ਬਲਦੇਵ ਕੁਮਾਰ ਜਿਥੇ ਚਾਹੁੰਣ, ਉਥੇ ਰਹਿਣ ਲਈ ਆਜ਼ਾਦ ਹਨ : PTI
Wednesday, Sep 11, 2019 - 02:49 AM (IST)
ਪੇਸ਼ਾਵਰ - ਪਾਕਿਸਤਾਨ ਦੇ ਖੈਬਰ ਪਖਤੂਨਖਵਾ 'ਚ ਇਕ ਮੰਤਰੀ ਨੇ ਮੰਗਲਵਾਰ ਨੂੰ ਆਖਿਆ ਕਿ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਨੂੰ ਸਾਬਕਾ ਪਾਰਟੀ ਮੈਂਬਰ ਅਤੇ ਸਾਂਸਦ ਬਲਦੇਵ ਕੁਮਾਰ ਦੇ ਭਾਰਤ 'ਚ ਸਿਆਸੀ ਪਨਾਹ ਮੰਗਣ 'ਤੇ ਕੋਈ ਇਤਰਾਜ਼ ਨਹੀਂ ਹੈ। ਕੁਮਾਰ (43) ਆਪਣੀ ਪਤਨੀ ਅਤੇ 2 ਬੱਚਿਆਂ ਦੇ ਨਾਲ ਪਿਛਲੇ ਮਹੀਨੇ ਭਾਰਤ ਆਏ ਸਨ। ਉਹ ਇਸ ਸਮੇਂ ਪੰਜਾਬ ਦੇ ਲੁਧਿਆਣਾ ਜ਼ਿਲੇ ਦੇ ਖੰਨਾ 'ਚ ਰਹਿ ਰਹੇ ਹਨ। ਕੁਮਾਰ ਨੇ ਆਖਿਆ ਕਿ ਉਨ੍ਹਾਂ ਨੇ ਪਾਕਿਸਤਾਨ ਇਸ ਲਈ ਛੱਡਿਆ ਕਿਉਂਕਿ ਘੱਟ ਗਿਣਤੀਆਂ ਨੂੰ ਉਥੇ ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ।
ਖੈਬਰ ਪਖਤੂਨਖਵਾ ਦੇ ਸੂਚਨਾ ਮੰਤਰੀ ਸ਼ੌਕਤ ਅਲੀ ਯੂਸਫਜੇਈ ਨੇ ਮੀਡੀਆ ਨੂੰ ਆਖਿਆ ਕਿ ਕੁਮਾਰ ਜਿਥੇ ਕਿਤੇ ਵੀ ਰਹਿਣਾ ਚਾਹੁੰਦੇ ਹਨ, ਉਨ੍ਹਾਂ ਨੂੰ ਇਸ ਦੀ ਆਜ਼ਾਦੀ ਹੈ। ਕੁਮਾਰ ਨੇ 3 ਸਾਲਾ ਤੱਕ ਖੈਬਰ ਪਖਤੂਨਖਵਾ ਦੇ ਸਵਾਤ ਜ਼ਿਲੇ 'ਚ ਪੀ. ਟੀ. ਆਈ. ਪ੍ਰਧਾਨ ਦੇ ਤੌਰ 'ਤੇ ਕੰਮ ਕੀਤਾ ਸੀ। ਯੂਸਫਜੇਈ ਨੇ ਆਖਿਆ ਕਿ ਕੁਮਾਰ ਦਾ ਪੀ. ਟੀ. ਆਈ. ਨਾਲ ਲੈਣਾ ਦੇਣਾ ਨਹੀਂ ਹੈ ਕਿਉਂਕਿ ਉਨ੍ਹਾਂ ਨੂੰ 2013 ਤੋਂ 2018 ਤੱਕ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਦੇ ਵਿਸ਼ੇਸ਼ ਸਹਾਇਕ ਰਹੇ ਸੋਰਨ ਸਿੰਘ ਦੀ ਹੱਤਿਆ 'ਚ ਕਥਿਤ ਭੂਮਿਕਾ ਦੇ ਚੱਲਦੇ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਕੁਮਾਰ ਨੇ ਲੁਧਿਆਣਾ 'ਚ ਪੱਤਰਕਾਰਾਂ ਨੂੰ ਆਖਿਆ ਸੀ ਕਿ ਪਾਕਿਸਤਾਨ ਅੱਤਵਾਦ ਨੂੰ ਸਮਰਥਨ ਦਿੰਦਾ ਹੈ ਅਤੇ ਉਥੇ ਮੁਸਲਮਾਨ ਤੱਕ ਸੁਰੱਖਿਅਤ ਨਹੀਂ ਹਨ।