ਜਲਦੀ ਹੀ ਸੂਬੇ ''ਚ ਡਾਕਟਰਾਂ ਸਣੇ ਮੈਡੀਕਲ ਸਟਾਫ ਦੀ ਕੀਤੀ ਜਾਵੇਗੀ ਭਰਤੀ: ਬਲਬੀਰ ਸਿੱਧੂ

Saturday, Jun 20, 2020 - 06:29 PM (IST)

ਹੁਸ਼ਿਆਰਪੁਰ/ਦਸੂਹਾ (ਘੁੰਮਣ, ਝਾਵਰ)— ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰ-ਅੰਦੇਸ਼ੀ ਸੋਚ 'ਤੇ ਚੱਲਦਿਆਂ ਸ਼ੁਰੂ ਕੀਤੇ ਗਏ 'ਮਿਸ਼ਨ ਫਤਿਹ' ਤਹਿਤ ਕੋਰੋਨਾ ਦੇ ਖਾਤਮੇ ਲਈ ਰਾਜ ਪੱਧਰ 'ਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਜਿਸ 'ਚ ਲੋਕਾਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ। ਇਹ ਵਿਚਾਰ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਅੱਜ ਦਸੂਹਾ 'ਚ 335 ਲੱਖ ਰੁਪਏ ਦੀ ਲਾਗਤ ਨਾਲ ਜੱਚਾ-ਬੱਚਾ ਹਸਪਤਾਲ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਦੇ ਹੋਏ ਪ੍ਰਗਟ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਲਦੀ ਹੀ ਸੂਬੇ 'ਚ ਡਾਕਟਰਾਂ ਸਣੇ ਮੈਡੀਕਲ ਸਟਾਫ ਦੀ ਭਰਤੀ ਜਾਵੇਗੀ।  

ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਖਾਤਮੇ ਲਈ ਇਹ ਮੁਹਿੰਮ ਇਕ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨਾਲ ਦਸੂਹਾ ਦੇ ਵਿਧਾਇਕ ਅਰੁਣ ਡੋਗਰਾ, ਮੁਕੇਰੀਆਂ ਦੇ ਵਿਧਾਇਕ ਸ਼੍ਰੀਮਤੀ ਇੰਦੂ ਬਾਲਾ, ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਅਤੇ ਐੱਸ. ਐੱਸ. ਪੀ. ਗੌਰਵ ਗਰਗ, ਐੱਸ. ਡੀ. ਐੱਮ. ਦਸੂਹਾ ਸ਼੍ਰੀਮਤੀ ਜੋਤੀ ਬਾਲਾ ਮੱਟੂ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਜੱਚਾ-ਬੱਚਾ ਹਸਪਤਾਲ ਸਬੰਧੀ ਇਲਾਕੇ ਦੀ ਕਾਫ਼ੀ ਸਮੇਂ ਤੋਂ ਮੰਗ ਸੀ, ਜਿਸ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਗਿਆ ਹੈ ਅਤੇ ਅੱਜ 20 ਬੈੱਡ ਦਾ ਹਸਪਤਾਲ ਜਨਤਾ ਨੂੰ ਸਮਰਪਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਰੀਬ 15 ਹਜ਼ਾਰ ਸੁਕੇਅਰ ਫੁੱਟ 'ਚ ਬਣੇ ਇਸ ਹਸਪਤਾਲ 'ਚ ਹਰ ਆਧੁਨਿਕ ਉਪਕਰਨ ਮਰੀਜ਼ਾਂ ਦੀ ਸੁਵਿਧਾ ਲਈ ਉਪਲੱਬਧ ਕਰਵਾਏ ਗਏ ਹਨ। ਇਸ ਤੋਂ ਇਲਾਵਾ ਇਥੇ ਜਲਦ ਹੀ ਸੀਵਰੇਜ਼ ਪਲਾਂਟ ਵੀ ਬਣਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ:ਨਹੀਂ ਰੁਕ ਰਿਹਾ ਜਲੰਧਰ 'ਚ ਕੋਰੋਨਾ ਦਾ ਕਹਿਰ, 45 ਨਵੇਂ ਮਾਮਲੇ ਆਏ ਸਾਹਮਣੇ

ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜਲਦ ਹੀ ਰਾਜ 'ਚ ਡਾਕਟਰਾਂ ਅਤੇ ਹੋਰ ਮੈਡੀਕਲ ਸਟਾਫ਼ ਦੀ ਭਰਤੀ ਕੀਤੀ ਜਾ ਰਹੀ ਹੈ ਅਤੇ ਲਗਭਗ ਡੇਢ ਮਹੀਨੇ 'ਚ ਇਹ ਸਾਰੀ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਅਗਲੀ ਕੈਬਨਿਟ ਮੀਟਿੰਗ 'ਚ ਇਸ ਸਬੰਧੀ ਪ੍ਰਸਤਾਵ ਵੀ ਰੱਖਿਆ ਜਾ ਰਿਹਾ ਹੈ। ਪਹਿਲੇ ਡਾਕਟਰਾਂ ਦੀ ਭਰਤੀ ਕਰਨ ਦਾ ਪ੍ਰੋਸੈੱਸ ਬਹੁਤ ਵੱਡਾ ਹੁੰਦਾ ਸੀ ਅਤੇ ਪੀ. ਪੀ. ਐੱਸ. ਸੀ. ਰਾਹੀਂ ਡਾਕਟਰਾਂ ਦੀ ਚੋਣ ਸਬੰਧੀ ਟੈਸਟ ਲਿਆ ਜਾਂਦਾ ਸੀ ਪਰ ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਹੁਣ ਪਿਛਲੇ ਪ੍ਰੋਸੈੱਸ ਤੋਂ ਨਿਕਲਦੇ ਹੋਏ ਸਿੱਧੇ ਤੌਰ 'ਤੇ ਟੈਸਟ ਲੈ ਕੇ ਡਾਕਟਰਾਂ ਦੀ ਭਰਤੀ ਕੀਤੀ ਜਾਵੇਗੀ। ਉਨ੍ਹਾਂ ਇਸ ਦੌਰਾਨ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਸਿਹਤ ਮਹਿਕਮੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਪਾਉਣ ਅਤੇ ਸਮਾਜਕ ਦੂਰੀ ਯਕੀਨੀ ਬਣਾਈ ਜਾਵੇ।

ਇਹ ਵੀ ਪੜ੍ਹੋ: ਹਸਪਤਾਲ ਦੇ ਗ਼ੁਸਲਖ਼ਾਨੇ 'ਚੋਂ ਇਤਰਾਜ਼ਯੋਗ ਹਾਲਤ 'ਚ ਮਿਲੇ ਕੁੜੀ-ਮੁੰਡਾ, ਸੱਚਾਈ ਨਿਕਲੀ ਕੁਝ ਹੋਰ

ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਦਸੂਹਾ ਨਰਿੰਦਰ ਟੱਪੂ, ਸਿਵਲ ਸਰਜਨ ਡਾ. ਜਸਵੀਰ ਸਿੰਘ, ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਡੀ. ਐੱਚ. ਓ. ਡਾ. ਸੁਰਿੰਦਰ ਸਿੰਘ, ਜ਼ਿਲ੍ਹਾ ਪਰਿਵਾਰ ਅਤੇ ਭਲਾਈ ਅਫ਼ਸਰ ਡਾ. ਰਜਿੰਦਰ ਰਾਜ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਤਪਾਲ ਗੋਜਰਾ, ਐੱਸ. ਐੱਮ. ਓ. ਦਸੂਹਾ ਡਾ. ਦਵਿੰਦਰ ਪੁਰੀ, ਐੱਸ. ਐੱਮ. ਓ. ਮੰਡ ਭੰਡੇਰ ਡਾ. ਐੱਸ. ਪੀ. ਸਿੰਘ, ਪਰਮਿੰਦਰ ਬਿੱਟੂ, ਸੋਹਨ ਲਾਲ ਪਰਾਸ਼ਰ, ਭੂਲਾ ਰਾਣਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।
ਇਹ ਵੀ ਪੜ੍ਹੋ: ਫਗਵਾੜਾ ਪ੍ਰਸ਼ਾਸਨ ਦਾ ਵਿਵਾਦਤ ਫ਼ਰਮਾਨ, ਹੁਣ ਅਧਿਆਪਕ ਵੀ ਕਰਨਗੇ ਨਾਕਿਆਂ 'ਤੇ 'ਡਿਊਟੀ'


shivani attri

Content Editor

Related News