ਪੰਚਾਇਤੀ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਦੀ ਕਾਰਵਾਈ, ਡਿਊਟੀ ਤੋਂ ਹਟਾਏ 3 ਅਧਿਕਾਰੀ
Saturday, Dec 29, 2018 - 01:57 PM (IST)

ਚੰਡੀਗੜ੍ਹ/ਟਾਂਡਾ (ਵਰਿੰਦਰ ਪੰਡਿਤ)— ਪੰਚਾਇਤੀ ਚੋਣਾਂ ਨੂੰ ਲੈ ਕੇ ਤਿੰਨ ਅਧਿਕਾਰੀਆਂ 'ਤੇ ਜਾਅਲੀ ਵੋਟਾਂ ਬਣਾਉਣ ਦੇ ਦੋਸ਼ਾਂ ਤਹਿਤ ਪੰਜਾਬ ਚੋਣ ਕਮਿਸ਼ਨ ਨੇ ਸਖਤ ਐਕਸ਼ਨ ਲੈਂਦੇ ਹੋਏ ਤਿੰਨਾਂ ਨੂੰ ਡਿਊਟੀ ਤੋਂ ਹਟਾ ਦਿੱਤਾ ਹੈ। ਪੰਚਇਤੀ ਚੋਣਾਂ ਤੋਂ ਪਹਿਲਾਂ ਤਿੰਨੋਂ ਅਧਿਕਾਰੀਆਂ ਦੀ ਸ਼ਿਕਾਇਤ ਸਰਕਾਰ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੰਜਾਬ ਚੋਣ ਕਮਿਸ਼ਨ ਨੇ ਤਿੰਨਾਂ ਦੇ ਤਬਾਦਲੇ ਕਰ ਦਿੱਤੇ।
ਦਰਅਸਲ ਟਾਂਡਾ ਉੜਮੁੜ ਦੇ ਬਲਾਕ ਟਾਂਡਾ 'ਚ ਵਿਦੇਸ਼ ਬੈਠੇ ਲੋਕਾਂ ਦੀਆਂ ਵੋਟਾਂ ਬਣਾਉਣ ਦੇ ਬੇਨਿਯਮੀਆਂ ਦੇ ਮਾਮਲੇ 'ਚ ਆਪਣੇ ਵਰਕਰਾਂ ਦੀ ਆਵਾਜ਼ ਬੁਲੰਦ ਕਰਦੇ ਹੋਏ ਵਿਧਾਇਕ ਸੰਗਤ ਸਿੰਘ ਗਿਲਜੀਆਂ ਵੱਲੋਂ ਐੱਸ. ਡੀ. ਐੱਮ. ਦਸੂਹਾ ਹਰਚਰਨ ਸਿੰਘ, ਨਾਇਬ ਤਹਿਸੀਲਦਾਰ ਮਨਜੀਤ ਸਿੰਘ ਅਤੇ ਬੀ. ਡੀ . ਪੀ. ਓ . ਟਾਂਡਾ ਪਰਮਜੀਤ ਸਿੰਘ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਣ ਤੋਂ ਬਾਅਦ ਸੂਬਾ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਤੋਂ ਬਾਅਦ ਏ. ਡੀ. ਸੀ. ਹੁਸ਼ਿਆਰਪੁਰ ਵੱਲੋਂ ਕੀਤੀ ਜਾਂਚ 'ਚ ਤੋਂ ਬਾਅਦ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਨੇ ਸਰਕਾਰ ਨੂੰ ਰਿਪੋਰਟ ਭੇਜੀ।
ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਵੱਲੋਂ ਭੇਜੀ ਰਿਪੋਰਟ ਦੇ ਆਧਾਰ 'ਤੇ ਸੂਬਾ ਚੋਣ ਕਮਿਸ਼ਨ ਨੇ ਉਕਤ ਅਧਿਕਾਰੀਆਂ ਖਿਲਾਫ ਇਹ ਸਖਤ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਚੋਣ ਡਿਊਟੀ ਤੋਂ ਹਟਾਉਣ ਦੇ ਨਾਲ-ਨਾਲ ਤਬਾਦਲੇ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਿਸ ਤੋਂ ਬਾਅਦ ਐੱਸ. ਡੀ. ਐੱਮ. ਦਸੂਹਾ ਹਰਚਰਨ ਸਿੰਘ ਦੇ ਸਥਾਨ 'ਤੇ ਪੀ. ਸੀ. ਐੱਸ. ਕਮਿਸ਼ਨਰ ਐੱਮ. ਸੀ. ਹੁਸ਼ਿਆਰਪੁਰ ਬਲਬੀਰ ਰਾਜ ਨੂੰ ਐੱਸ. ਡੀ .ਐੱਮ. ਦਸੂਹਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇਸੇ ਤਰਾਂ ਨਾਇਬ ਤਹਿਸੀਲਦਾਰ ਮਨਜੀਤ ਸਿੰਘ ਦੇ ਸਥਾਨ 'ਤੇ ਨਾਇਬ ਤਹਿਸੀਲਦਾਰ ਦਸੂਹਾ ਓਂਕਾਰ ਸਿੰਘ ਨੂੰ ਟਾਂਡਾ ਦਾ ਵਾਧੂ ਚਾਰਜ ਅਤੇ ਬੀ. ਡੀ. ਪੀ. ਓ. (ਐੱਚ ) ਅਮ੍ਰਿੰਦਰਪਾਲ ਸਿੰਘ ਸਿੰਘ ਨੂੰ ਪਰਮਜੀਤ ਸਿੰਘ ਦੇ ਸਥਾਨ 'ਤੇ ਟਾਂਡਾ ਦਾ ਚਾਰਜ ਦਿੱਤਾ ਗਿਆ ਹੈ।