ਕੋਰੋਨਾ ਵਾਇਰਸ ਨੂੰ ਲੈ ਕੇ ਦਹਿਸ਼ਤ ਦਾ ਮਾਹੌਲ ਬਣਾ ਰਹੇ ਲੋਕ: ਸਿਹਤ ਮੰਤਰੀ

Monday, Mar 09, 2020 - 02:32 PM (IST)

ਕੋਰੋਨਾ ਵਾਇਰਸ ਨੂੰ ਲੈ ਕੇ ਦਹਿਸ਼ਤ ਦਾ ਮਾਹੌਲ ਬਣਾ ਰਹੇ ਲੋਕ: ਸਿਹਤ ਮੰਤਰੀ

ਭਵਾਨੀਗੜ੍ਹ (ਵਿਕਾਸ, ਸੰਜੀਵ) : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਸੋਮਵਾਰ ਨੂੰ ਭਵਾਨੀਗੜ੍ਹ ਪਹੁੰਚੇ। ਇਸ ਮੌਕੇ ਸਿਹਤ ਮੰਤਰੀ ਨੇ ਸਰਕਾਰੀ ਡਿਸਪੈਂਸਰੀਆਂ ਦਾ ਨਿਰੱਖਣ ਕਰਨ ਸਮੇਤ ਸੀ. ਐੱਚ. ਸੀ. ਭਵਾਨੀਗੜ੍ਹ ਵਿਖੇ ਡਾਕਟਰਾਂ ਨਾਲ ਮੀਟਿੰਗ ਕਰਕੇ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ। ਨਿਰਿਖਣ ਕਰਨ ਮੌਕੇ ਲੋਕਾਂ ਵੱਲੋਂ ਸਿਹਤ ਮੰਤਰੀ ਨੂੰ ਸਰਕਾਰੀ ਹਸਪਤਾਲ ਭਵਾਨੀਗੜ੍ਹ ਸਮੇਤ ਪਿੰਡਾਂ ਦੀਆਂ ਡਿਸਪੈਂਸਰੀਆਂ 'ਚ ਡਾਕਟਰਾਂ ਅਤੇ ਸਟਾਫ ਦੀ ਕਮੀ ਅਤੇ ਹੋਰ ਮੰਗਾਂ ਤੋਂ ਜਾਣੂ ਵੀ ਕਰਵਾਇਆ, ਜਿਸ ਬਾਰੇ ਸਿਹਤ ਮੰਤਰੀ ਨੇ ਕਮੀਆਂ ਨੂੰ ਦੂਰ ਅਤੇ ਸਟਾਫ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਲੋਕ ਦਹਿਸ਼ਤ ਫੈਲਾ ਰਹੇ ਹਨ ਜਦੋਂਕਿ ਪੰਜਾਬ 'ਚ ਹੁਣ ਤੱਕ ਸਿਰਫ ਇਕ ਮਰੀਜ਼ ਸਾਹਮਣੇ ਆਇਆ ਹੈ, ਜਿਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਇਕ ਸਵਾਲ ਦੇ ਜਵਾਬ 'ਚ ਸਿੱਧੂ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਡਰਨ ਦੀ ਬਜਾਏ ਇਸ ਤੋਂ ਬਚਣ ਲਈ ਸਾਨੂੰ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਸੈਨਾਟਾਈਜ਼ਰ ਦੀ ਬਲੈਕ ਮਾਰਕਟਿੰਗ ਸਬੰਧੀ ਉਨ੍ਹਾਂ ਕਿਹਾ ਕਿ ਹੱਥ ਧੌਣ ਲਈ ਸਿਰਫ ਸੈਨਾਟਾਈਜ਼ਰ ਹੀ ਨਹੀਂ, ਸਾਬੁਣ ਦੀ ਵੀ ਵਰਤੋਂ ਕਰ ਸਕਦੇ ਹਾਂ। ਇਸ ਤੋਂ ਇਲਾਵਾ ਬਾਜ਼ਾਰ 'ਚ ਵਿਕ ਰਹੀ ਪਾਬੰਦੀਸ਼ੁਦਾ ਕੋਲਡ ਵੈਸਟ ਦਵਾਈ ਬਾਰੇ ਉਨ੍ਹਾਂ ਕਿਹਾ ਕਿ ਇਸ ਦੀ ਵਿਕਰੀ 'ਤੇ ਸਰਕਾਰ ਨੇ ਸ਼ਖਤੀ ਨਾਲ ਰੋਕ ਲਗਾ ਦਿੱਤੀ ਹੈ। ਇਸ ਸਬੰਧੀ ਇੱਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ।

ਦੱਸਣਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਦੀ ਤਾਜ਼ਾ ਰਿਪੋਰਟ ਮੁਤਾਬਕ 100 ਤੋਂ ਵਧੇਰੇ ਦੇਸ਼ਾਂ 'ਚ ਕੋਰੋਨਾ ਵਾਇਰਸ ਫੈਲ ਚੁੱਕਾ ਹੈ। ਰਿਪੋਰਟ ਮੁਤਾਬਕ ਪੂਰੀ ਦੁਨੀਆ 'ਚ ਕੋਰੋਨਾ ਵਾਇਰਸ ਦੇ ਹੁਣ ਤਕ 1,05,580 ਤੋਂ ਵਧੇਰੇ ਮਾਮਲਿਆਂ ਪੁਸ਼ਟੀ ਹੋ ਚੁੱਕੀ ਹੈ। ਡਬਲਿਊ. ਐੱਚ. ਓ. ਦੀ ਰਿਪੋਰਟ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਬੁਲਗਾਰੀਆ, ਕੋਸਟਾ ਰਿਕਾ, ਫਾਰੇ  ਟਾਪੂ, ਫਰੈਂਚ ਗੁਆਨਾ, ਮਾਲਦੀਵ , ਮਾਲਟਾ, ਮਾਰਟੀਨਕੀ ਤੇ ਰੀਪਬਲਿਕ ਆਫ ਮੋਲਡੋਵਾ ਸਣੇ 8 ਨਵੇਂ ਦੇਸ਼ਾਂ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਤਾਜ਼ਾ ਅੰਕੜਿਆਂ ਮੁਤਾਬਕ 101 ਦੇਸ਼ਾਂ 'ਚ ਕੋਰੋਨਾ ਵਾਇਰਸ ਦੇ 24,727 ਮਰੀਜ਼ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਚੀਨ 'ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ 3,119 ਹੋ ਗਈ ਹੈ, ਜਿਨ੍ਹਾਂ 'ਚੋਂ 3000 ਮੌਤਾਂ ਹੁਬੇਈ ਸੂਬੇ 'ਚ ਹੀ ਹੋਈਆਂ ਹਨ। ਜਦਕਿ 484 ਲੋਕਾਂ ਦੀ ਮੌਤ ਚੀਨ ਤੋਂ ਬਾਹਰ ਹੋਈ ਹੈ। ਚੀਨ 'ਚ 80,735 ਲੋਕ ਇਸ ਕਾਰਨ ਇਨਫੈਕਟਡ ਹਨ। ਪਿਛਲੇ ਸਾਲ ਤੋਂ ਚੀਨ 'ਚ ਫੈਲੇ ਇਸ ਵਾਇਰਸ ਨੇ ਹੌਲੀ-ਹੌਲੀ ਵਿਸ਼ਵ ਦੇ ਕਈ ਦੇਸ਼ਾਂ ਨੂੰ ਆਪਣੀ ਲਪੇਟ  'ਚ ਲੈ ਲਿਆ ਹੈ।

ਇਹ ਵੀ ਪੜ੍ਹੋ : ਜੇ ਤੁਸੀਂ ਵੀ ਕਰਦੇ ਹੋ ਓ. ਐੱਲ. ਐਕਸ. ਦੀ ਵਰਤੋਂ ਤਾਂ ਜ਼ਰਾ ਸਾਵਧਾਨ, ਜ਼ਰੂਰ ਪੜ੍ਹੋ ਇਹ ਖਬਰ     


author

Anuradha

Content Editor

Related News