ਭਾਰਤੀ ਕਿਸਾਨ ਯੂਨੀਅਨ ਦੀ ਖੇਤੀਬਾੜੀ ਮਹਿਕਮੇ ਨੂੰ ਸਖ਼ਤ ਤਾੜਨਾ

Sunday, Jun 07, 2020 - 12:13 PM (IST)

ਭਾਰਤੀ ਕਿਸਾਨ ਯੂਨੀਅਨ ਦੀ ਖੇਤੀਬਾੜੀ ਮਹਿਕਮੇ ਨੂੰ ਸਖ਼ਤ ਤਾੜਨਾ

ਸਮਰਾਲਾ (ਗਰਗ) : ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਕੌਮੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਖੇਤੀਬਾੜੀ ਮਹਿਕਮੇ ਨੂੰ ਐਤਵਾਰ ਨੂੰ ਸਖ਼ਤ ਤਾੜਨਾ ਕਰਦੇ ਹੋਏ ਚਿਤਾਵਨੀ ਦੇ ਕੇ ਕਿਹਾ ਕਿ ਜੇਕਰ ਸੂਬੇ ’ਚ ਮਜ਼ਦੂਰਾਂ ਦੀ ਘਾਟ ਦੇ ਚੱਲਦੇ ਮਜ਼ਬੂਰੀ ਵੱਸ ਕੁਝ ਕਿਸਾਨਾਂ ਵੱਲੋਂ ਲਾਏ ਗਏ ਝੋਨੇ ਨੂੰ ਵਾਹੇ ਜਾਣ ਦੀ ਕਾਰਵਾਈ ਨਾ ਰੋਕੀ ਗਈ ਤਾਂ ਕਿਸਾਨ ਸ਼ਾਂਤਮਈ ਢੰਗ ਨਾਲ ਝੋਨਾ ਵਾਹੁਣ ਆ ਰਹੇ ਅਧਿਕਾਰੀਆਂ ਦਾ ਘਿਰਾਅ ਕਰਕੇ ਖੇਤੀਬਾੜੀ ਮਹਿਕਮੇ ਦੀ ਕਿਸਾਨ ਵਿਰੋਧੀ ਸੋਚ ਦਾ ਡੱਟਵਾਂ ਵਿਰੋਧ ਕਰਨਗੇ।

ਜਾਣਕਾਰੀ ਮੁਤਾਬਕ ਸਮਰਾਲਾ ਬਲਾਕ ਦੇ ਕੁਝ ਪਿੰਡਾਂ 'ਚ ਸਵੇਰੇ-ਸਵੇਰੇ ਹੀ ਖੇਤੀਬਾੜੀ ਮਹਿਕਮੇ ਦੀਆਂ ਟੀਮਾਂ ਵੱਲੋਂ ਪੁੱਜ ਕੇ ਕੁਝ ਕਿਸਾਨਾਂ ਵੱਲੋਂ ਬੀਜੇ ਗਏ ਝੋਨੇ ਨੂੰ ਵਾਹੇ ਜਾਣ ਦੀ ਕਾਰਵਾਈ ਕੀਤੀ ਗਈ, ਜਿਸ ਤੋਂ ਬਾਅਦ ਮਹਿਕਮੇ ਦੇ ਅਧਿਕਾਰੀਆਂ ਨੂੰ ਆੜੇ ਹੱਥੀ ਲੈਂਦਿਆਂ ਰਾਜੇਵਾਲ ਨੇ ਕਿਹਾ ਕਿ ਖੇਤੀਬਾੜੀ ਮਹਿਕਮਾ ਮਿਲੀ-ਭੁਗਤ ਕਰਕੇ ਪੰਜਾਬ ’ਚ ਝੋਨੇ ਦੇ ਨਕਲੀ ਬੀਜ ਦੀ ਵਿਕਰੀ ਕਰਵਾ ਕੇ ਪਹਿਲਾਂ ਹੀ ਕਿਸਾਨਾਂ ਨੂੰ ਵੱਡਾ ਨੁਕਸਾਨ ਪਹੁੰਚਾ ਚੁੱਕਾ ਹੈ। ਹੁਣ ਝੋਨਾ ਬਿਜਾਈ ਲਈ ਮਿੱਥੀ ਤਰੀਕ ਤੋਂ ਸਿਰਫ ਦੋ ਦਿਨ ਪਹਿਲਾਂ ਸਰਗਰਮ ਹੋਇਆ ਖੇਤੀਬਾੜੀ ਮਹਿਕਮਾ ਕਿਸਾਨਾਂ ਵੱਲੋਂ ਸਖ਼ਤ ਮਿਹਨਤ ਅਤੇ ਭਾਰੀ ਲਾਗਤ ਨਾਲ ਬੀਜੇ ਝੋਨੇ ਦੇ ਖੇਤ ਵਾਹ ਕੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਪੇਸ਼ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਸੂਬੇ 'ਚ ਸ਼ਰੇਆਮ ਹੋਈ ਨਕਲੀ ਬੀਜ, ਖਾਦਾਂ ਅਤੇ ਦਵਾਈਆਂ ਦੀ ਵਿਕਰੀ ਵੇਲੇ ਇਹੀ ਖੇਤੀਬਾੜੀ ਮਹਿਕਮਾ ਅੱਖਾਂ ਮੀਟੀ ਬੈਠਾ ਰਿਹਾ ਅਤੇ ਸਰਮਾਏਦਾਰ ਲੋਕ ਅਧਿਕਾਰੀਆਂ ਨਾਲ ਰਲ ਕੇ ਕਿਸਾਨਾਂ ਨਾਲ ਹਜ਼ਾਰਾਂ ਕਰੋੜ ਰੁਪਏ ਦੀ ਠੱਗੀ ਮਾਰ ਗਏ ਪਰ ਹੁਣ ਜਦੋਂ ਕਿਸੇ ਇੱਕੇ-ਦੁੱਕੇ ਕਿਸਾਨ ਨੇ ਮਜ਼ਦੂਰਾਂ ਦੀ ਘਾਟ ਕਾਰਨ ਜੇਕਰ 2 ਦਿਨ ਪਹਿਲਾਂ ਆਪਣਾ ਥੋੜਾ-ਬਹੁਤ ਖੇਤ ਬੀਜ ਲਿਆ ਤਾਂ ਇਹੀ ਅਧਿਕਾਰੀ ਝੱਟ ਕਿਸਾਨ ਦੇ ਖੇਤ 'ਚ ਪਹੁੰਚ ਕੇ ਕਿਸਾਨ ਨਾਲ ਇੰਝ ਪੇਸ਼ ਆਉਂਦੇ ਹਨ, ਜਿਵੇਂ ਕਿਸਾਨ ਨੇ ਝੋਨਾ ਬੀਜ ਕੇ ਕੋਈ ਬਹੁਤ ਵੱਡਾ ਅਪਰਾਧ ਕਰ ਲਿਆ ਹੋਵੇ।

ਰਾਜੇਵਾਲ ਨੇ ਕਿਹਾ ਕਿ ਨਕਲੀ ਬੀਜ ਘੋਟਾਲੇ 'ਚ ਚੋਰ ਬਣੇ ਖੇਤੀਬਾੜੀ ਮਹਿਕਮੇ ਦੀ ਹਰ ਇਕ ਕਿਸਾਨ ਵਿਰੋਧੀ ਕਾਰਵਾਈ ਦਾ ਇੱਕਠੇ ਹੋਏ ਕਿਸਾਨ ਡੱਟ ਕੇ ਜਵਾਬ ਦੇਣਗੇ ਅਤੇ ਉਨ੍ਹਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਝੋਨਾ ਵਾਹੁਣ ਆਏ ਅਧਿਕਾਰੀਆਂ ਦਾ ਪੂਰਣ ਸ਼ਾਂਤਮਈ ਢੰਗ ਨਾਲ ਕਿਸਾਨ ਘਿਰਾਅ ਕਰਦੇ ਹੋਏ ਉਨ੍ਹਾਂ ਨੂੰ ਪੂਰਾ ਦਿਨ ਧੁੱਪ 'ਚ ਖੜ੍ਹਾ ਰੱਖਣ, ਤਾਂ ਜੋ ਨਕਲੀ ਬੀਜ ਦੀ ਵਿਕਰੀ ਵੇਲੇ ਏ. ਸੀ. ਕਮਰਿਆਂ 'ਚ ਬੈਠੇ ਰਹਿਣ ਵਾਲੇ ਇਨ੍ਹਾਂ ਅਧਿਕਾਰੀਆਂ ਨੂੰ ਕਿਸਾਨਾਂ ਦੇ ਗੁੱਸੇ ਦਾ ਸੇਕ ਪਤਾ ਲੱਗੇ। 
 


author

Babita

Content Editor

Related News