ਬਾਦਲਾਂ ਨੂੰ ਪੰਜਾਬ ਵਿਰੁੱਧ ਕੀਤੇ ਗੁਨਾਹਾਂ ਦੀ ਕੀਮਤ ਪਵੇਗੀ ਚੁਕਾਉਣੀ : CM ਚੰਨੀ
Thursday, Nov 25, 2021 - 06:47 PM (IST)
ਬਾਘਾਪੁਰਾਣਾ (ਅਜੇ ਗਰਗ, ਮੁਨੀਸ਼)-ਜਿਉਂ ਜਿਉਂ 2022 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਉਸੇ ਤਰ੍ਹਾਂ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਪੂਰੀ ਤਰ੍ਹਾਂ ਤੇਜ਼ ਕਰ ਦਿੱਤੀਆਂ ਹਨ। ਇਸ ਦੇ ਤਹਿਤ ਅੱਜ ਵਿਧਾਨ ਸਭਾ ਹਲਕਾ ਬਾਘਾਪੁਰਾਣਾ ਵਿਖੇ ਵਿਧਾਇਕ ਦਰਸ਼ਨ ਸਿੰਘ ਬਰਾੜ ਤੇ ਕਾਂਗਰਸ ਦੇ ਮੁੱਖ ਬੁਲਾਰੇ ਕਮਲਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਕੋਟਕਪੂਰਾ ਰੋਡ ’ਤੇ ਸਥਿਤ ਮੇਨ ਅਨਾਜ ਮੰਡੀ ਵਿਖੇ ਵਿਸ਼ਾਲ ਰੈਲੀ ਕੀਤੀ ਗਈ । ਇਸ ਰੈਲੀ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਕੈਬਨਿੰਟ ਮੰਤਰੀ ਗੁਰਜੀਤ ਸਿੰਘ ਰਾਣਾ ਸੋਢੀ, ਮੈਬਰ ਪਾਰਲੀਮੈਂਟ ਮੁਹੰਮਦ ਸਦੀਕ , ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਕਰਤਾਰ ਕੌਰ ਵਿਧਾਇਕ, ਨਿਹਾਲ ਸਿੰਘ ਵਾਲਾ ਦੇ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ, ਮਾਰਕੀਟ ਕਮੇਟੀ ਦੇ ਚੇਅਰਮੈਨ ਜਗਸੀਰ ਸਿੰਘ ਕਾਲੇਕੇ, ਬੀਬੀ ਅਮਰਜੀਤ ਕੌਰ ਬਰਾੜ ਅਤੇ ਹੋਰਨਾਂ ਨੇ ਸੰਬੋਧਨ ਕੀਤਾ । ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਅੰਦਰ ਬਣਾਈ ਗਈ ਨਵੀਂ ਪਾਰਟੀ ਦਾ ਮਕਸਦ ਸਿਰਫ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੂੰ ਫ਼ਾਇਦਾ ਪਹੁੰਚਾਉਣਾ ਹੈ। ਪੰਜਾਬ ਦੇ ਲੋਕ ਇਨ੍ਹਾਂ ਦੀਆਂ ਚਾਲਾਂ ’ਚ ਨਹੀਂ ਆਉਣਗੇ। ਬਾਦਲਾਂ ਨੂੰ ਪੰਜਾਬ ਵਿਰੁੱਧ ਕੀਤੇ ਗੁਨਾਹਾਂ ਦੀ ਕੀਮਤ ਚੁਕਾਉਣੀ ਪਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਜੋ ਪੰਜਾਬ ਦੇ ਲੋਕਾਂ ਦੇ ਨਾਲ 2022 ’ਚ ਆਪਣੀ ਸਰਕਾਰ ਆਉਣ ’ਤੇ ਵਾਅਦੇ ਪੂਰੇ ਕਰਨੇ ਹਨ, ਉਹ ਅਸੀਂ 30 ਦਿਨਾਂ ’ਚ ਲੋਕਾਂ ਦੇ ਹੱਕ ’ਚ ਪੰਜਾਬ ਸਰਕਾਰ ਨੇ ਅਹਿਮ ਫ਼ੈਸਲੇ ਲਏ ਹਨ, ਜਿਨ੍ਹਾਂ ’ਚ ਮੁੱਖ ਤੌਰ ’ਤੇ ਬਿਜਲੀ, ਰੇਤਾ, ਪੈਟਰੋਲ, ਡੀਜ਼ਲ, ਕੇਬਲ ਨੈੱਟਵਰਕ ਤੇ ਬਿਜਲੀ ਦਰਾਂ ’ਚ ਕਟੌਤੀ ਕਰ ਕੇ ਲੋਕਾਂ ਨੂੰ ਜ਼ਮੀਨੀ ਪੱਧਰ ’ਤੇ ਰਾਹਤ ਦਿੱਤੀ ਹੈ ।
ਇਹ ਵੀ ਪੜ੍ਹੋ : ਕੇਜਰੀਵਾਲ ਵੱਲੋਂ ਔਰਤਾਂ ਨੂੰ ਇਕ ਹਜ਼ਾਰ ਰੁਪਏ ਮਹੀਨਾ ਦੇਣ ਦੇ ਐਲਾਨ 'ਤੇ ਪਰਗਟ ਸਿੰਘ ਨੇ ਸਾਧਿਆ ਨਿਸ਼ਾਨਾ
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਤਿੰਨ ਖੇਤੀ ਕਾਨੂੰਨ ਤੇ ਕੇਂਦਰ ਸਰਕਾਰ ਨੇ ਕਾਲੇ ਕਾਨੂੰਨਾਂ ਨੂੰ ਵਾਪਸ ਲੈ ਕੇ ਕੁਝ ਵੀ ਵੱਡਾ ਕੰਮ ਨਹੀਂ ਕੀਤਾ ਸਗੋਂ ਅਜਿਹੇ ਕਾਲੇ ਕਾਨੂੰਨ ਨੂੰ ਲਿਆਉਣ ਦੀ ਕੋਈ ਲੋੜ ਹੀ ਨਹੀਂ ਸੀ। ਇਨ੍ਹਾਂ ਨੂੰ ਰੱਦ ਕਰਨ ’ਚ ਬੇਵਜ੍ਹਾ ਦੇਰੀ ਕੀਤੀ ਹੈ। ਕਿਸਾਨ ਅੰਦੋਲਨ ’ਚ ਕਿਸਾਨਾਂ ਨੇ ਬਹੁਤ ਦੁੱਖ ਝੱਲੇ ਤੇ ਅਪਣੀਆਂ ਜਾਨਾਂ ਗੁਆਈਆਂ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਸਿਰਫ ਪੰਜਾਬ ਦੇ ਲੋਕਾਂ ਨਾਲ ਖੋਖਲੇ ਵਾਅਦੇ ਕਰ ਰਿਹਾ ਹੈ, ਜਦਕਿ ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਪ੍ਰਸ਼ਾਸਨ ਪ੍ਰਦਾਨ ਕਰ ਰਹੀ ਹੈ । ਮੁੱਖ ਮੰਤਰੀ ਨੇ ਬਾਘਾਪੁਰਾਣਾ ਨੂੰ ਨਰਸਿੰਗ ਕਾਲਜ, ਸਟੇਡੀਅਮ ਅਤੇ ਸਰਕਾਰੀ ਹਸਪਤਾਲ ਨੂੰ ਅੱਪਗ੍ਰੇਡ ਕਰਨ ਦਾ ਐਲਾਨ ਕੀਤਾ । ਉਨ੍ਹਾਂ ਕਿਹਾ ਕਿ ਵਿਧਾਇਕ ਦਰਸ਼ਨ ਸਿੰਘ ਬਰਾੜ ਵਰਗਾ ਯੋਧਾ ਨਹੀਂ ਮਿਲ ਸਕਦਾ, ਜੋ ਲੋਕਾਂ ਦੀ ਸੇਵਾ ਕਰਨ ਲਈ ਹਮੇਸ਼ਾ ਹਾਜ਼ਰ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਐੱਸ. ਟੀ. ਐੱਫ. ਦੀ ਰਿਪੋਰਟ ਨਾ ਖੁੱਲ੍ਹੀ ਤਾਂ ਉਹ ਭੁੱਖ ਹੜਤਾਲ ’ਤੇ ਰਹਿ ਕੇ ਅਪਣੀ ਜ਼ਿੰਦਗੀ ਨੂੰ ਵੀ ਦਾਅ ’ਤੇ ਲਗਾ ਦੇਣਗੇ । ਉਨ੍ਹਾਂ ਕਿਹਾ ਕਿ ਬੇਅਦਬੀ ਦੇ ਪੀੜਤ ਅੱਜ ਵੀ ਇਨਸਾਫ਼ ਦੀ ਫਿਰਾਕ ’ਚ ਹਨ। ਸਿੱਧੂ ਨੇ ਆਪਣੀ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਹਾਈਕੋਰਟ ਦੀਆਂ ਹਦਾਇਤਾਂ ਮੁਤਾਬਕ ਬੇਅਦਬੀ ਦੀ ਰਿਪੋਰਟ ਖੋਲ੍ਹੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੈਂ ਐਲਾਨ ਕਰਦਾ ਹਾਂ ਕਿ ਜੇਕਰ ਰਿਪੋਰਟ ਨਾ ਖੁੱਲ੍ਹੀ ਤਾਂ ਮੈਂ ਆਪਣੀ ਜ਼ਿੰਦਗੀ ਦਾਅ ’ਤੇ ਲਾ ਦੇਵਾਂਗਾ। ਵਿਧਾਇਕ ਦਰਸ਼ਨ ਸਿੰਘ ਬਰਾੜ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸਨਮਾਨਿਤ ਕੀਤਾ ਗਿਆ ਅਤੇ ਬਰਾੜ ਨੇ ਆਏ ਹੋਏ ਲੀਡਰਾਂ ਦਾ ਭਾਵੁਕ ਹੁੰਦਿਆਂ ਧੰਨਵਾਦ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਜਗਸੀਰ ਸਿੰਘ ਕਾਲੇਕੇ, ਬੀਬੀ ਅਮਰਜੀਤ ਕੌਰ ਬਰਾੜ, ਸੁਭਾਸ਼ ਗੋਇਲ, ਨਗਰ ਕੌਂਸਲ ਪ੍ਰਧਾਨ ਅਨੂੰ ਮਿੱਤਲ, ਗੋਪੀ ਪੀ. ਏ., ਜਗਸੀਰ ਗਰਗ ਵਾਈਸ ਪ੍ਰਧਾਨ ਨਗਰ ਕੌਂਸਲ ਅਤੇ ਹੋਰ ਸ਼ਾਮਲ ਸਨ।