ਕਾਲੇ ਕਾਨੂੰਨ ਥੋਪੇ ਜਾਣ ਲਈ ਭਾਜਪਾ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਬਰਾਬਰ ਦੇ ਜ਼ਿੰਮੇਵਾਰ: ਹਰਪਾਲ ਚੀਮਾ
Sunday, Nov 21, 2021 - 07:45 PM (IST)
ਚੰਡੀਗੜ੍ਹ (ਬਿਊਰੋ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਤਿਹਾਸਕ ਕਿਸਾਨ ਅੰਦੋਲਨ ਦੇ ਸੁਨਹਿਰੀ ਪੰਨਿਆਂ ਉੱਪਰ ਬਾਦਲ ਪਰਿਵਾਰ ਦੀ ਦੋਗਲੀ ਨੀਤੀ ਨੂੰ ਕਾਲ਼ੇ ਅੱਖਰਾਂ ’ਚ ਲਿਖਿਆ ਜਾਵੇਗਾ ਅਤੇ ਦੇਸ਼ ਦੇ ਲੋਕ ਖੇਤੀ ਬਾਰੇ ਕੇਂਦਰੀ ਕਾਲ਼ੇ ਕਾਨੂੰਨ ਬਣਾਉਣ ਲਈ ਤੱਤਕਾਲੀ ਫ਼ੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਨਿਭਾਈ ਗਈ ਮਾਰੂ ਭੂਮਿਕਾ ਨੂੰ ਕਦੇ ਨਹੀਂ ਭੁੱਲਣਗੇ। ਐਤਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਿਸਾਨਾਂ, ਮਜ਼ਦੂਰਾਂ, ਕਿਸਾਨ ਸੰਗਠਨਾਂ ਅਤੇ ਮਾਹਿਰਾਂ ਦੇ ਵਿਰੋਧ ਦੇ ਬਾਵਜੂਦ ਖੇਤੀ ਬਾਰੇ ਕਾਲ਼ੇ ਕਾਨੂੰਨ ਥੋਪੇ ਜਾਣ ਲਈ ਭਾਜਪਾ (ਮੋਦੀ) ਦੇ ਨਾਲ-ਨਾਲ ਬਾਦਲ, ਤੱਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਮੇਤ ਪੂਰੀ ਪੰਜਾਬ ਕੈਬਨਿਟ (ਜਿਸ ’ਚ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਸ਼ਾਮਲ ਹਨ) ਬਰਾਬਰ ਦੇ ਭਾਈਵਾਲ ਹਨ, ਜਿਨ੍ਹਾਂ ਨੇ ਕੁਰਸੀ ਖ਼ਾਤਿਰ ਆਪਣੀ ਬਣਦੀ ਜ਼ਿੰਮੇਵਾਰੀ ਹੀ ਨਹੀਂ ਨਿਭਾਈ ਪਰ ਕਿਸਾਨੀ ਸੰਘਰਸ਼ ਦੀ ਚੜ੍ਹਤ, ਲੋਕਾਂ ਦੇ ਦਬਾਅ ਅਤੇ ਕਿਸਾਨ ਅੰਦੋਲਨ ਦੀ ਇਤਿਹਾਸਕ ਜਿੱਤ ਉੱਤੇ ਅੱਜ ਇਹ ਸਾਰੇ ਆਪਣੀਆਂ ਪਿੱਠਾਂ ਥਾਪੜਨ ਲੱਗੇ ਹੋਏ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ਜੇਲ੍ਹ ’ਚ ਸ਼ੱਕੀ ਹਾਲਤ ’ਚ ਕੈਦੀ ਦੀ ਮੌਤ, ਗੁੱਸੇ ’ਚ ਆਏ ਪਰਿਵਾਰ ਨੇ ਕੀਤਾ ਜ਼ਬਰਦਸਤ ਹੰਗਾਮਾ (ਵੀਡੀਓ)
ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਕਾਲ਼ੇ ਖੇਤੀ ਕਾਨੂੰਨਾਂ ਦਾ ਉਦੋਂ ਤੋਂ ਵਿਰੋਧ ਕਰਦੀ ਆ ਰਹੀ ਹੈ, ਜਦੋਂ ਕੇਂਦਰ ਸਰਕਾਰ ਇਨ੍ਹਾਂ ਦਾ ਖਰੜਾ ਤਿਆਰ ਕਰਨ ’ਚ ਲੱਗੀ ਹੋਈ ਸੀ। ਇਸ ਦੇ ਉਲਟ ਹਰਸਿਮਰਤ ਕੌਰ ਬਾਦਲ ਨੇ ਮਾਰੂ ਖੇਤੀ ਕਾਨੂੰਨਾਂ ਬਾਰੇ ਆਰਡੀਨੈਂਸਾਂ ’ਤੇ ਦਸਤਖ਼ਤ ਕਰਕੇ ਅੰਨਦਾਤੇ ਦੀ ਮੌਤ ਦੇ ਵਾਰੰਟ ਜਾਰੀ ਕੀਤੇ ਅਤੇ ਫਿਰ ਪੂਰੇ ਟੱਬਰ ਨੇ ਤਿੰਨਾਂ ਕਾਲ਼ੇ ਕਾਨੂੰਨਾਂ ਦੇ ਪੱਖ ’ਚ ਮਹੀਨਿਆਂਬੱਧੀ ਪ੍ਰਚਾਰ ਕੀਤਾ ਤਾਂ ਕਿ ਮੋਦੀ ਮੰਤਰੀ ਮੰਡਲ ’ਚ ਕੁਰਸੀ ਬਚੀ ਰਹੇ। ਅੰਤ ਜਦੋਂ ਪੰਜਾਬ ਦੇ ਲੋਕਾਂ ਨੇ ਬਾਦਲ ਪਰਿਵਾਰ ਅਤੇ ਅਕਾਲੀ ਦਲ ਬਾਦਲ ਦੇ ਸਾਰੇ ਛੋਟੇ-ਵੱਡੇ ਆਗੂਆਂ ਦੀ ਪਿੰਡਾਂ ਵਿੱਚ ‘ਐਂਟਰੀ ਬੈਨ’ ਦੇ ਬੋਰਡ ਲਾਉਣੇ ਸ਼ੁਰੂ ਕਰ ਦਿੱਤੇ ਤਾਂ ਖਿਸਕ ਚੁੱਕੀ ਸਿਆਸੀ ਜ਼ਮੀਨ ਨੂੰ ਬਚਾਉਣ ਲਈ ਹਰਸਿਮਰਤ ਕੌਰ ਬਾਦਲ ਨੂੰ ਕੁਰਸੀ ਛੱਡਣੀ ਪਈ।