''ਜਗ ਬਾਣੀ'' ਐਕਸਕਲੂਸਿਵ ਰਿਪੋਰਟ : ਬੇਕਰੀ ਫੈਕਟਰੀ ''ਚ ਲੋਕਾਂ ਨੂੰ ਪਰੋਸਿਆ ਜਾ ਰਿਹੈ ਜ਼ਹਿਰ

09/30/2019 4:24:26 PM

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਤੰਦਰੁਸਤ ਪੰਜਾਬ ਮਿਸ਼ਨ ਅਧੀਨ ਸਿਹਤ ਅਤੇ ਫੂਡ ਸੇਫਟੀ ਵਿਭਾਗ ਵਲੋਂ ਮਿਲਾਵਟੀ ਵਸਤਾਂ ਤੇ ਗੁਣਵੱਤਾ ਪੱਖੋਂ ਜ਼ਹਿਰ ਪਰੋਸਣ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ। ਦੱਸ ਦਈਏ ਕਿ 'ਜਗ ਬਾਣੀ' ਦੀ ਐਕਸਕਲੂਸਿਵ ਰਿਪੋਰਟ ਨੇ ਇਨ੍ਹਾਂ ਦਾਅਵਿਆਂ ਦੀ ਫੂਕ ਕੱਢਦਿਆਂ ਮਾਛੀਵਾੜਾ ਇਲਾਕੇ 'ਚ ਇੱਕ ਅਜਿਹੀ ਬੇਕਰੀ ਦੀ ਫੈਕਟਰੀ ਦਾ ਪਰਦਾਫ਼ਾਸ਼ ਕੀਤਾ, ਜਿੱਥੇ ਗੰਦਗੀ 'ਚ ਕੇਕ ਅਤੇ ਪੇਸਟੀਆਂ ਤਿਆਰ ਹੁੰਦੇ ਸਨ ਅਤੇ ਉਸ ਵਿਚ ਜੋ ਮੈਟੀਰੀਅਲ ਵਰਤਿਆ ਜਾ ਰਿਹਾ ਹੈ, ਉਹ ਵੀ ਗੁਣਵੱਤਾ ਪੱਖੋਂ ਲੋਕਾਂ ਨੂੰ ਜ਼ਹਿਰ ਹੀ ਪਰੋਸਿਆ ਜਾ ਰਿਹਾ ਹੈ।

ਪੱਤਰਕਾਰਾਂ ਵਲੋਂ ਜਦੋਂ ਫੈਕਟਰੀ 'ਚ ਜਾ ਕੇ ਦੇਖਿਆ ਗਿਆ ਤਾਂ ਜਿਸ ਟੇਬਲ 'ਤੇ ਕੇਕ ਤੇ ਪੇਸਟੀਆਂ ਤਿਆਰ ਕੀਤੀਆਂ ਜਾਂਦੀਆਂ ਹਨ, ਉਥੇ ਅੱਤਾਂ ਦੀ ਗੰਦਗੀ ਫੈਲੀ ਹੋਈ ਸੀ ਅਤੇ ਫੈਕਟਰੀ ਦੇ ਹਰੇਕ ਕੋਨੇ 'ਚ ਸਫ਼ਾਈ ਨਾਮ ਦੀ ਕੋਈ ਚੀਜ਼ ਨਹੀਂ ਸੀ। ਜਿਨ੍ਹਾਂ ਟਰੇਆਂ 'ਚ ਪੇਸਟੀਆਂ ਲਈ ਬਰੈੱਡ ਦੇ ਬੇਸ ਤਿਆਰ ਕੀਤੇ ਜਾਂਦੇ ਹਨ, ਉਹ ਐਨੀਆਂ ਗੰਦੀਆਂ ਸਨ, ਜਿਨ੍ਹਾਂ 'ਚ ਰੋਜ਼ਾਨਾ ਇਹ ਮੈਟੀਰੀਅਲ ਤਾਂ ਤਿਆਰ ਕੀਤਾ ਜਾਂਦਾ ਹੈ ਪਰ ਉਨ੍ਹਾਂ ਦੀ ਕਦੇ ਸਫ਼ਾਈ ਨਹੀਂ ਕੀਤੀ ਗਈ। ਇਨ੍ਹਾਂ ਗੰਦਗੀ ਭਰੀਆਂ ਟਰੇਆਂ 'ਚ ਹੀ ਬਣਾਈਆਂ ਜਾਂਦੀਆਂ ਪੇਸਟੀਆਂ ਤੇ ਕੇਕਾਂ ਰਾਹੀਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।

ਗੰਦੀਆਂ ਟਰੇਆਂ ਵਿਚ ਕੇਕ ਤੇ ਪੇਸਟੀਆਂ ਲਈ ਤਿਆਰ ਕੀਤੇ ਗਏ ਬੇਸ।

PunjabKesari

ਹੋਰ ਤਾਂ ਹੋਰ ਪੇਸਟੀਆਂ ਅਤੇ ਕੇਕ ਨੂੰ ਸੁੰਦਰ ਤੇ ਰੰਗ-ਬਿਰੰਗੇ ਬਣਾਉਣ ਲਈ ਜੋ ਸਾਮਾਨ ਵਰਤਿਆ ਜਾ ਰਿਹਾ ਹੈ, ਉਹ ਬੇਹੱਦ ਹੀ ਘਟੀਆ ਦਿਖਿਆ ਅਤੇ ਇਹ ਸਾਰਾ ਸਾਮਾਨ ਹੀ ਕੋਈ ਵਧੀਆ ਕੰਪਨੀ ਦੀ ਬਜਾਏ ਘਟੀਆ ਕੰਪਨੀ ਦਾ ਵਰਤਿਆ ਜਾ ਰਿਹਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੋਈ ਕਿ ਕੇਕ ਤੇ ਪੇਸਟੀਆਂ ਉਪਰ ਜੋ ਚਾਕਲੇਟ, ਜੈਲੀ ਤੇ ਜੈਮ ਵਰਤੀ ਜਾਂਦੀ ਹੈ, ਉਸਦੀਆਂ ਬਾਲਟੀਆਂ ਭਰੀਆਂ ਸਨ ਅਤੇ ਉਸ ਤੋਂ ਇੰਝ ਜਾਪ ਰਿਹਾ ਸੀ ਕਿ ਜਿਵੇਂ ਉਹ ਰੰਗ-ਰੋਗਨ ਵਾਲੀਆਂ ਬਾਲਟੀਆਂ ਹੋਣ। ਇਨ੍ਹਾਂ ਖਾਣ-ਪੀਣ ਦੀਆਂ ਵਸਤਾਂ ਉਪਰ ਕਿਸੇ ਵੀ ਕੰਪਨੀ ਦਾ ਨਾਮ ਦਰਜ ਨਹੀਂ ਸੀ ਅਤੇ ਗੁਣਵੱਤਾ ਪੱਖੋਂ ਵੀ ਘਟੀਆ ਦਰਜੇ ਦਾ ਸਾਮਾਨ ਦਿਖਾਈ ਦੇ ਰਿਹਾ ਸੀ। ਬੇਸ਼ੱਕ ਸਰਕਾਰ ਵਲੋਂ ਖਾਣ-ਪੀਣ ਦੀਆਂ ਵਸਤਾਂ ਬਣਾਉਣ ਵਾਲੇ ਲੋਕਾਂ ਨੂੰ ਫੂਡ ਸੇਫਟੀ ਤਹਿਤ ਲਾਇਸੈਂਸ ਬਣਾਉਣ ਦੀ ਹਦਾਇਤ ਕੀਤੀ ਗਈ ਹੈ ਪਰ ਮਾਛੀਵਾੜਾ, ਸਮਰਾਲਾ, ਖੰਨਾ, ਨਵਾਂਸ਼ਹਿਰ ਅਜਿਹੀਆਂ ਕਈ ਥਾਵਾਂ ਹਨ ਜਿੱਥੇ ਬਿਨਾਂ ਕਿਸੇ ਲਾਇਸੈਂਸ ਤੋਂ ਅਜਿਹੀ ਬੇਕਰੀ ਵਾਲੀਆਂ ਫੈਕਟਰੀਆਂ ਚੱਲ ਰਹੀਆਂ ਹਨ, ਜਿਨ੍ਹਾਂ 'ਤੇ ਸਰਕਾਰ ਦੀ ਕੋਈ ਨਜ਼ਰ ਨਹੀਂ ਅਤੇ ਗੁਣਵੱਤਾ ਪੱਖੋਂ ਜ਼ਹਿਰ ਪਰੋਸ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ, ਜਿਨ੍ਹਾਂ ਨੂੰ ਨੱਥ ਪਾਉਣੀ ਅਤਿ ਜ਼ਰੂਰੀ ਹੈ, ਤਾਂ ਹੀ ਸਰਕਾਰ ਦਾ ਤੰਦਰੁਸਤ ਪੰਜਾਬ ਮਿਸ਼ਨ ਸਫ਼ਲਤਾ ਵੱਲ ਵਧੇਗਾ।

ਕੇਕ ਤੇ ਪੇਸਟੀਆਂ ਨੂੰ ਸਜਾਵਟ ਲਈ ਰੰਗ ਵਾਲੀਆਂ ਟਿਊਬਾਂ।

PunjabKesari

ਕੀ, ਦੁਕਾਨਾਂ 'ਚ ਸਜਾ ਕੇ ਰੱਖੇ ਕੇਕ ਤੇ ਪੇਸਟੀਆਂ ਗੁਣਵੱਤਾ ਪੱਖੋਂ ਉੱਤਮ?
ਸ਼ਹਿਰ ਤੇ ਪਿੰਡਾਂ ਦੀਆਂ ਦੁਕਾਨਾਂ ਵਿਚ ਸ਼ੋਅਕੇਸਾਂ ਵਿਚ ਬਹੁਤ ਸਜਾ ਕੇ ਰੱਖਿਆ ਬੇਕਰੀ ਦਾ ਸਾਮਾਨ ਜਿਸ ਨੂੰ ਦੇਖ ਕੇ ਗ੍ਰਾਹਕ ਖਰੀਦ ਲੈਂਦੇ ਹਨ ਪਰ ਉਸ ਨੂੰ ਇਹ ਨਹੀਂ ਪਤਾ ਕਿ ਬੇਕਰੀ ਦੀਆਂ ਫੈਕਟਰੀਆਂ ਵਿਚ ਇਹ ਖਾਣ-ਪੀਣ ਦੀਆਂ ਵਸਤਾਂ ਬਹੁਤ ਹੀ ਗੰਦਗੀ ਭਰੇ ਮਾਹੌਲ ਤੇ ਘਟੀਆ ਮੈਟੀਰੀਅਲ ਨਾਲ ਤਿਆਰ ਹੋਈਆਂ ਹਨ, ਜੋ ਕਿ ਗੁਣਵੱਤਾ ਪੱਖੋਂ ਉਤਮ ਹਨ ਜਾਂ ਨਹੀਂ। ਕੇਕ ਤੇ ਪੇਸਟੀਆਂ ਵਿਚ ਵਰਤਿਆ ਜਾਣ ਵਾਲਾ ਕੈਮੀਕਲ ਲੋਕਾਂ ਦੀ ਜਿੱਥੇ ਸਿਹਤ ਨੂੰ ਤਾਂ ਖਰਾਬ ਕਰ ਹੀ ਰਿਹਾ ਹੈ, ਉਥੇ ਵਿਭਾਗ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲਗਾ ਰਿਹਾ ਹੈ ਕਿ ਇਹ ਗੰਦਗੀ ਪਰੋਸ ਰਹੀਆਂ ਬੇਕਰੀ ਦੀਆਂ ਫੈਕਟਰੀਆਂ ਬਿਨਾਂ ਮਿਲੀਭੁਗਤ ਤੋਂ ਨਹੀਂ ਚੱਲ ਸਕਦੀਆਂ। ਪੰਜਾਬ ਸਰਕਾਰ ਦਾ ਸਿਹਤ ਤੇ ਫੂਡ ਸੇਫਟੀ ਵਿਭਾਗ ਕੁਝ ਛੋਟੇ-ਮੋਟੇ ਦੁਕਾਨਦਾਰਾਂ ਤੇ ਡੇਅਰੀ ਵਾਲਿਆਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦੇ ਸੈਂਪਲ ਭਰ ਕੇ ਖਾਨਾਪੂਰਤੀ ਕਰ ਜਾਂਦਾ ਹੈ ਪਰ ਉਹ ਵੱਡੀਆਂ ਬੇਕਰੀ ਦੀਆਂ ਫੈਕਟਰੀਆਂ ਤੋਂ ਇਲਾਵਾ ਕੈਮੀਕਲ ਨਾਲ ਪਨੀਰ ਤੇ ਭਾਰੀ ਮਾਤਰਾ ਵਿਚ ਖਾਣ-ਪੀਣ ਵਾਲੀਆਂ ਵਸਤਾਂ ਤਿਆਰ ਕਰਨ ਵਾਲਿਆਂ ਵੱਲ ਇਹ ਵਿਭਾਗ ਮੂੰਹ ਕਿਉਂ ਨਹੀਂ ਕਰਦਾ, ਲੋਕਾਂ ਦੇ ਮਨਾਂ ਵਿਚ ਕਈ ਸ਼ੰਕੇ ਖੜ੍ਹੇ ਕਰਦਾ ਹੈ।

ਕੀ ਕਹਿਣਾ ਹੈ ਅਧਿਕਾਰੀ ਦਾ?
ਫੂਡ ਸੇਫਟੀ ਵਿਭਾਗ ਦੇ ਜ਼ਿਲਾ ਅਧਿਕਾਰੀ ਡਾ. ਅੰਦੇਸ਼ ਕੰਗ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੇਕ ਤੇ ਪੇਸਟੀਆਂ ਵਿਚ ਕੈਮੀਕਲ ਵਰਤੇ ਜਾਂਦੇ ਹਨ ਪਰ ਇਹ ਘਟੀਆ ਕੁਆਲਿਟੀ ਦੇ ਨਹੀਂ ਹੋਣੇ ਚਾਹੀਦੇ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਰੋਜ਼ਾਨਾ ਹੀ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਕੇ ਖਾਣ-ਪੀਣ ਵਾਲੀਆਂ ਵਸਤਾਂ ਦੇ ਸੈਂਪਲ ਭਰੇ ਜਾਂਦੇ ਹਨ ਅਤੇ ਜੇਕਰ ਮਾਛੀਵਾੜਾ ਇਲਾਕੇ ਵਿਚ ਕਿਤੇ ਗੰਦਗੀ ਤੇ ਘਟੀਆ ਮੈਟੀਰੀਅਲ ਵਾਲਾ ਸਾਮਾਨ ਤਿਆਰ ਹੋ ਰਿਹਾ ਹੈ ਤਾਂ ਉਹ ਉਸਦੀ ਜਾਂਚ ਕਰਵਾਉਣਗੇ।


Anuradha

Content Editor

Related News