ਫਾਸਟਵੇਅ ਨੂੰ ਜਾਰੀ ਹੋਵੇਗਾ ਸ਼ੋਕਾਜ ਨੋਟਿਸ, ਗੁਰਦੀਪ ਜੁਝਾਰ ਦੀ ਗ੍ਰਿਫਤਾਰੀ ਲਈ ਬੈਂਸ ਨੇ ਸੌਂਪਿਆ ਮੈਮੋਰੰਡਮ

Thursday, Aug 03, 2017 - 03:45 PM (IST)

ਫਾਸਟਵੇਅ ਨੂੰ ਜਾਰੀ ਹੋਵੇਗਾ ਸ਼ੋਕਾਜ ਨੋਟਿਸ, ਗੁਰਦੀਪ ਜੁਝਾਰ ਦੀ ਗ੍ਰਿਫਤਾਰੀ ਲਈ ਬੈਂਸ ਨੇ ਸੌਂਪਿਆ ਮੈਮੋਰੰਡਮ

ਲੁਧਿਆਣਾ (ਨਰਿੰਦਰ)— ਕੇਬਲ ਨੈੱਟਵਰਕ ਕੰਪਨੀ ਫਾਸਟਵੇਅ 'ਤੇ ਟੈਕਸ ਚੋਰੀ ਨੂੰ ਲੈ ਪਹਿਲਾਂ ਹੀ ਜਿੱਥੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਮੋਰਚਾ ਖੋਲ੍ਹਿਆ ਹੋਇਆ ਹੈ। ਉਨ੍ਹਾਂ ਵੱਲੋਂ ਫਾਸਟਵੇਅ 'ਤੇ 20 ਹਜ਼ਾਰ ਕਰੋੜ ਰੁਪਏ ਦੀ ਟੈਕਸ ਚੋਰੀ ਦੇ ਦੋਸ਼ ਲਗਾ ਕੇ ਜਾਂਚ ਕੀਤੀ ਜਾ ਰਹੀ ਹੈ। ਇਸੇ ਲੜੀ ਵਿਚ ਕੇਂਦਰੀ ਸਰਵਿਸ ਟੈਕਸ ਵਿਭਾਗ ਵੀ ਸਰਵਿਸ ਟੈਕਸ ਚੋਰੀ ਦੇ ਦੋਸ਼ ਵਿਚ ਫਾਸਟਵੇਅ ਨੂੰ ਸ਼ੋਕਾਜ ਨੋਟਿਸ ਜਾਰੀ ਕਰਨ ਜਾ ਰਿਹਾ ਹੈ। ਇਸ ਗੱਲ ਦਾ ਖੁਲਾਸਾ ਲੁਧਿਆਣਾ ਵਿਚ ਆਸ਼ੂਤੋਸ਼ ਬਰਨਵਾਲ ਸਰਵਿਸ ਟੈਕਸ ਕਮਿਸ਼ਨਰ ਨੇ ਮੀਡੀਆ ਨੇ ਮੁਖਾਤਿਬ ਹੁੰਦੇ ਹੋਏ ਕੀਤਾ। ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਫਾਸਟਵੇਅ ਕੰਪਨੀ 'ਤੇ 12,371 ਕਰੋੜ ਦੇ ਸਰਵਿਸ ਟੈਕਸ ਚੋਰੀ ਦੇ ਮਾਮਲੇ ਵਿਚ ਫਾਸਟਵੇਅ ਕੰਪਨੀ ਦੇ ਮਾਲਕ ਗੁਰਦੀਪ ਜੁਝਾਰ ਦੀ ਗ੍ਰਿਫਤਾਰੀ ਅਤੇ ਪੈਸੇ ਦੀ ਰਿਕਵਰੀ ਸੰਬੰਧੀ ਮੈਮੋਰੰਡਮ ਵੀ ਸਰਵਿਸ ਟੈਕਸ ਕਮਿਸ਼ਨਰ ਨੂੰ ਸੌਂਪਿਆ।
ਸਰਵਿਸ ਟੈਕਸ ਕਮਿਸ਼ਨਰ ਨੇ ਸਾਫ ਕੀਤਾ ਕਿ ਵਿਭਾਗ ਵੱਲੋਂ ਇਕ ਸਾਲ ਤੋਂ ਕੰਪਨੀ ਦੇ ਸਰਵਿਸ ਟੈਕਸ ਚੋਰੀ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਕਿ ਲਗਭਗ ਪੂਰੀ ਹੋ ਚੁੱਕੀ ਹੈ ਅਤੇ ਛੇਤੀ ਹੀ ਕੰਪਨੀ ਨੂੰ ਸ਼ੋਕਾਜ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਸ ਗੱਲ ਦਾ ਸੰਕੇਤ ਦਿੱਤਾ ਕਿ ਕੁਝ ਵਿਭਾਗੀ ਅਧਿਕਾਰੀ ਸੰਬੰਧਤ ਕੰਪਨੀ ਨਾਲ ਮਿਲੀਭੁਗਤ ਦੇ ਸ਼ੱਕ ਵਿਚ ਸਜ਼ਾ ਵੀ ਭੁਗਤ ਰਹੇ ਹਨ। ਕਮਿਸ਼ਨਰ ਨੇ ਇਸ ਮਾਮਲੇ ਵਿਚ ਅਜੇ ਤੱਕ ਕਿਸੇ ਤਰ੍ਹਾਂ ਦੀ ਰਾਸ਼ੀ ਦਾ ਖੁਲਾਸਾ ਨਹੀਂ ਕੀਤਾ ਹੈ। ਸਿਮਰਜੀਤ ਬੈਂਸ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਸਾਬਕਾ ਬਾਦਲ ਸਰਕਾਰ ਦੇ ਸਮੇਂ ਵੀ ਕੇਬਲ ਮਾਫੀਆ ਦੇ ਖਿਲਾਫ ਮੋਰਚਾ ਖੋਲ੍ਹਿਆ ਗਿਆ ਸੀ ਅਤੇ ਹੁਣ ਉਹ ਸਰਵਿਸ ਟੈਕਸ ਦੇ ਚੰਡੀਗੜ੍ਹ ਅਤੇ ਲੁਧਿਆਣਾ ਕਮਿਸ਼ਨਰ ਨੂੰ ਮੈਮੋਰੰਡਮ ਦੇ ਕੇ ਆਏ ਹਨ। ਉਨ੍ਹਾਂ ਕਿਹਾ ਕਿ ਜੇਕਰ ਗੁਰਦੀਪ ਜੁਝਾਰ ਦੀ ਗ੍ਰਿਫਤਾਰੀ ਨਹੀਂ ਹੋਈ ਤਾਂ ਉਨ੍ਹਾਂ ਦੀ ਪਾਰਟੀ ਚੰਡੀਗੜ੍ਹ ਅਤੇ ਲੁਧਿਆਣਾ ਦਫਤਰਾਂ ਦੇ ਬਾਹਰ ਧਰਨੇ ਦੇਣੇ ਸ਼ੁਰੂ ਕਰ ਦੇਣਗੇ। ਉਨ੍ਹਾਂ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਇਸ ਮਾਮਲੇ ਵਿਚ ਚੁੱਕੇ ਗਏ ਕਦਮਾਂ ਦੀ ਵੀ ਸ਼ਲਾਘਾ ਕੀਤੀ। ਬੈਂਸ ਨੇ ਕਿਹਾ ਕਿ ਜੇਕਰ ਸਰਕਾਰ ਬਾਦਲ ਦੇ ਸ਼ਾਸਨ ਕਾਲ ਵੱਲੋਂ ਕੇਬਲ, ਟਰਾਂਸਪੋਰਟ, ਲੈਂਡ, ਰੇਤ ਆਦਿ ਮਾਫੀਆ ਦੇ 20 ਲੋਕਾਂ ਨੂੰ ਹੀ ਕਾਬੂ ਕਰ ਲਵੇ ਤਾਂ ਪੰਜਾਬ ਅਤੇ ਕਿਸਾਨਾਂ ਦੇ ਕਰਜ਼ ਦਾ ਮਸਲਾ ਹੱਲ ਹੋ ਜਾਵੇਗਾ।


Related News