‘ਦਿੱਲੀ ਫਤਹਿ ਮਾਰਚ’ ਮਾਛੀਵਾੜਾ ਦੀ ਧਰਤੀ ’ਤੇ ਆ ਕੇ ਸਮਾਪਤ ਹੋਇਆ, ਬਲਬੀਰ ਰਾਜੇਵਾਲ ਨੇ ਦਿੱਤਾ ਵੱਡਾ ਬਿਆਨ
Sunday, Dec 12, 2021 - 06:51 PM (IST)
ਮਾਛੀਵਾੜਾ ਸਾਹਿਬ (ਟੱਕਰ) : 1 ਸਾਲ ਤੋਂ ਵੱਧ ਲੰਮਾ ਸਮਾਂ ਸੰਘਰਸ਼ ਕਰਨ ਉਪਰੰਤ ਖੇਤੀਬਾੜੀ ਕਾਲੇ ਕਾਨੂੰਨ ਰੱਦ ਕਰਵਾਉਣ ’ਤੇ ਸਿੰਘੂ ਬਾਰਡਰ ਤੋਂ ਆਰੰਭ ਹੋਇਆ ‘ਦਿੱਲੀ ਫਤਹਿ ਮਾਰਚ’ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਧਰਤੀ ਮਾਛੀਵਾੜਾ ਸਾਹਿਬ ਵਿਖੇ ਸਮਾਪਤ ਹੋਇਆ ਜਿੱਥੇ ਇਸ ਮਾਰਚ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲੱਖੋਵਾਲ, ਤੇਜਿੰਦਰ ਸਿੰਘ ਤੇਜੀ, ਸੁਖਵਿੰਦਰ ਸਿੰਘ ਭੱਟੀਆਂ, ਐਡਵੋਕੇਟ ਜਸਪ੍ਰੀਤ ਸਿੰਘ ਕਲਾਲਮਾਜਰਾ ਅਤੇ ਹੋਰਨਾਂ ਸੰਗਤਾਂ ਨੇ ਚਰਨ ਕੰਵਲ ਸਾਹਿਬ ਵਿਖੇ ਨਤਮਤਸਕ ਹੋ ਸ਼ੁਕਰਾਨੇ ਦੀ ਅਰਦਾਸ ਕੀਤੀ। ਇਹ ‘ਦਿੱਲੀ ਫਤਹਿ ਮਾਰਚ’ ਦੇਰ ਰਾਤ ਕਰੀਬ 10 ਵਜੇ ਮਾਛੀਵਾੜਾ ਸਾਹਿਬ ਵਿਖੇ ਪੁੱਜਾ ਅਤੇ ਥਾਂ-ਥਾਂ ਇਸ ਦਾ ਫੁੱਲਾਂ ਦੀ ਵਰਖਾ, ਪਟਾਕਿਆਂ ਅਤੇ ਨੌਜਵਾਨਾਂ ਨੇ ਢੋਲ ਦੀ ਥਾਪ ’ਤੇ ਭੰਗੜੇ ਪਾ ਕੇ ਇਸ ਦਾ ਜ਼ੋਰਦਾਰ ਸਵਾਗਤ ਕੀਤਾ। ਮਾਛੀਵਾੜਾ ’ਚ ਦਾਖਲ ਹੁੰਦਿਆਂ ਹੀ ਪਹਿਲਵਾਨ ਸ਼ੰਮੀ ਕੁਮਾਰ ਨੇ ਕਿਸਾਨ ਆਗੂਆਂ ਦਾ ਜਿੱਤ ਦੀ ਖੁਸ਼ੀ ’ਚ ਮੂੰਹ ਮਿੱਠਾ ਕਰਵਾਇਆ ਅਤੇ ਗਨੀ ਖਾਂ ਨਬੀ ਖਾਂ ਗੇਟ ਵਿਖੇ ਸਾਬਕਾ ਪ੍ਰਧਾਨ ਉਜਾਗਰ ਸਿੰਘ ਬੈਨੀਪਾਲ, ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਬੈਨੀਪਾਲ ਨੇ ਆਗੂਆਂ ਨੂੰ ਸਿਰੋਪੇ ਭੇਟ ਕਰਕੇ ਸਨਮਾਨਿਤ ਕੀਤਾ।
ਇਹ ਵੀ ਪੜ੍ਹੋ : 16 ਸਾਲ ਇਨਸਾਫ਼ ਦੀ ਰੱਹ ਤੱਕਦੀ ਰਹੀ ਕੁਲਵੰਤ ਕੌਰ, ਮੌਤ ਦੇ ਕੁੱਝ ਘੰਟਿਆਂ ਬਾਅਦ ਡੀ. ਐੱਸ. ਪੀ. ’ਤੇ ਵੱਡੀ ਕਾਰਵਾਈ
ਬੱਸ ਸਟੈਂਡ ਰੋਡ ਵਿਖੇ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਜੱਜ, ਚਰਨ ਕੰਵਲ ਚੌਂਕ ਵਿਖੇ ਭਾਰੀ ਗਿਣਤੀ ’ਚ ਇਕੱਤਰ ਹੋਈਆਂ ਸੰਗਤਾਂ ਤੋਂ ਇਲਾਵਾ ਕਿਸਾਨ ਆਗੂ ਜਥੇਦਾਰ ਮਨਮੋਹਣ ਸਿੰਘ ਖੇੜਾ ਨੇ ਇਸ ਫਤਹਿ ਮਾਰਚ ਦਾ ਜ਼ੋਰਦਾਰ ਸਵਾਗਤ ਕੀਤਾ। ਦੇਰ ਰਾਤ ਕਰੀਬ 11 ਵਜੇ ਇਹ ਫਤਹਿ ਮਾਰਚ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਪੁੱਜਾ ਜਿੱਥੇ ਕਿਸਾਨ ਆਗੂ ਨਤਮਸਤਕ ਹੋਏ ਅਤੇ ਜਿੱਤ ਲਈ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਗੁਰੂ ਘਰ ਪੁੱਜਣ ’ਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਰਬਦਿਆਲ ਸਿੰਘ ਅਤੇ ਹੈੱਡ ਗ੍ਰੰਥੀ ਹਰਪਾਲ ਸਿੰਘ ਨੇ ਕਿਸਾਨ ਆਗੂਆਂ ਨੂੰ ਸਿਰੋਪਾ ਭੇਟ ਕੀਤੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅਕਾਲ ਪੁਰਖ ਦੀ ਆਸ਼ੀਰਵਾਦ ਸਦਕਾ ਸੰਘਰਸ਼ ਦੀ ਜਿੱਤ ਹੋਈ ਹੈ ਕਿਉਂਕਿ ਇੰਨਾ ਲੰਮਾ ਤੇ ਸ਼ਾਂਤਮਈ ਸੰਘਰਸ਼ ਗੁਰੂ ਸਾਹਿਬ ਦੀ ਮੇਹਰ ਤੋਂ ਬਿਨਾਂ ਸਫ਼ਲ ਨਹੀਂ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਬੇਸ਼ੱਕ ਸਾਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਜਿੱਤ ਸੱਚ ਦੀ ਹੋਈ ਹੈ।
ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਚੋਟੀ ’ਤੇ ਪੰਜਾਬ ਦੀ ਸਿਆਸਤ, ਅਕਾਲੀ ਦਲ ਨੂੰ ਲੈ ਕੇ ਰੰਧਾਵਾ ਨੇ ਕੀਤਾ ਵੱਡਾ ਦਾਅਵਾ
ਕਿਸਾਨ ਜਥੇਬੰਦੀਆਂ ਦੀ ਮੀਟਿੰਗ ਤੋਂ ਬਾਅਦ ਹੀ ਸਿਆਸਤ ਬਾਰੇ ਫ਼ੈਸਲਾ ਹੋਵੇਗਾ : ਰਾਜੇਵਾਲ
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਤੋਂ ਜਦੋਂ ਆਉਣ ਵਾਲੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਅਤੇ ਸਿਆਸਤ ’ਚ ਸ਼ਮੂਲੀਅਤ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾਕਿ ਸਭ ਤੋਂ ਪਹਿਲਾਂ ਸਾਰੇ ਕਿਸਾਨ ਆਗੂ 13 ਦਸੰਬਰ ਨੂੰ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ ਅਤੇ ਉਸ ਤੋਂ ਬਾਅਦ ਮੀਟਿੰਗ ਹੋਵੇਗੀ ਜਿਸ ਵਿਚ ਇਸ ਸਬੰਧੀ ਕੋਈ ਵੀ ਫੈਸਲਾ ਲਿਆ ਜਾਵੇਗਾ। ਰਾਜੇਵਾਲ ਨੇ ਕਿਹਾ ਕਿ ਉਹ ਫਿਲਹਾਲ ਸਿਆਸਤ ’ਚ ਆਉਣ ਬਾਰੇ ਕੋਈ ਵੀ ਟਿੱਪਣੀ ਨਹੀਂ ਕਰਨਾ ਚਾਹੁੰਦੇ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਟਿਆਲਾ ਪੁਲਸ ’ਚ ਵੱਡਾ ਫੇਰ ਬਦਲ
ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ 300 ਸਾਲ ਪਹਿਲਾਂ ਪੰਜਾਬੀਆਂ ਨੇ ਦਿੱਲੀ ਫਤਹਿ ਕੀਤੀ ਸੀ ਅਤੇ ਅੱਜ ਫਿਰ ਇਤਿਹਾਸ ਦੁਹਰਾਉਂਦਿਆਂ ਪੰਜਾਬੀਆਂ ਦੀਆਂ ਕੁਰਬਾਨੀਆਂ ਨੇ ਇਸ ਸੰਘਰਸ਼ ਨੂੰ ਜਿੱਤ ਕੇ ਮੁੜ ਦਿੱਲੀ ਜਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਇਸ ਅੰਦੋਲਨ ਦਾ ਧੁਰਾ ਤੇ ਅਧਾਰ ਸੀ ਅਤੇ ਸਭ ਤੋਂ ਵੱਧ ਸ਼ਹਾਦਤਾਂ ਵੀ ਇਸ ਅੰਦੋਲਨ ’ਚ ਪੰਜਾਬੀਆਂ ਦੀਆਂ ਹੋਈਆਂ। ਉਨ੍ਹਾਂ ਕਿਹਾ ਕਿ ਬਾਅਦ ’ਚ ਫਿਰ ਹਰਿਆਣਾ, ਯੂ.ਪੀ., ਰਾਜਸਥਾਨ ਅਤੇ ਸਾਰੇ ਦੇਸ਼ ਦੇ ਕਿਸਾਨ ਇਸ ਅੰਦੋਲਨ ਨਾਲ ਜੁੜ ਗਏ। ਇਸ ਮੌਕੇ ਫਤਹਿ ਮਾਰਚ ਦਾ ਸਵਾਗਤ ਕਰਨ ਵਾਲਿਆਂ ’ਚ ਰਣਧੀਰ ਸਿੰਘ ਸੈਣੀ, ਉਪਜਿੰਦਰ ਸਿੰਘ ਔਜਲਾ, ਐਡਵੋਕੇਟ ਸਤਿੰਦਰਮੋਹਣ ਕਾਲੜਾ, ਗੁਰਵੀਰ ਸਿੰਘ ਗੁਰੋਂ, ਬਲਜਿੰਦਰ ਸਿੰਘ ਤੂਰ, ਮਨਰਾਜ ਸਿੰਘ ਲੁਬਾਣਗਡ਼੍ਹ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਖਾਲਿਸਤਾਨੀਆਂ ਦੇ ਨਿਸ਼ਾਨੇ ’ਤੇ ਸ਼੍ਰੋਮਣੀ ਅਕਾਲੀ ਦਲ ਨੇਤਾ ਮਜੀਠੀਆ, ਰੇਕੀ ਕਰਨ ਘਰ ਤੱਕ ਪਹੁੰਚੇ ਗੁਰਗੇ
ਕਾਂਗਰਸ ਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਨਾ ਕੀਤਾ ਤਾਂ ਮੋਰਚਾ ਚੰਡੀਗਡ਼੍ਹ ਲਗਾਵਾਂਗੇ: ਲੱਖੋਵਾਲ
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਪੱਤਰਕਾਰਾਂ ਵਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ’ਤੇ ਖੇਤੀਬਾੜੀ ਕਾਲੇ ਕਾਨੂੰਨ ਰੱਦ ਹੋਣਾ ਕਿਸਾਨਾਂ ਦੀ ਬਹੁਤ ਵੱਡੀ ਜਿੱਤ ਹੈ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ’ਚ ਜਿੱਤ ਲਈ ਪੰਜਾਬ ਦੇ ਹਰੇਕ ਵਰਗ ਦਾ ਵੱਡਾ ਯੋਗਦਾਨ ਹੈ ਜਿਨ੍ਹਾਂ ਨੇ ਸਾਨੂੰ ਸਿੰਘੂ ਬਾਰਡਰ ’ਤੇ ਲੋੜੀਂਦਾ ਸਮਾਨ ਤੇ ਸੰਘਰਸ਼ ’ਚ ਸ਼ਮੂਲੀਅਤ ਕਰ ਸਾਡਾ ਹੌਂਸਲਾ ਵਧਾਇਆ। ਲੱਖੋਵਾਲ ਨੇ ਪੰਜਾਬ ਦੇ ਸਮੂਹ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਕਿਸਾਨਾਂ ਦੀ ਅਵਾਜ਼ ਦੁਨੀਆਂ ਤੱਕ ਪਹੁੰਚਾਈ ਜਦਕਿ ਗੋਦੀ ਮੀਡੀਆ ਤਾਂ ਇਸ ਸੰਘਰਸ਼ ਨੂੰ ਢਾਹ ਲਗਾਉਣ ’ਚ ਲੱਗਿਆ ਰਿਹਾ। ਲੱਖੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਖ਼ਿਲਾਫ਼ ਵਿੱਢਿਆ ਇਹ ਸੰਘਰਸ਼ ਤਾਂ ਜਿੱਤ ਲਿਆ ਗਿਆ ਹੈ ਅਤੇ ਹੁਣ 17 ਦਸੰਬਰ ਨੂੰ ਕਾਂਗਰਸ ਸਰਕਾਰ ਨਾਲ ਮੀਟਿੰਗ ਹੋਵੇਗੀ ਅਤੇ ਜੇਕਰ ਕੀਤਾ ਵਾਅਦੇ ਮੁਤਾਬਿਕ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਨਾ ਕੀਤਾ ਤਾਂ ਅਗਲਾ ਮੋਰਚਾ ਅਸੀਂ ਚੰਡੀਗੜ੍ਹ ਵਿਖੇ ਸਰਕਾਰ ਖਿਲਾਫ਼ ਲਗਾਵਾਂਗੇ। ਇਸ ਲਈ ਉਹ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ।
ਇਹ ਵੀ ਪੜ੍ਹੋ : ਯੂ. ਪੀ. ਪੁਲਸ ਨੇ ਲੁਧਿਆਣਾ ’ਚ ਛਾਪਾ ਮਾਰ ਕੇ ਫੜੀਆਂ ਤਿੰਨ ਕੁੜੀਆਂ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?