ਸੰਸਦ 'ਚ ਗਰਜੇ ਬਲਬੀਰ ਸਿੰਘ ਸੰਤ ਸੀਚੇਵਾਲ, ਅਨੁਸੂਚਿਤ ਜਨਜਾਤੀਆਂ ਸੋਧ ਬਿੱਲ ਦਾ ਕੀਤਾ ਸਮਰਥਨ

Saturday, Dec 24, 2022 - 10:51 AM (IST)

ਸੁਲਤਾਨਪੁਰ ਲੋਧੀ/ਸ਼ਾਹਕੋਟ (ਧੀਰ, ਤ੍ਰੇਹਣ, ਅਰਸ਼ਪ੍ਰੀਤ)-ਰਾਜ ਸਭਾ ਵਿਚ ਪੇਸ਼ ਹੋਏ ਅਨੁਸੂਚਿਤ ਜਨਜਾਤੀਆਂ (ਚੌਥੀ ਸੋਧ) ਬਿੱਲ ਦੇ ਸਮਰਥਨ ਵਿਚ ਆਪਣੇ ਵਿਚਾਰ ਰੱਖਦੇ ਹੋਏ ਪੰਜਾਬ ਤੋਂ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਜਲ, ਜੰਗਲ ਅਤੇ ਜ਼ਮੀਨ ਨੂੰ ਬਚਾਉਣ ਲਈ ਲੱਗੇ ਹੋਏ ਲੋਕਾਂ ਲਈ ਲਿਆਂਦੇ ਗਏ ਰਾਖਵੇਂ ਕਰਨ ਦੀ ਉਹ ਹਮਾਇਤ ਕਰਦੇ ਹਨ। ਸੰਤ ਸੀਚੇਵਾਲ ਨੇ ਸੋਧ ਬਿੱਲ ਪੇਸ਼ ਕਰਨ ਵਾਲੇ ਕੇਂਦਰੀ ਮੰਤਰੀ ਅਰਜੁਨ ਮੁੰਡਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਬਿੱਲ ਉਨ੍ਹਾਂ ਲੋਕਾਂ ਲਈ ਲੈ ਕੇ ਆਏ ਹਨ, ਜਿਨ੍ਹਾਂ ਨੂੰ ਅੱਜ ਤੱਕ ਸਮਾਜ ਵਿਚ ਸਿਰਫ਼ ਨੀਵੀਆਂ ਨਜ਼ਰ ਨਾਲ ਵੇਖਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਬਿੱਲ ਨਾਲ ਕਰਨਾਟਕਾ ਦੇ ਕਬਾਇਲੀ ਇਲਾਕਿਆਂ ਵਿਚ ਰਹਿਣ ਵਾਲੀਆਂ ਅਨੁਸੂਚਿਤ ਜਨਜਾਤੀਆਂ ਨੂੰ ਰਾਂਖਵਾਕਰਨ ਦਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਅੱਜ ਜਦੋਂ ਅਸੀਂ ਵਿਗਿਆਨਿਕ ਯੁੱਗ ਵਿਚ ਵੀ ਪਹੁੰਚ ਗਏ ਤਦ ਵੀ ਆਪਣੇ ਅੰਦਰੋਂ ਜਾਤਾਂ ਪਾਤਾਂ ਅਤੇ ਹੀਣ ਭਾਵਨਾ ਦੇ ਭੇਦ ਭਾਵ ਨੂੰ ਨਹੀਂ ਖਤਮ ਕਰ ਸਕੇ। 7 ਦਹਾਕਿਆਂ ਦੇ ਬੀਤ ਜਾਣ ਦੇ ਬਾਵਜੂਦ ਵੀ ਗਰੀਬੀ ਨਜ਼ਰ ਆ ਰਹੀ ਕਿਉਂਕਿ ਇਨ੍ਹਾਂ ਲੋਕਾਂ ਨੂੰ ਸਦੀਆਂ ਤੋਂ ਅਣਗੋਲਿਆ ਗਿਆ ਹੈ। ਸੰਤ ਸੀਚੇਵਾਲ ਨੇ ਸਿਸਟਮ ’ਤੇ ਤਿੱਖੀ ਚੋਟ ਕਰਦਿਆਂ ਕਿਹਾ ਕਿ ਸਿਸਟਮ ਵੱਲੋਂ ਇੰਨ੍ਹਾਂ ਦੱਬੇ ਕੁਚਲੇ ਲੋਕਾਂ ਨੂੰ ਸਿਰਫ਼ ਇਕ ਵੋਟ ਬੈਂਕ ਦਾ ਹਿੱਸਾ ਹੀ ਮੰਨਿਆ ਗਿਆ ਹੈ।

ਇਹ ਵੀ ਪੜ੍ਹੋ : 26 ਜਨਵਰੀ ਨੂੰ ਜੇਲ੍ਹ 'ਚੋਂ ਬਾਹਰ ਆਉਣਗੇ ਨਵਜੋਤ ਸਿੱਧੂ, ਮੋਦੀ ਸਰਕਾਰ ਦੀ ਵਿਸ਼ੇਸ਼ ਗਾਈਡ ਲਾਈਨ ਬਣੇਗੀ ਮਦਦਗਾਰ
ਸੰਤ ਸੀਚੇਵਾਲ ਨੇ ਮੰਗ ਕੀਤੀ ਕਿ ਇਸ ਬਿੱਲ ਨਾਲ ਇਨ੍ਹਾਂ ਲੋਕਾਂ ਨੂੰ ਸਮਾਜ ਵਿਚ ਬਣਦਾ ਸਨਮਾਨ ਮਿਲਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਸਿੱਖਿਆ ਅਤੇ ਰੋਜ਼ਗਾਰ ਦੇਣ ਦੀ ਪਹਿਲ ਦਿੱਤੀ ਜਾਵੇ, ਕਿਉਂਕਿ ਇਹ ਲੋਕ ਨਾ ਤਾਂ ਅੰਦੋਲਨ ਕਰਦੇ ਹਨ ਅਤੇ ਨਾ ਹੀ ਰੋਸ ਜ਼ਾਹਿਰ ਕਰਦੇ ਹਨ ਕਿਉਂਕਿ ਇਹ ਆਪਣੇ ਪਰਿਵਾਰ ਸਮੇਤ ਉਸੇ ਵਿਚ ਖ਼ੁਸ਼ ਹਨ, ਜੋ ਇਨ੍ਹਾਂ ਨੂੰ ਕੁਦਰਤ ਦਿੰਦੀ ਹੈ ਅਤੇ ਇਹੀ ਲੋਕ ਕੁਦਰਤ ਦੇ ਸਭ ਤੋਂ ਨੇੜੇ ਰਹਿੰਦੇ ਹਨ ਅਤੇ ਕੁਦਰਤ ਦਾ ਪੂਰਾ ਸਤਿਕਾਰ ਵੀ ਕਰਦੇ ਹਨ।

ਸੰਤ ਸੀਚੇਵਾਲ ਨੇ ਕਿਹਾ ਕਿ ਗਰੀਬ ਲੋਕ ਈਮਾਨਦਾਰ ਤੇ ਕਿਰਤ ਕਰਨ ਵਾਲੇ ਹੁੰਦੇ ਹਨ ਪਰ ਅੱਜ ਤੱਕ ਇਨ੍ਹਾਂ ਲੋਕਾਂ ਦਾ ਹਮੇਸ਼ਾ ਹੀ ਪੈਸੇ, ਬਹੁਬਲ ਅਤੇ ਰਾਜਨੀਤੀ ਨਾਲ ਇੰਨ੍ਹਾਂ ਦਾ ਸ਼ੋਸ਼ਣ ਹੁੰਦਾ ਰਿਹਾ ਹੈ। ਉਨ੍ਹਾਂ ਨੇ ਗੁਰਬਾਣੀ ਦੇ ਹਵਾਲਿਆਂ ਨਾਲ ਕਿਹਾ ਕਿ ਇੰਨ੍ਹਾਂ ਲੋਕਾਂ ਨੂੰ ਬਣਦਾ ਸਤਿਕਾਰ ਦਿੱਤਾ ਜਾਵੇ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਬਰਾਬਰੀ ਦਾ ਹੱਕ ਦਿੰਦਾ ਹੈ। ਉਨ੍ਹਾਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਇਹ ਕਾਨੂੰਨ ਜਿਨ੍ਹਾਂ ਲਈ ਬਣਾਏ ਜਾ ਰਹੇ ਹਨ, ਉਨ੍ਹਾਂ ਤੱਕ ਜ਼ਰੂਰ ਪਹੁੰਚਣਗੇ ਅਤੇ ਸਿਹਤ ਤੇ ਸਿੱਖਿਆ ਸਹੂਲਤਾਂ ਵਿਚ ਉਹ ਵੀ ਸਭ ਦੇ ਨਾਲ ਰਲਣਗੇ। ਜੇਕਰ ਉਨ੍ਹਾਂ ਨੂੰ ਕੁੱਲੀ ਗੁੱਲੀ ਤੇ ਜੁੱਲੀ ਮਿਲੇਗੀ ਤਾਂ ਹੀ ਇਹ ਕਾਨੂੰਨ ਬਣਾਉਣ ਦਾ ਫਾਇਦਾ ਹੈ। ਦੇਸ਼ ਵਿਚੋਂ ਗਰੀਬੀ ਉਸ ਵੇਲੇ ਹੀ ਖ਼ਤਮ ਹੋਵੇਗੀ, ਜਿਸ ਦਿਨ ਹਕੀਕਤ ’ਚ ਇੰਨ੍ਹਾਂ ਲੋਕਾਂ ਨੂੰ ਸਹੂਲਤਾਂ ਮਿਲਣ ਲੱਗ ਪੈਣਗੀਆਂ।

ਇਹ ਵੀ ਪੜ੍ਹੋ : ਪਾਸਪੋਰਟ ਬਣਵਾਉਣ ਵਾਲਿਆਂ ਲਈ ਅਹਿਮ ਖ਼ਬਰ, ਦਫ਼ਤਰ ਨੇ ਜਾਰੀ ਕੀਤੇ ਸਲਾਟ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News