ਬੈਂਸ ਤੇ ਗਰੇਵਾਲ ਨੇ ਭਰੀਆਂ ਨਾਮਜ਼ਦਗੀਆਂ, ਲਾਏ ਇਕ-ਦੂਜੇ ''ਤੇ ਰਗੜੇ
Friday, Apr 26, 2019 - 04:02 PM (IST)
ਲੁਧਿਆਣਾ (ਨਰਿੰਦਰ) : ਲੋਕ ਸਭਾ ਚੋਣਾਂ ਲਈ 'ਲੋਕ ਇਨਸਾਫ ਪਾਰਟੀ' ਦੇ ਮੁਖੀ ਅਤੇ ਲੁਧਿਆਣਾਂ ਤੋਂ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਅਤੇ ਅਕਾਲੀ ਉਮੀਦਵਾਰ ਮਹੇਸ਼ ਇੰਦਰ ਗਰੇਵਾਲ ਨੇ ਆਪੋ-ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਮੌਕੇ ਦੋਹਾਂ ਨੇ ਇਕ-ਦੂਜੇ 'ਤੇ ਜੰਮ ਕੇ ਨਿਸ਼ਾਨੇ ਸਾਧੇ। ਉੱਥੇ ਹੀ ਦੋਹਾਂ ਪਾਰਟੀਆਂ ਦੇ ਵਰਕਰ ਵੀ ਇਕ-ਦੂਜੇ ਨਾਲ ਖਹਿਬੜ ਪਏ। ਸਿਮਰਜੀਤ ਬੈਂਸ ਨੇ ਕਿਹਾ ਕਿ ਉਹ ਕੋਈ ਸ਼ਕਤੀ ਪ੍ਰਦਰਸ਼ਨ ਕਰਨ ਨਹੀਂ ਆਏ ਹਨ, ਸਗੋਂ ਉਨ੍ਹਾਂ ਪੀੜਤਾਂ ਨੂੰ ਨਾਲ ਲੈ ਕੇ ਆਏ ਹਨ, ਜਿਨ੍ਹਾਂ ਦੇ ਬੱਚੇ ਜਾਂ ਤਾਂ ਨਸ਼ਿਆਂ ਨੇ ਖਾ ਲਏ ਜਾਂ ਫਿਰ ਕਰਜ਼ੇ ਦੇ ਦੈਂਤ ਨੇ ਨਿਗਲ ਲਏ। ਬੈਂਸ ਨੇ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਰਵਨੀਤ ਬਿੱਟੂ ਨੇ ਬੀਤੇ ਦਿਨ ਰੋਡ ਸ਼ੋਅ ਕਰਕੇ ਜਿਹੜਾ ਸ਼ਕਤੀ ਪ੍ਰਦਰਸ਼ਨ ਕੀਤਾ, ਉਹ ਮੰਦਭਾਗੀ ਗੱਲ ਹੈ।
ਦੂਜੇ ਪਾਸੇ ਅਕਾਲੀ ਉਮੀਦਵਾਰ ਮਹੇਸ਼ ਇੰਦਰ ਗਰੇਵਾਲ ਵਲੋਂ ਵੀ ਸ਼ਾਂਤਮਈ ਢੰਗ ਨਾਲ ਨਾਮਜ਼ਦਗੀ ਪੱਤਰ ਭਰੇ ਗਏ ਪਰ ਜਦੋਂ ਉਨ੍ਹਾਂ ਨੂੰ ਵਰਕਰਾਂ ਵਲੋਂ ਨਾਅਰੇਬਾਜ਼ੀ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਅਕਾਲੀ ਦਲ ਦੇ ਵਰਕਰ ਹਨ ਅਤੇ ਇਨ੍ਹਾਂ 'ਚ ਜੋਸ਼ ਹੈ, ਇਸ ਲਈ ਨਾਅਰੇਬਾਜ਼ੀ ਤਾਂ ਕਰਨਗੇ ਹੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਰਵਨੀਤ ਬਿੱਟੂ ਅਤੇ ਬੈਂਸ ਨਾਲ ਕੋਈ ਮੁਕਾਬਲਾ ਨਹੀਂ ਹੈ ਅਤੇ ਉਨ੍ਹਾਂ ਨੇ ਵੀ ਆਪਣੀ ਜਿੱਤ ਦਾ ਦਾਅਵਾ ਕੀਤਾ। ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇਜਪਾਲ ਸਿੰਘ ਵਲੋਂ ਆਪਣੇ ਸਾਥੀਆਂ ਸਮੇਤ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ।