'ਇਹ ਵਿਸਾਖੀ ਖਾਮੋਸ਼ ਹੈ ਹਰ ਵਰ੍ਹੇ ਵਿਸਾਖੀ ਮਨਾਉਣ ਲਈ...!'

Monday, Apr 13, 2020 - 12:53 PM (IST)

'ਇਹ ਵਿਸਾਖੀ ਖਾਮੋਸ਼ ਹੈ ਹਰ ਵਰ੍ਹੇ ਵਿਸਾਖੀ ਮਨਾਉਣ ਲਈ...!'

ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ ਸਿੰਘ ਡੂਮੇਵਾਲ)— ਪੰਜਾਬ ਦੀ ਧਰਤੀ 'ਤੇ ਵਿਸਾਖੀ ਦੇ ਦਿਹਾੜੇ 'ਤੇ ਕਦੇ ਢੋਲ ਦੀ ਤਾਲ 'ਤੇ ਭੰਗੜੇ ਪੈਂਦੇ ਸਨ। ਗਿੱਧਿਆਂ 'ਚ ਧਮਾਲਾਂ ਪੈਂਦੀਆਂ ਸਨ ਅਤੇ ਇਹ ਖੁਸ਼ਹਾਲੀ ਪਿੰਡਾਂ ਦੀਆਂ ਜੂਹਾਂ ਅਤੇ ਘਰਾਂ ਤੱਕ ਦੀਆਂ ਬਰੂਹਾਂ ਤੱਕ ਜਾ ਦਸਤਕ ਦਿੰਦੀ ਸੀ।

'ਚੜ੍ਹੇ ਵਿਸਾਖ ਵਿਸਾਖੀ ਆਈ, ਮੇਲਾ ਵੇਖਣ ਤੁਰੀ ਲੋਕਾਈ,
ਪਿੰਡ ਅਤੇ ਸ਼ਹਿਰ ਹੁੰਮ-ਹੁਮਾ ਕੇ ਦੇਣ ਵਧਾਈ।

ਪਰ ਅੱਜ ਸਮੁੱਚੀ ਲੋਕਾਈ ਵਿਸਾਖੀ ਦੇ ਇਸ ਦਿਹਾੜੇ 'ਤੇ ਖਾਮੋਸ਼ ਹੈ। ਕੋਰੋਨਾ ਵਾਇਰਸ ਦੀ ਦਹਿਸ਼ਤ ਘਰਾਂ ਦੇ ਚੁੱਲ੍ਹਿਆਂ ਤੱਕ ਆ ਪੁੱਜੀ ਹੈ। ਪੰਜਾਬ ਦੀ ਮਨੁੱਖਤਾ ਹਿਤੈਸ਼ੀ ਧਰਤੀ 'ਤੇ ਇਹ ਕਿਹੋ ਜਿਹਾ ਇਤਫਾਕ ਜੁੜਿਆ ਹੈ ਕਿ ਮਾਵਾਂ ਦੀਆਂ ਲਾਸ਼ਾਂ ਸੰਭਾਲਣ ਲਈ ਕੋਈ ਪੁੱਤ ਤਿਆਰ ਨਹੀਂ। ਕੀਰਤਨ ਦੀ ਟਹਿਲ ਕਮਾ ਕੇ ਤੁਰ ਜਾਣ ਵਾਲਿਆਂ ਨੂੰ ਸਿਵੇ ਲਈ ਥਾਂ ਨਸੀਬ ਨਹੀਂ। ਪੰਜਾਬ ਦਾ ਹਰ ਪਿੰਡ ਕਿਤੇ ਪੁਲਸ ਅਤੇ ਕਿਤੇ ਠੀਕਰੀ ਪਹਿਰੇ ਦੀ ਜਕੜ 'ਚ ਹੈ। ਕਈ ਘਰਾਂ 'ਚ ਸੱਥਰ ਵਿਛੇ ਹਨ ਅਤੇ ਕਿਤੇ ਮਨੁੱਖਤਾ ਹਸਪਤਾਲਾਂ 'ਚ ਜ਼ਿੰਦਗੀ-ਮੌਤ ਦੀ ਜੰਗ ਲੜ ਰਹੀ ਹੈ। ਸ਼ਾਇਦ ਇਹ ਉਹੀ ਖਾਮੋਸ਼ੀ ਹੈ, ਜੋ ਪੰਜਾਬ ਦੀ ਧਰਤ 'ਤੇ 1919 ਦੀ ਵਿਸਾਖੀ ਉਪਰੰਤ ਉਦੋਂ ਪੱਸਰੀ ਸੀ, ਜਦੋਂ ਨਿਹੱਥੀ ਪੰਜਾਬੀਅਤ ਦੇ ਸੀਨੇ ਗੋਲੀਆਂ ਦਾਗ ਕੇ ਸਰ ਮਾਈਕਲ ਓਡਵਾਇਰ ਅੰਮ੍ਰਿਤਸਰ ਦੀ ਧਰਤੀ 'ਤੇ ਲੋਥਾਂ ਦੇ ਢੇਰ ਲਾ ਗਿਆ ਸੀ ਅਤੇ ਇਹ ਖਾਮੋਸ਼ੀ 21 ਵਰ੍ਹੇ ਦੇ ਅਰਸੇ ਬਾਅਦ ਉਦੋਂ ਟੁੱਟੀ ਸੀ, ਜਦੋਂ ਲੰਡਨ ਦੇ ਕੈਕਸਟਨ ਹਾਲ 'ਚ ਓਡਵਾਇਰ ਤੋਂ ਪੰਜਾਬ ਦੇ ਮਹਾਨ ਸਪੂਤ ਊਧਮ ਸਿੰਘ ਸੁਨਾਮ ਨੇ ਖੂਨ ਦਾ ਬਦਲਾ ਖੂਨ ਲਿਆ ਸੀ। ਅੱਜ ਉਹੀ ਵਿਸਾਖੀ, ਉਹੀ ਪੰਜਾਬ ਕੋਰੋਨਾ ਵਾਇਰਸ ਦੇ ਆਲਮ ਹੇਠ ਤ੍ਰਾਹ-ਤ੍ਰਾਹ ਕਰ ਰਿਹਾ ਹੈ। ਢੋਲ ਦੀ ਤਾਲ 'ਤੇ ਉੱਠਣ ਵਾਲੇ ਪੱਬ ਕਰਫਿਊ ਨੇ ਜਕੜੇ ਹੋਏ ਹਨ। ਪੰਜਾਬ ਦੇ ਕੋਨੇ-ਕੋਨੇ 'ਚ ਬੈਠੀ ਮੌਤ ਭੁੱਖੀ ਡੈਣ ਦੀ ਤਰਜ਼ 'ਤੇ ਮਨੁੱਖਤਾ ਨੂੰ ਖਾ ਰਹੀ ਹੈ।

ਇਹ ਵੀ ਪੜ੍ਹੋ : ਨਿੱਜੀ ਯੂਨੀਵਰਸਿਟੀ ਦੀ ਕੋਰੋਨਾ ਪਾਜ਼ੀਟਿਵ ਵਿਦਿਆਰਥਣ ਬਾਰੇ ਵੱਡਾ ਖੁਲਾਸਾ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

PunjabKesari

ਕੋਰੋਨਾ ਤ੍ਰਾਸਦੀ ਨੇ ਹਰ ਰਾਹ ਕੀਤਾ ਸੀਲ
ਧਨੀ ਰਾਮ ਚਾਤ੍ਰਿਕ ਦੀ ਕਵਿਤਾ ਵਾਲਾ ਉਹ ਖੁਸ਼ਹਾਲ ਜੱਟ, ਜੋ ਕਦੇ ਤੂੜੀ ਤੰਦ ਸਾਂਭ, ਹਾੜ੍ਹੀ ਵੇਚ ਵੱਟ ਕੇ ਦਮਾਮੇ ਮਾਰਦਾ ਮੇਲੇ ਜਾਂਦਾ ਸੀ, ਉਹ ਅੱਜ ਹਾੜ੍ਹੀ ਸਾਂਭਣ ਲਈ ਧੁਰ ਅੰਦਰੋਂ ਫਿਕਰਾਂ ਨੇ ਚਰੂੰਡਿਆ ਪਿਆ ਹੈ। ਸੋਨੇ ਰੰਗੇ ਅਨਾਜ ਦੇ ਸਿੱਟੇ ਵਾਢੀ ਖੁਣੋਂ ਟੁੱਟ-ਟੁੱਟ ਕੇ ਜ਼ਮੀਨ 'ਤੇ ਡਿੱਗ ਰਹੇ ਹਨ। ਸਿਰ 'ਤੇ ਕਰਜ਼ੇ ਦੀ ਪੰਡ ਦਾ ਹਿਸਾਬ ਕੋਈ ਨਹੀਂ। ਖੁਦਕੁਸ਼ੀਆਂ ਦਾ ਅੰਕੜਾ ਵੀਹ ਹਜ਼ਾਰ ਤੋਂ ਲੰਘ ਚੁੱਕਾ ਹੈ। ਉਹ ਕਿਹੜੇ ਉਤਸ਼ਾਹ ਨਾਲ ਵਿਸਾਖੀ ਜਾਵੇਗਾ? ਉਸ ਦੇ ਕਰਜ਼ੇ ਦੀਆਂ ਜ਼ੰਜੀਰਾਂ ਜਕੜੇ ਪੱਬ ਕਿਸ ਉਤਸ਼ਾਹ ਨਾਲ ਢੋਲ ਦੇ ਡਗੇ 'ਤੇ ਉੱਠਣਗੇ? ਇਹ ਕੁਦਰਤ ਦਾ ਕਿਹੋ ਜਿਹਾ ਇਤਫਾਕ ਹੈ ਕਿ ਤਲਵੰਡੀ ਸਾਬੋ, ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਨੂੰ ਜਾਣ ਵਾਲਾ ਹਰ ਰਾਹ 'ਕੋਰੋਨਾ ਤ੍ਰਾਸਦੀ' ਨੇ ਸੀਲ ਕੀਤਾ ਹੋਇਆ ਹੈ। ਹਰ ਗੁਰੂ ਘਰ ਦਾ ਬੂਹਾ ਦਰਸ਼ਨ-ਦੀਦਾਰਿਆਂ ਲਈ ਬੰਦ ਹੈ।

ਇਹ ਵੀ ਪੜ੍ਹੋ : ਮੋਹਾਲੀ ਤੋਂ ਬਾਅਦ ਹੁਣ ਜਲੰਧਰ 'ਚ ਕੋਰੋਨਾ ਦਾ ਕਹਿਰ, ਜਾਣੋ ਕੀ ਨੇ ਤਾਜ਼ਾ ਹਾਲਾਤ

ਜੇ ਜਗ 'ਤੇ ਜਿਉਂਦੇ ਰਹਾਂਗੇ ਤਾਂ ਮੇਲੇ ਹਰ ਵਰ੍ਹੇ ਲੱਗਣਗੇ
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਤਰਕ ਹੈ ਕਿ ਹਰ ਵਰ੍ਹੇ ਵਿਸਾਖੀ ਮਨਾਉਣ ਲਈ ਆਓ, ਅਸੀਂ ਇਸ ਵਾਰ ਵਿਸਾਖੀ ਨਾ ਮਨਾਈਏ। ਇਹੋ ਸੱਚ ਹੈ ਕਿ ਜੇ ਜਗ 'ਤੇ ਜਿਉਂਦੇ ਰਹਾਂਗੇ ਤਾਂ ਮੇਲੇ ਹਰ ਵਰ੍ਹੇ ਲੱਗਣਗੇ ਕਿਉਂਕਿ ਇਥੇ ਜਗ ਜਿਊਂਦਿਆਂ ਦੇ ਮੇਲੇ ਹਨ ਅਤੇ ਜੇ ਜ਼ਿੰਦਗੀ ਹੀ ਨਾ ਰਹੀ ਤਾਂ ਇਹ ਵਿਸਾਖੀ ਵੇਖੀ ਜਾਂ ਨਾ ਵੇਖੀ ਦਾ ਕੋਈ ਮਕਸਦ ਨਹੀਂ। ਇਤਿਹਾਸ ਗਵਾਹ ਹੈ ਕਿ ਸਮਾਂ ਹਮੇਸ਼ਾ ਕਰਵਟ ਲੈਂਦਾ ਹੈ ਅਤੇ ਅਹਿਮ ਘਟਨਾਵਾਂ ਤਵਾਰੀਖ ਦਾ ਹਿੱਸਾ ਬਣਦੀਆਂ ਹਨ। ਲੋਕ ਕੋਰੋਨਾ ਤ੍ਰਾਸਦੀ ਦੀ ਭਰਪੂਰ ਵਿਸਾਖੀ 2020 ਨੂੰ ਵੀ ਸ਼ਾਇਦ ਉਸ ਤਰਜ਼ 'ਤੇ ਹੀ ਯਾਦ ਕਰਨਗੇ ਜਿਵੇਂ ਵਿਸਾਖੀ 1919 ਨੂੰ ਅੱਜ ਯਾਦ ਕੀਤਾ ਜਾ ਰਿਹਾ ਹੈ। ਇਹ ਵੀ ਖਾਮੋਸ਼ ਵਿਸਾਖੀ ਦਾ ਹੀ ਇਕ ਤਰਕ ਹੈ ਕਿ ਗੁਰੂ ਜੀ ਦੇ ਵੰਡ ਛਕਣ ਅਤੇ ਸੇਵਾ ਸਿਧਾਂਤ ਨੂੰ ਅਗਾਂਹ ਤੋਰਦਿਆਂ ਅੱਜ ਲੱਖਾਂ ਲੋਕ ਮੰਝਧਾਰ 'ਚ ਫਸੀ ਮਨੁੱਖਤਾ ਦੀ ਖਿਦਮਤ 'ਚ ਜੁੱਟੇ ਹੋਏ ਹਨ ਅਤੇ ਲੱਖਾਂ ਲੋਕਾਂ ਲਈ ਨਿਰਬਾਹ ਅਤੇ ਰਿਜ਼ਕ ਦਾ ਸਬੱਬ ਬਣੇ ਹੋਏ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿਧਾਂਤ ਦੀ ਇਹ ਆਪਾ ਵਾਰ ਅਤੇ ਦੂਜਿਆਂ ਪ੍ਰਤੀ ਮਰ ਮਿਟਣ ਦੀ ਪ੍ਰਥਾ ਅੱਜ ਕੋਰੋਨਾ ਵਾਇਰਸ ਤ੍ਰਾਸਦੀ 'ਚੋਂ ਪ੍ਰਤੱਖ ਝਲਕ ਰਹੀ ਹੈ।

ਇਹ ਵੀ ਪੜ੍ਹੋ : ਕੋਵਿਡ-19 ਦੇ ਮੱਦੇਨਜ਼ਰ ਮੁਨਾਫਾਖੋਰੀ ਰੋਕਣ ਲਈ ਜਲੰਧਰ ਦੇ ਡੀ. ਸੀ. ਨੇ ਲਿਆ ਅਹਿਮ ਫੈਸਲਾ

PunjabKesari

ਕੋਰੋਨਾ ਵਰਗੀ ਆਫਤ ਨਾਲ ਜੂਝਣ ਲਈ ਇਕਮੁੱਠ ਹੈ ਪੰਜਾਬ
ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਆਗਮਨ ਪੁਰਬ ਮਨਾ ਕੇ ਹਟੇ ਹਾਂ ਪਰ ਅਸੀਂ ਗੁਰੂ ਬਾਬੇ ਦੇ ਕਿਰਤ ਨੂੰ ਮੂਲੋਂ ਤਿਲਾਂਜਲੀ ਦੇ ਬੈਠੇ ਹਾਂ। ਅੱਜ ਹਾੜ੍ਹੀ ਦੀ ਕਟਾਈ ਦਾ ਸੀਜ਼ਨ ਸਿਰ 'ਤੇ ਆ ਖੜ੍ਹਾ ਹੈ ਅਤੇ ਪ੍ਰਵਾਸੀ ਮਜ਼ਦੂਰਾਂ ਦੀ ਆਮਦ ਬਿਲਕੁਲ ਜ਼ੀਰੋ ਹੈ ਅਤੇ ਅਸੀਂ ਖੁਦ ਦਾਤਰੀਆਂ ਫੜ ਕੇ ਗੁਰੂ ਬਾਬੇ ਦੀ ਕਿਰਤ ਦਾ ਸਿਧਾਂਤ ਅਪਣਾਉਣ ਲਈ ਜੇ ਸਵੈ ਤਿਆਰ ਹੋਏ ਹਾਂ ਤਾਂ ਇਹ ਵੀ ਤ੍ਰਾਸਦੀ ਦਾ ਇਕ ਹਾਂਪੱਖੀ ਪੱਖ ਹੈ, ਜੋ ਤਿਆਗੀ ਕਿਰਤ ਮੁੜ ਅਪਣਾਉਣ ਦਾ ਸੰਕਲਪ ਲੈ ਕੇ ਜਿਹੜਾ ਪੰਜਾਬ ਚੰਦ ਮਹੀਨੇ ਪਹਿਲਾਂ ਨਫਰਤਖੋਰੀ, ਰਾਜਨੀਤੀ ਅਤੇ ਬੇਬੁਨਿਆਦੀ ਵਿਤਕਰੇ ਖੋਰੀ ਦਾ ਸ਼ਿਕਾਰ ਸੀ, ਉਹ ਅੱਜ ਵਿਸਾਖੀ ਦੇ ਦਿਹਾੜੇ ਕੁਦਰਤੀ ਆਫਤ ਕੋਰੋਨਾ ਨਾਲ ਜੂਝਣ ਲਈ ਇਕਮੁੱਠ ਹੈ ਅਤੇ ਹੁਣ ਸੂਬੇ 'ਚ ਨਾ ਤਾਂ ਨਸ਼ਾਖੋਰੀ ਹੈ ਅਤੇ ਨਾ ਹੀ ਨਸ਼ਿਆਂ ਦੀ ਸਮੱਗਲਿੰਗ, ਨਾ ਹੀ ਗੈਂਗਸਟਰਾਂ ਦੀਆਂ ਸਰਗਰਮੀਆਂ ਹਨ ਅਤੇ ਨਾ ਹੀ ਸਿਆਸੀ ਸ਼ਤਰੰਜਬਾਜ਼ੀ।

ਇਹ ਵੀ ਪੜ੍ਹੋ : ਪੁਲਸ ਪਾਰਟੀ 'ਤੇ ਹੋਏ ਹਮਲੇ ਦੀ ਕੈਪਟਨ ਨੇ ਕੀਤੀ ਨਿਖੇਧੀ, ਪੰਜਾਬ ਪੁਲਸ ਨੂੰ ਦਿੱਤੀਆਂ ਇਹ ਹਦਾਇਤਾਂ

ਪੰਜਾਬ ਦੀ ਪੌਣ 'ਚ ਗੁਣਵੱਤਾ ਪੱਖੋਂ ਬੇਹੱਦ ਸੁਧਾਰ ਆਇਆ ਹੈ ਅਤੇ ਵਗਦੇ ਦਰਿਆਵਾਂ ਅਤੇ ਨਦੀਆਂ ਦਾ ਪਾਣੀ ਨਿਰਮਲ ਹੋਇਆ ਹੈ। ਇਸ ਨੂੰ ਵੀ ਕੋਰੋਨਾ ਤ੍ਰਾਸਦੀ ਦਾ ਪਾਜ਼ੀਟਿਵ ਪੱਖ ਕਿਹਾ ਜਾ ਸਕਦਾ ਹੈ। ਕੁਦਰਤ ਦੀ ਹੋਂਦ ਤੋਂ ਬਾਗੀ ਹੋ ਰਿਹਾ ਵਿਸ਼ਵ ਦਾ ਸੁਪਰ ਪਾਵਰ ਦੇਸ਼ ਅਮਰੀਕਾ ਅੱਜ ਕੁਦਰਤ ਦੀ ਇਸ ਆਫਤ ਅੱਗੇ ਹਾਰ ਰਿਹਾ ਹੈ। ਇਸ ਲਈ ਇਹ ਨਿਸ਼ਚਿਤ ਹੈ ਕਿ ਜੇ ਦਿਨ ਉਹ ਨਹੀਂ ਰਹੇ ਤਾਂ ਇਹ ਵੀ ਨਹੀਂ ਰਹਿਣੇ। ਇਸ ਵਿਸਾਖੀ ਦੀ ਖਾਮੋਸ਼ੀ ਸਾਨੂੰ ਹਰ ਵਰ੍ਹੇ ਵਿਸਾਖੀ ਮਨਾਉਣ ਲਈ ਉਤਸ਼ਾਹਿਤ ਕਰਿਆ ਕਰੇਗੀ, ਜਦੋਂ ਮਨੁੱਖ ਕੁਦਰਤ ਦੀ ਅਧੀਨਗੀ ਕਬੂਲ ਲਵੇਗਾ ਅਤੇ ਮਨੁੱਖਤਾ ਨੂੰ ਇਕ ਨਜ਼ਰ ਤੱਕਣ ਦੇ ਸਮਰੱਥ ਹੋਵੇਗਾ, ਉਦੋਂ ਫਿਰ ਧਨੀ ਰਾਮ ਚਾਤ੍ਰਿਕ ਦੀਆਂ ਇਹ ਸਤਰਾਂ ਜ਼ਰੂਰ ਹਕੀਕਤ ਹੋ ਨਿੱਬੜਨਗੀਆਂ ਕਿ
ਪੱਕ ਗਈਆਂ ਕਣਕਾਂ ਲੱਗਾਠ ਹੱਸਿਆ,
ਬੂਰ ਆਇਆ ਅੰਬਾਂ ਨੂੰ ਗੁਲਾਬ ਹੱਸਿਆ।
ਸਾਈਂ ਦੀ ਨਿਗਾਹ ਜੱਗ 'ਤੇ ਸਵੱਲੀ ਏ,
ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ।

ਇਹ ਵੀ ਪੜ੍ਹੋ : ਨਿਹੰਗਾਂ ਦੇ ਹਮਲੇ ਨੂੰ ਭਗਵੰਤ ਮਾਨ ਨੇ ਦੱਸਿਆ ਸ਼ਰਮਨਾਕ, ਸਰਕਾਰ ਤੋਂ ਕੀਤੀ ਇਹ ਮੰਗ


author

shivani attri

Content Editor

Related News