤਾ ਲਗਦਾ ਹੈ ਕੇ ਅਕਾਲੀ ਤੇ ਕਾਂਗਰਸ ਮਿਲੇ ਹੋਏ ਹਨ। ਇਹਨਾਂ ਤੋਂ ਪੰਜਾਬ ਦੇ ਭਲੇ ਦੀ ਆਸ ਨਹੀਂ ਰੱਖੀ ਜਾ ਸਕਦੀ। ਪ੍ਰੋਫੈਸਰ ਬਲਜਿੰਦਰ ਕੌਰ ਨੇ ਮੰਗ ਕੀਤੀ ਕੇ ਕੇਬਲ ਘੋਟਾਲੇ 'ਚ ਜਿਸ ਕਿਸੇ ਨੇ ਵੀ ਸਰਕਾਰੀ ਖਜਾਨੇ ਨੂੰ ਗਲਤ ਢੰਗ ਨਾਲ ਨੁਕਸਾਨ ਪਚਾਇਆ ਹੈ, ਉਸ ਨੂੰ ਫੜ ਕੇ ਇਕ ਹਫਤੇ ਅੰਦਰ ਜੇਲ੍ਹ ਵਿੱਚ ਸੁੱਟਿਆ ਜਾਵੇ ਨਹੀਂ ਤਾਂ ਪੰਜਾਬ ਦੀ ਸਰਕਾਰ ਨੇ ਕੇਬਲ ਮਾਫੀਆ ਖਿਲਾਫ ਪੰਜਾਬ ਕੈਬਨਿਟ ਵਿਚ ਜੋ ਮਤਾ ਪਾਇਆ, ਉਹ ਸਿਰਫ਼ ਪੰਜਾਬ ਦੇ ਲੋਕਾਂ ਦੀਆਂ ਅੱਖਾ ਵਿਚ ਘਟਾ ਪਾਉਣ ਤੋਂ ਵੱਧ ਹੋਰ ਕੁਝ ਨਹੀਂ ਹੋਵੇਗਾ।
