ਬਾਜਵਾ ਨੇ ਮਾਈਨਿੰਗ ਮੰਤਰੀ ’ਤੇ ਮਾਈਨਿੰਗ ਮਾਫੀਆ ਨਾਲ ਗਠਜੋੜ ਦਾ ਦੋਸ਼ ਲਾਇਆ
Saturday, Jan 20, 2024 - 06:43 PM (IST)
ਚੰਡੀਗੜ੍ਹ : ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ’ਤੇ ਸੂਬੇ ’ਚ ਮਾਈਨਿੰਗ ਮਾਫੀਆ ਨਾਲ ਮਿਲੀਭੁਗਤ ਕਰਨ ਦਾ ਦੋਸ਼ ਲਾਇਆ ਹੈ। ਇਕ ਖ਼ਬਰ ਦਾ ਹਵਾਲਾ ਦਿੰਦਿਆਂ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮਾਈਨਿੰਗ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ 18 ਜਨਵਰੀ ਨੂੰ ਸੈਦਪੁਰ ਸਟੋਨ ਕਰੱਸ਼ਰ ਦੇ ਮਾਲਕ ਦੇ ਪੁੱਤਰ ਦੇ ਵਿਆਹ ਸਮਾਰੋਹ ਵਿਚ ਸ਼ਾਮਲ ਹੋਏ ਸਨ। ਜ਼ਿਕਰਯੋਗ ਹੈ ਕਿ ਇਸੇ ਕਰੱਸ਼ਰ ਖ਼ਿਲਾਫ 27 ਜਨਵਰੀ, 2023 ਨੂੰ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਦੌਰਾਨ ਪੰਜਾਬ ਦੇ ਮਾਈਨਿੰਗ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਦੱਸਣ ਕਿ ਉਨ੍ਹਾਂ ਨੂੰ ਨਾਜਾਇਜ਼ ਮਾਈਨਿੰਗ ਦੇ ਮਾਮਲੇ 'ਚ ਦਰਜ ਕਰੱਸ਼ਰ ਦੇ ਮਾਲਕ ਦੇ ਬੇਟੇ ਦੇ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਲਈ ਕਿਸ ਕਾਰਨ ਮਜਬੂਰ ਹੋਣਾ ਪਿਆ। ਲੋਕਾਂ ਨੂੰ ਮਾਈਨਿੰਗ ਮਾਫੀਆ ਨਾਲ ਉਸ ਦੀ ਮਿਲੀਭੁਗਤ 'ਤੇ ਸ਼ੱਕ ਕਿਉਂ ਨਹੀਂ ਕਰਨਾ ਚਾਹੀਦਾ ਜਦੋਂ ਉਹ ਅਜਿਹੇ ਲੋਕਾਂ ਨਾਲ ਖੁੱਲ੍ਹ ਕੇ ਮਿਲ ਰਿਹਾ ਹੈ?
ਇਹ ਵੀ ਪੜ੍ਹੋ : ਪੰਜਾਬ ਵਿਚ ਅਕਾਲੀ ਦਲ ਨਾਲ ਗਠਜੋੜ ਨੂੰ ਲੈ ਕੇ ਬਸਪਾ ਸੁਪਰੀਮੋ ਮਾਇਆਵਤੀ ਦਾ ਵੱਡਾ ਬਿਆਨ
ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਭਾਵੇਂ ਉਕਤ ਸਟੋਨ ਕਰੱਸ਼ਰ ਖ਼ਿਲਾਫ ਐੱਫ. ਆਈ. ਆਰ ਦਰਜ ਕੀਤੀ ਗਈ ਹੈ ਪਰ ਪੁਲਸ ਕਰੱਸ਼ਰ ਦੇ ਮਾਲਕ ਵਿਰੁੱਧ ਢੁਕਵੀਂ ਕਾਰਵਾਈ ਕਰਨ ਵਿਚ ਅਸਫਲ ਰਹੀ ਹੈ। ਮਾਈਨਿੰਗ ਮੰਤਰੀ ਨੇ ਆਪਣੇ ਪ੍ਰਭਾਵ ਦੀ ਵਰਤੋਂ ਕੀਤੀ ਜਾਪਦੀ ਹੈ, ਇਸ ਲਈ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਪਣੇ ਦੋ ਸਾਲਾਂ ਦੇ ਕਾਰਜਕਾਲ ਦੌਰਾਨ 'ਆਪ' ਸਰਕਾਰ ਨੇ ਮਾਈਨਿੰਗ ਵਿਭਾਗ ਤੀਜੇ ਮੰਤਰੀ ਨੂੰ ਦਿੱਤਾ ਹੈ। ਫਿਰ ਵੀ, ਸੂਬੇ ਵਿਚ ਗੈਰ-ਕਾਨੂੰਨੀ ਮਾਈਨਿੰਗ ਵੱਡੇ ਪੱਧਰ 'ਤੇ ਹੋ ਰਹੀ ਹੈ। ਬਾਜਵਾ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਕੇਂਦਰੀ ਰੱਖਿਆ ਮੰਤਰਾਲੇ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਪਹਿਲਾਂ ਹੀ ਗੈਰ-ਕਾਨੂੰਨੀ ਮਾਈਨਿੰਗ ਲਈ ਪੰਜਾਬ ਸਰਕਾਰ ਨੂੰ ਝਾੜ ਪਾ ਚੁੱਕੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8