ਬਡੂੰਗਰ ਨੂੰ ਰਾਸ਼ਟਰਪਤੀ ਦੇ ਓ. ਐੱਸ. ਡੀ. ਨੇ ਸਿੱਖ ਮਸਲਿਆਂ ਸਬੰਧੀ ਜਵਾਬੀ ਪੱਤਰ ਭੇਜਿਆ

Wednesday, Jul 05, 2017 - 11:04 AM (IST)

ਬਡੂੰਗਰ ਨੂੰ ਰਾਸ਼ਟਰਪਤੀ ਦੇ ਓ. ਐੱਸ. ਡੀ. ਨੇ ਸਿੱਖ ਮਸਲਿਆਂ ਸਬੰਧੀ ਜਵਾਬੀ ਪੱਤਰ ਭੇਜਿਆ

ਅੰਮ੍ਰਿਤਸਰ/ਫਤਿਹਗੜ੍ਹ ਸਾਹਿਬ - ਸਿੱਖ ਮਸਲਿਆਂ ਦੇ ਹੱਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਵੱਲੋਂ ਪਿਛਲੇ ਦਿਨੀਂ ਰਾਸ਼ਟਰਪਤੀ ਪ੍ਰਣਬ ਮੁਖਰਜੀ ਨਾਲ ਮੁਲਾਕਾਤ ਕਰ ਕੇ ਸਿੱਖ ਕੈਦੀਆਂ ਦੀ ਰਿਹਾਈ, ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ ਸਥਾਪਤੀ, ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਾਮਾਨ ਵਾਪਸ ਕਰਨ, ਸਿਕਲੀਗਰ ਸਿੱਖਾਂ ਦੀਆਂ ਮੁਸ਼ਕਿਲਾਂ, ਵਿਦੇਸ਼ੀ ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕਰਨ ਆਦਿ ਮੰਗਾਂ ਸਬੰਧੀ ਦਿੱਤੇ ਪੱਤਰ 'ਤੇ ਗੌਰ ਕਰਦਿਆਂ ਰਾਸ਼ਟਰਪਤੀ ਦੇ ਓ. ਐੱਸ. ਡੀ. ਏ. ਰਾਏ ਨੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੂੰ ਜਵਾਬੀ ਪੱਤਰ ਭੇਜਿਆ।
ਇਥੇ ਦੱਸਣਯੋਗ ਹੈ ਕਿ ਪ੍ਰੋ. ਬਡੂੰਗਰ ਦੀ ਅਗਵਾਈ 'ਚ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ 16 ਮਈ 2017 ਨੂੰ ਰਾਸ਼ਟਰਪਤੀ ਪ੍ਰਣਬ ਮੁਖਰਜੀ ਨਾਲ ਮੁਲਾਕਾਤ ਕਰ ਕੇ ਦੱਸਿਆ ਸੀ ਕਿ ਬਹੁਤ ਸਾਰੇ ਸਿੱਖ ਕੈਦੀ ਦੇਸ਼ ਦੀਆਂ ਵੱਖ-ਵੱਖ ਜੇਲਾਂ 'ਚ ਬੰਦ ਹਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਲੰਮਾ ਸਮਾਂ ਜੇਲਾਂ 'ਚ ਹੀ ਗੁਜ਼ਾਰ ਦਿੱਤਾ ਹੈ ਪਰ ਉਨ੍ਹਾਂ ਦੇ ਕੇਸਾਂ ਦਾ ਅਜੇ ਤੱਕ ਨਿਪਟਾਰਾ ਨਹੀਂ ਹੋਇਆ ਤੇ ਜਲਦੀ ਇਨ੍ਹਾਂ ਕੇਸਾਂ ਦੇ ਨਿਪਟਾਰੇ ਕਰਨ ਦੀ ਮਾਣਯੋਗ ਰਾਸ਼ਟਰਪਤੀ ਪਾਸੋਂ ਮੰਗ ਕੀਤੀ ਗਈ ਸੀ, ਜਿਸ 'ਤੇ ਗੌਰ ਕਰਦਿਆਂ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਦੇ ਓ. ਐੱਸ. ਡੀ. ਸ਼੍ਰੀ ਏ. ਰਾਏ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੂੰ ਪੱਤਰ ਲਿਖ ਕੇ ਜਾਣੂ ਕਰਵਾਇਆ ਕਿ ਮਾਣਯੋਗ ਰਾਸ਼ਟਰਪਤੀ ਨੇ ਆਪ ਵੱਲੋਂ ਮੁਲਾਕਾਤ ਦੌਰਾਨ ਦਿੱਤੇ ਮੰਗ ਪੱਤਰ 'ਤੇ ਗੌਰ ਕਰਦਿਆਂ ਆਪ ਦੀਆਂ ਸੰਬੰਧਿਤ ਮੰਗਾਂ ਦੇ ਹੱਲ ਲਈ ਰਾਸ਼ਟਰਪਤੀ ਵੱਲੋਂ ਭਾਰਤ ਦੇ ਗ੍ਰਹਿ ਮੰਤਰਾਲੇ ਦੇ ਗ੍ਰਹਿ ਸਕੱਤਰ ਨੂੰ ਪੱਤਰ ਜਾਰੀ ਕਰਦਿਆਂ ਉਕਤ ਮੰਗਾਂ ਦੇ ਜਲਦ ਤੋਂ ਜਲਦ ਹੱਲ ਲਈ ਧਿਆਨ ਵਿਚ ਲਿਆਂਦਾ ਗਿਆ ਹੈ।


Related News