ਪੰਜਾਬ ਵਿਧਾਨ ਸਭਾ ''ਚ ਬਾਜਵਾ ਤੇ ਮੰਤਰੀ ਸੌਂਦ ਆਹਮੋ-ਸਾਹਮਣੇ, ਹੋ ਗਈ ਤਿੱਖੀ ਬਹਿਸ
Tuesday, Mar 25, 2025 - 11:29 AM (IST)

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੇ ਪ੍ਰਸ਼ਨਕਾਲ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਲੋਂ ਪੰਚਾਇਤ ਸੰਮਤੀ ਫਿਰੋਜ਼ਪੁਰ ਨਾਲ ਸਬੰਧਿਤ 1.80 ਕਰੋੜ ਦੇ ਹੋਏ ਘਪਲੇ ਦਾ ਮੁੱਦਾ ਚੁੱਕਿਆ ਗਿਆ। ਇਸ ਦਾ ਜਵਾਬ ਦਿੰਦੇ ਹੋਏ ਕੈਬਨਿਟ ਮੰਤਰੀ ਤੁਰਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਇਹ ਕੇਸ ਪੰਚਾਇਤ ਸੰਮਤੀ ਫਿਰੋਜ਼ਪੁਰ ਨਾਲ ਸਬੰਧਿਤ ਹੈ। ਇਸ ਤਹਿਤ 15ਵੇਂ ਵਿੱਤ ਕਮਿਸ਼ਨ ਦੇ 1.80 ਕਰੋੜ ਰੁਪਏ ਪੰਚਾਇਤ ਸੰਮਤੀ 'ਚੋਂ ਕਢਵਾਏ ਗਏ ਸਨ। ਇਸ ਮਾਮਲੇ ਦੇ ਧਿਆਨ 'ਚ ਆਉਂਦੇ ਹੀ ਵੱਡੀ ਕਾਰਵਾਈ ਕਰਦਿਆਂ 6 ਵਿਅਕਤੀਆਂ ਖ਼ਿਲਾਫ਼ ਐੱਫ. ਆਈ. ਆਰ. ਕੀਤੀ ਗਈ ਅਤੇ ਅੰਦਰੂਨੀ ਪੜਤਾਲ ਵੀ ਕਰਵਾਈ ਗਈ।
ਇਹ ਵੀ ਪੜ੍ਹੋ : ਪੰਜਾਬ 'ਚ ਲਾਲ ਡੋਰੇ ਅੰਦਰ ਆਉਂਦੇ ਪਲਾਟਾਂ ਦੇ ਕਬਜ਼ਾ ਧਾਰਕਾਂ ਲਈ ਵੱਡੀ ਖ਼ਬਰ, ਤੁਸੀਂ ਵੀ ਪੜ੍ਹੋ
ਇਸ ਦੇ ਨਾਲ ਹੀ ਇਹ ਕੇਸ ਸਾਈਬਰ ਕ੍ਰਾਈਮ ਅਤੇ ਵਿਜੀਲੈਂਸ ਨੂੰ ਦੇਣ ਦੇ ਨਾਲ-ਨਾਲ ਅਧਿਕਾਰੀਆਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਮੰਤਰੀ ਸੌਂਦ ਨੇ ਕਿਹਾ ਕਿ ਅਸੀਂ ਭਾਰਤ ਸਰਕਾਰ ਨੂੰ ਵੀ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ 'ਗ੍ਰਾਮ ਸਵਰਾਜ ਐਪਲੀਕੇਸ਼ਨ' ਦੇ ਸਕਿਓਰਿਟੀ ਮਾਪਦੰਡ ਹੋਰ ਵੀ ਸਖ਼ਤ ਕੀਤੇ ਜਾਣ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸੂਬੇ ਕੋਲ ਤਾਂ ਪਹਿਲਾਂ ਹੀ ਪੈਸੇ ਹੀ ਘੱਟ ਹਨ ਅਤੇ ਇਹੋ ਜਿਹੇ ਘਪਲੇ ਸਮੁੱਚੇ ਪੰਜਾਬ 'ਚ ਹੋ ਰਹੇ ਹਨ ਅਤੇ ਪਿੰਡ-ਪਿੰਡ ਇਹ ਕੰਮ ਚੱਲ ਰਿਹਾ ਹੈ। ਬਾਜਵਾ ਨੇ ਪੁੱਛਿਆ ਕਿ ਉਕਤ 1.80 ਕਰੋੜ ਰੁਪਏ ਜਿਸ ਫਰਮ ਨੂੰ ਗਏ, ਕੀ ਉਸ ਦੇ ਮਾਲਕ ਤੋਂ ਕੁੱਝ ਰਿਕਵਰੀ ਹੋਈ ਹੈ ਅਤੇ ਐੱਫ. ਆਈ. ਆਰ. ਬਾਏ ਨੇਮ ਕਿਉਂ ਨਹੀਂ ਹੋਈ?
ਇਸ ਦੇ ਨਾਲ ਹੀ ਕੀ ਪੰਜਾਬ ਸਰਕਾਰ ਸਾਰੇ ਪੰਜਾਬ 'ਚ ਇਸ ਦਾ ਆਡਿਟ ਕਰਵਾਏਗੀ? ਇਸ ਦਾ ਜਵਾਬ ਦਿੰਦਿਆਂ ਮੰਤਰੀ ਸੌਂਦ ਨੇ ਕਿਹਾ ਕਿ ਇਹ ਕੋਰੜਾਂ ਰੁਪਿਆਂ ਦਾ ਮਾਮਲਾ ਹੈ ਅਤੇ ਅਸੀਂ ਪਹਿਲਾਂ ਹੀ ਭਾਰਤ ਸਰਕਾਰ ਨੂੰ ਇਸ ਬਾਰੇ ਲਿਖ ਚੁੱਕੇ ਹਾਂ। ਇਹ ਪੰਜਾਬ ਨਹੀਂ, ਸਗੋਂ ਪੂਰੇ ਭਾਰਤ ਦੀ ਸਮੱਸਿਆ ਹੈ। ਬਾਜਵਾ ਨੇ ਕਿਹਾ ਕਿ ਇਸ ਦਾ ਮਤਲਬ ਜਦੋਂ ਵਿਧਾਨ ਸਭਾ 'ਚ ਸਵਾਲ ਕੀਤਾ ਜਾਵੇਗਾ, ਇਸ ਦਾ ਮਤਲਬ ਹੈ ਕਿ ਉਦੋਂ ਹੀ ਕਾਰਵਾਈ ਹੋਵੇਗੀ ਤਾਂ ਮੰਤਰੀ ਸੌਂਦ ਭੜਕ ਗਏ। ਉਨ੍ਹਾਂ ਕਿਹਾ ਕਿ ਉਕਤ ਮਾਮਲੇ 'ਚ ਚੇਅਰਮੈਨ ਬਲਾਕ ਸੰਮਤੀ ਦੇ ਵੀ ਹਸਤਾਖ਼ਤ ਹੁੰਦੇ ਹਨ ਤਾਂ ਬਾਜਵਾ ਨੂੰ ਪੁੱਛੋ ਕਿ ਉਸ ਵੇਲੇ ਚੇਅਰਮੈਨ ਕਿਸ ਪਾਰਟੀ ਦਾ ਸੀ। ਉਨ੍ਹਾਂ ਕਿਹਾ ਕਿ ਚੇਅਰਮੈਨ ਕਾਂਗਰਸ ਪਾਰਟੀ ਦਾ ਹੀ ਸੀ। ਬਾਜਵਾ ਨੇ ਕਿਹਾ ਕਿ ਚੇਅਰਮੈਨ ਜਿਸ ਮਰਜ਼ੀ ਪਾਰਟੀ ਦਾ ਹੋਵੇ, ਅਸੀਂ ਕਦੇ ਨਹੀਂ ਕਿਹਾ ਕਿ ਉਸ 'ਤੇ ਕਾਰਵਾਈ ਨਾ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8