13 ਕਰੋੜ ਦੀ ਲਾਗਤ ਨਾਲ ਉਸਾਰੀ ਜਾਵੇਗੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਇਮਾਰਤ : ਬਲਬੀਰ ਸਿੱਧੂ

Monday, May 31, 2021 - 03:03 PM (IST)

13 ਕਰੋੜ ਦੀ ਲਾਗਤ ਨਾਲ ਉਸਾਰੀ ਜਾਵੇਗੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਇਮਾਰਤ : ਬਲਬੀਰ ਸਿੱਧੂ

ਮੋਹਾਲੀ (ਪਰਦੀਪ)  : ਸਾਲ 2020 ਅਤੇ 2021 ਨੂੰ ਮਨੁੱਖਤਾ ਲਈ ਅਣਕਿਆਸਿਆ ਅਤੇ ਔਕੜਾਂ ਭਰਿਆ ਵਰ੍ਹਾ ਮੰਨਿਆ ਜਾ ਰਿਹਾ ਹੈ । ਇਸ ਔਕੜਾਂ ਭਰੇ ਸਮੇਂ ਦੌਰਾਨ ਵੀ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਉਲੀਕੀ ਗਈ ਯੋਜਨਾ ਤਹਿਤ ਵਿਕਾਸ ਕਾਰਜਾਂ ਵਿੱਚ ਕੋਈ ਖੜ੍ਹੋਤ ਨਹੀਂ ਆਉਣ ਦਿੱਤੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੇਂਡੂ ਵਿਕਾਸ ਤੇ ਪੰਚਾਇਤਾਂ, ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਪਾਲਣ ਅਤੇ ਉੱਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸਥਾਨਕ ਸੈਕਟਰ -65 (ਫੇਜ਼-11) ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਇਮਾਰਤ ਦਾ ਨੀਂਹ ਪੱਥਰ ਰੱਖਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਇਸ ਮੌਕੇ ਸ. ਬਲਬੀਰ ਸਿੰਘ ਸਿੱਧੂ, ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਜੋ ਕਿ ਹਲਕਾ ਵਿਧਾਇਕ ਵੀ ਹਨ ਅਤੇ ਲੋਕ ਨਿਰਮਾਣ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੀ ਮੌਜੂਦ ਸਨ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਨਿੱਜੀ ਅਤੇ ਕਾਨਵੈਂਟ ਸਕੂਲਾਂ ਦੇ ਵਿਦਿਆਰਥੀਆਂ ਦੇ ਮੁਕਾਬਲੇ ਦੇ ਯੋਗ ਬਣਾਉਣ ਲਈ ਬਿਹਤਰੀਨ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਸੂਬਾ ਸਰਕਾਰ ਵਚਨਬੱਧ ਹੈ । ਉਨ੍ਹਾਂ ਦੱਸਿਆ ਕਿ ਇਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਤਿੰਨ ਮੰਜ਼ਿਲਾਂ ਵਾਲੀ ਇਮਾਰਤ ਦੀ ਉਸਾਰੀ 12 ਮਹੀਨੇ ਵਿੱਚ ਮੁਕਮੰਲ ਕੀਤੀ ਜਾਵੇਗੀ। ਇਸ ਸਬੰਧੀ ਟੈਂਡਰ ਵਿੱਚ ਇਹ ਸ਼ਰਤ ਲਗਾਈ ਗਈ ਹੈ। ਬਾਜਵਾ ਨੇ ਦੱਸਿਆ ਕਿ ਇਸ ਇਮਾਰਤ ਵਿੱਚ 32 ਕਲਾਸ ਰੂਮ ਅਤੇ 2 ਲਾਇਬ੍ਰੇਰੀਜ਼ ਹੋਣਗੀਆਂ।

ਸਿੰਗਲਾ ਨੇ ਸਰਕਾਰੀ ਸਕੂਲਾਂ ਵਿੱਚ ਦਾਖ਼ਲਿਆਂ ਵਿਚ ਵਾਧੇ ਦਾ ਕਾਰਨ ਸਕੂਲੀ ਬੁਨਿਆਦੀ ਢਾਂਚੇ ਵਿੱਚ ਵਿਕਾਸ, 12000 ਸਮਾਰਟ ਸਕੂਲਾਂ ਤਿਆਰ ਕਰਨਾ, ਮੈਰਿਟ ਆਧਾਰਿਤ ਟਰਾਂਸਫਰ ਪਾਲਿਸੀ ਅਤੇ ਪ੍ਰੀ-ਪ੍ਰਾਇਮਰੀ ਸਕੂਲ ਸਿੱਖਿਆ ਨੂੰ ਲਾਗੂ ਕਰਨਾ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਪਾਠਕ੍ਰਮ ਦਾ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਈ-ਕੰਟੈਂਟ ਆਡੀਓ-ਵਿਜ਼ੂਅਲ ਤਕਨੀਕ ਜ਼ਰੀਏ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਿਖਾ ਕੇ ਚੰਗੀ ਤਰ੍ਹਾਂ ਦੁਹਰਾਈ ਕਰਵਾਉਣ ਅਤੇ ਔਖੀਆਂ ਧਾਰਨਾਵਾਂ ਸਮਝਾਉਣ ਲਈ ਸਹਾਈ ਸਿੱਧ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਬਦਲਾਓ ਸਦਕਾ ਸਕੂਲ ਸਿੱਖਿਆ ਦੇ ਖੇਤਰ ਵਿਚ ਮਿਆਰੀ ਸੁਧਾਰ ਹੋਇਆ ਹੈ, ਜਿਸ ਸਦਕਾ ਜਿੱਥੇ ਨਤੀਜਿਆਂ ਦੇ ਮਾਮਲੇ ਵਿਚ ਸਰਕਾਰੀ ਸਕੂਲਾਂ ਨੇ ਨਿੱਜੀ ਸਕੂਲਾਂ ਨੂੰ ਪਿੱਛੇ ਛੱਡਿਆ ਹੈ, ਉੱਥੇ ਹੀ ਮਾਪਿਆਂ ਦਾ ਵਿਸ਼ਵਾਸ ਵੀ ਮੁੜ ਸਰਕਾਰੀ ਸਕੂਲਾਂ ਵਿਚ ਬੱਝਿਆ ਹੈ ਅਤੇ ਸਰਕਾਰੀ ਸਕੂਲਾ ਵਿੱਚ 3.50 ਲੱਖ ਦਾਖ਼ਲੇ ਵਧੇ ਹਨ। 

ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪਿਛਲੇ ਸਾਲ ਤੋਂ ਕੋਵਿਡ-19 ਦੇ ਰੂਪ ਵਿੱਚ ਸਾਨੂੰ ਸਭਨਾਂ ਨੂੰ ਇੱਕ ਘਾਤਕ ਮਹਾਮਾਰੀ ਦਾ ਸਾਹਮਣਾ ਕਰਨਾ ਪਿਆ ਅਤੇ ਪੰਜਾਬ ਸਰਕਾਰ ਜਿੱਥੇ ਇੱਕ ਪਾਸੇ ਕੋਰੋਨਾ ਪ੍ਰਕੋਪ ਦਾ ਖ਼ਾਤਮਾ ਕਰਨ ਵਿੱਚ ਜੁਟੀ ਹੋਈ ਹੈ, ਉਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਰਾਜ ਦਾ ਸਰਵਪੱਖੀ ਵਿਕਾਸ ਵੀ ਜੰਗੀ ਪੱਧਰ 'ਤੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਹਮੇਸ਼ਾਂ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕੀਤੀ ਹੈ। ਇਸ ਔਕੜਾਂ ਭਰੇ ਸਮੇਂ ਦੌਰਾਨ ਵੀ ਪੰਜਾਬ ਸਰਕਾਰ ਆਪਣੇ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਲਈ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ ਅਤੇ ਲੋਕਾ ਦੀ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਇਸ ਇਲਾਕੇ ਵਿੱਚ ਸਕੂਲ ਦੀ ਇਮਾਰਤ ਦੀ ਕਾਫੀ ਪੁਰਾਣੀ ਮੰਗ ਸੀ, ਜਿਸ ਨੂੰ ਅੱਜ ਪੂਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 85900 ਸੁਕੇਅਰ ਫੁੱਟ ਖੇਤਰ ਵਾਲੇ ਪਲਾਟ 'ਚ ਤਿੰਨ ਮੰਜ਼ਿਲਾਂ ਇਮਾਰਤ ਦੀ ਉਸਾਰੀ 13 ਕਰੋੜ ਰੁਪਏ ਦੀ ਲਾਗਤ ਨਾਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਧਰਾਤਲ ਮੰਜ਼ਿਲ ਦਾ ਕਵਰਡ ਖੇਤਰ 22600 ਸੁਕੇਅਰ ਫੁੱਟ, ਪਹਿਲੀ ਅਤੇ ਦੂਜ਼ੀ ਮੰਜ਼ਿਲ ਕ੍ਰਮਵਾਰ 22250 -22250 ਸੁਕੇਅਰ ਫੁੱਟ ਅਤੇ ਤੀਜ਼ੀ ਮੰਜਿਲ ਦਾ ਕਵਰਡ ਖੇਤਰ 16050 ਸੁਕੇਅਰ ਫੁੱਟ ਹੋਵੇਗਾ। ਉਨ੍ਹਾਂ ਦੱਸਿਆ ਕਿ ਖੇਡ ਮੈਦਾਨ ਅਤੇ ਖੁੱਲ੍ਹੀ ਜਗ੍ਹਾ ਲਈ 17900 ਸੁਕੇਅਰ ਫੁੱਟ ਥਾਂ ਰੱਖੀ ਗਈ ਹੈ। 
 
 


author

Babita

Content Editor

Related News