ਜਦੋਂ ਸਿਹਤ ਮੰਤਰੀ ਨੇ ''ਕੋਰੋਨਾ'' ਨਿਯਮਾਂ ਦੀਆਂ ਉਡਾਈਆਂ ਧੱਜੀਆਂ...
Tuesday, Sep 01, 2020 - 11:33 AM (IST)
ਦੋਰਾਹਾ (ਗੁਰਮੀਤ ਕੌਰ) : ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਉਸ ਵੇਲੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ, ਜਦੋਂ ਉਹ ਦੋਰਾਹਾ ਵਿਖੇ ਕਮਿਊਨਿਟੀ ਹੈਲਥ ਸੈਂਟਰ ਦਾ ਉਦਘਾਟਨ ਕਰਨ ਲਈ ਪਹੁੰਚੇ। ਇਸ ਮੌਕੇ ਆਪਣੇ ਨੇਤਾ ਦੇ ਸਵਾਗਤ ਲਈ ਵੱਡੀ ਗਿਣਤੀ ’ਚ ਕਾਂਗਰਸੀ ਆਗੂ ਅਤੇ ਵਰਕਰ ਇੱਕਠੇ ਹੋਏ। ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ, ਵਿਧਾਇਕ ਗੁਰਕੀਰਤ ਸਿੰਘ, ਵਿਧਾਇਕ ਲਖਵੀਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਆਗੂਆਂ ਅਤੇ ਵਰਕਰਾਂ ਨੇ ਇਕੱਠ ਕਰ ਕੇ ਸ਼ਰੇਆਮ ਕਾਨੂੰਨ ਦੀ ਉਲੰਘਣਾ ਕੀਤੀ। ਐਡਵੋਕੇਟ ਪ੍ਰਭਜੋਤ ਸਿੰਘ ਦੋਰਾਹਾ ਨੇ ਕਿਹਾ ਕਿ ਕੀ ਕੈਪਟਨ ਸਰਕਾਰ ਦੇ ਬਣਾਏ ਕਾਨੂੰਨ ਸਿਰਫ ਗਰੀਬਾਂ ’ਤੇ ਹੀ ਲਾਗੂ ਹੁੰਦੇ ਹਨ? ਉਨ੍ਹਾਂ ਕਿਹਾ ਕਿ ਦੇਸ਼ ’ਚ ਵੱਧ ਰਹੀ ਕੋਰੋਨਾ ਮਹਾਮਾਰੀ ਕਾਰਣ ਸੂਬਾ ਸਰਕਾਰ ਵੱਲੋਂ ਫਿਰ ਤੋਂ ਧਾਰਾ-144 ਕਰਫਿਊ ਲਗਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਕ ਕਾਰ ’ਚ 3 ਤੋਂ ਵੱਧ ਵਿਅਕਤੀ ਬੈਠ ਜਾਣ, ਜਾਂ ਫਿਰ ਕਿਸੇ ਦੁਕਾਨ ਤੋਂ ਤਿੰਨ ਤੋਂ ਵੱਧ ਲੋਕ ਇਕੱਠੇ ਹੋ ਜਾਣ ਤਾਂ ਪੁਲਸ ਵੱਲੋਂ ਤੁਰੰਤ ਅਜਿਹੇ ਲੋਕਾਂ ਦਾ ਚਲਾਨ ਕੱਟ ਦਿੱਤਾ ਜਾਂਦਾ ਹੈ।
ਦੋਰਾਹਾ ਵਿਖੇ ਕਮਿਊਨਿਟੀ ਹੈਲਥ ਸੈਂਟਰ ਦੇ ਸਥਾਨ ’ਤੇ ਸੈਂਕੜਿਆਂ ਦੀ ਗਿਣਤੀ ’ਚ ਪਹੁੰਚੇ ਕਾਂਗਰਸੀਆਂ ’ਤੇ ਕਿਸੇ ਵੀ ਪੁਲਸ ਅਧਿਕਾਰੀ ਨੇ ਕਿਸੇ ਸਿਆਸੀ ਆਗੂ ਜਾਂ ਵਰਕਰ ਜਾਂ ਫਿਰ ਸਿਹਤ ਮੰਤਰੀ ਦਾ ਚਲਾਨ ਕਿਉਂ ਨਹੀਂ ਕੀਤਾ? ਜਦਕਿ ਇਸ ਮੌਕੇ ਇਕੱਠ ਵਾਲੀ ਜਗ੍ਹਾ ’ਤੇ ਸਾਰੇ ਕਾਂਗਰਸੀਆਂ ਵੱਲੋਂ ਸਮਾਜਿਕ ਦੂਰੀ ਦੀਆਂ ਧੱਜੀਆਂ ਵੀ ਉਡਾਈਆਂ ਗਈਆਂ ਅਤੇ ਪੁਲਸ ਅਧਿਕਾਰੀ ਮੂਕ ਦਰਸ਼ਕ ਬਣ ਕੇ ਦੇਖਦੇ ਰਹੇ।
ਐਡ. ਪ੍ਰਭਜੋਤ ਨੇ ਕਿਹਾ ਕਿ ਜੇਕਰ ਇਹੋ ਇਕੱਠ ਕਿਸੇ ਆਮ ਵਿਅਕਤੀ ਵੱਲੋਂ ਕਰ ਲਿਆ ਜਾਂਦਾ ਤਾਂ ਉਸ ਵਿਅਕਤੀ ’ਤੇ ਤੁਰੰਤ ਮੁਕੱਦਮਾ ਦਰਜ ਕਰ ਦਿੱਤਾ ਜਾਂਦਾ, ਜਦੋਂ ਕਿ ਕਾਨੂੰਨ ਦੀਆਂ ਧੱਜੀਆਂ ਉੱਡਾ ਰਹੇ ਕਾਂਗਰਸੀਆਂ ’ਤੇ ਪੁਲਸ ਅਧਿਕਾਰੀ ਨੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ? ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਨੇ ਦੋਰਾਹੇ ’ਚ ਆ ਕੇ ਜਿਸ ਤਰ੍ਹਾਂ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਹਨ। ਇਸ ਤੋਂ ਇੰਝ ਜਾਪਦਾ ਹੈ ਕਿ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਚਲਾਇਆ ਗਿਆ ‘ਮਿਸ਼ਨ ਫਤਿਹ’ ਮਹਿਜ਼ ਇਕ ਦਿਖਾਵਾ ਹੈ, ਜਦੋਂ ਕਿ ਭਾਰੀ ਇਕੱਠ ’ਚ ਖੁਦ ਮੰਤਰੀ ਹੀ ‘ਮਿਸ਼ਨ ਫਤਿਹ’ ਨੂੰ ‘ਮਿਸ਼ਨ ਫੇਲ’ ਸਾਬਿਤ ਕਰਦੇ ਨਜ਼ਰ ਆਏ।