ਕੀ ਚੋਣ ਮੈਦਾਨ ''ਚ 5ਵੀਂ ਵਾਰ ਬਾਦਲ ਪਰਿਵਾਰ ਦੇ ਮੈਂਬਰ ਹੋਣਗੇ ਆਹਮੋ-ਸਾਹਮਣੇ ?
Saturday, Aug 31, 2024 - 02:18 AM (IST)
ਮਲੋਟ (ਸ਼ਾਮ ਜੁਨੇਜਾ)- ਚੋਣਾਂ ਸਬੰਧੀ ਐਲਾਨ ਤੋਂ ਪਹਿਲਾਂ ਹੀ ਗਿੱਦੜਬਾਹਾ ਪੰਜਾਬ ਦੀ ਸਭ ਤੋਂ ਹਾਟ ਸੀਟ ਬਣ ਗਈ ਹੈ। ਡਿੰਪੀ ਢਿੱਲੋਂ ਵੱਲੋਂ ਪਾਲਾ ਬਦਲਣ ਕਰ ਕੇ ਇਸ ਹਲਕੇ ਅੰਦਰ ਸਿਆਸੀ ਸੇਕ ਹੋਰ ਤੇਜ਼ ਹੋ ਗਿਆ ਹੈ। ਡਿੰਪੀ ਢਿੱਲੋਂ ਅਤੇ ਮਨਪ੍ਰੀਤ ਬਾਦਲ ਦੀ ਚੋਣ ਸਰਗਰਮੀ ਨੇ ਅਕਾਲੀ ਦਲ ਤੋਂ ਇਲਾਵਾ ਕਾਂਗਰਸ ਸਾਹਮਣੇ ਵੀ ਵੱਡੀ ਚਣੌਤੀ ਖੜ੍ਹੀ ਕਰ ਦਿੱਤੀ ਹੈ।
ਅਗਰ ਸਿਆਸੀ ਆਗੂਆਂ ਵੱਲੋਂ ਕੀਤੇ ਦਾਅਵੇ ਪਲਟੇ ਨਾ ਗਏ ਤਾਂ 'ਆਮ ਆਦਮੀ ਪਾਰਟੀ' ਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਤੇ ਭਾਜਪਾ ਵੱਲੋਂ ਮਨਪ੍ਰੀਤ ਬਾਦਲ ਦੇ ਨਾਂ ਉਮੀਦਵਾਰਾਂ ਵਜੋਂ ਤੈਅ ਹਨ। ਹਾਲਾਂਕਿ ਇਸ ਗੱਲ ਦੀ ਸੰਭਾਵਨਾ ਬਹੁਤ ਘੱਟ ਹੈ ਕਿ ਸੁਖਬੀਰ ਸਿੰਘ 4ਬਾਦਲ ਇੱਥੋਂ ਚੋਣ ਲੜ ਸਕਦੇ ਹਨ। ਅਗਰ ਕਿਸੇ ਹਾਲਤ ਵਿਚ ਸੁਖਬੀਰ ਸਿੰਘ ਬਾਦਲ ਨੂੰ ਚੋਣ ਮੈਦਾਨ ਵਿਚ ਉਤਰਨਾ ਪਿਆ ਤਾਂ 2002, 2007, 2012 ਤੇ 2014 ਤੋਂ ਬਾਅਦ ਇਹ ਪੰਜਵੀਂ ਚੋਣ ਹੋਵੇਗੀ ਜਦੋਂ ਬਾਦਲ ਪਰਿਵਾਰ ਦੇ ਮੈਂਬਰ ਆਹਮਣੋ ਸਾਹਮਣੇ ਚੋਣ ਲੜਨਗੇ।
ਜ਼ਿਕਰਯੋਗ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਦੇ ਆਪਣੇ ਪਿਤਾ ਸਮਾਨ ਚਾਚੇ ਸ. ਤੇਜਾ ਸਿੰਘ ਬਾਦਲ ਨਾਲ ਸਿਆਸੀ ਵਖਰੇਵਿਆਂ ਦੀ ਸ਼ੁਰੂਆਤ ਤੋਂ ਬਾਅਦ 2002 ਵਿਚ ਉਨ੍ਹਾਂ ਦੇ ਚਚੇਰੇ ਭਰਾ ਮਹੇਸ਼ ਇੰਦਰ ਸਿੰਘ ਬਾਦਲ ਨੇ ਆਜ਼ਾਦ ਉਮੀਦਵਾਰ ਵਜੋਂ ਲੰਬੀ ਹਲਕੇ ਤੋਂ ਉਤਰ ਕਿ ਵੱਡੇ ਬਾਦਲ ਨੂੰ ਕਰੜੀ ਟੱਕਰ ਦਿੱਤੀ ਸੀ। ਇਸ ਤੋਂ ਬਾਅਦ 2007 ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਮਹੇਸ਼ਇੰਦਰ ਕਾਂਗਰਸ ਦੇ ਉਮੀਦਵਾਰ ਵਜੋਂ ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ ਉਮੀਦਵਾਰ ਵਜੋਂ ਚੋਣ ਲੜੇ ਸਨ, ਜਦਕਿ 2011 ਵਿਚ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੀਪਲਜ਼ ਪਾਰਟੀ ਦਾ ਗਠਨ ਕਰਨ ਕਰ ਕੇ ਲੰਬੀ ਹਲਕੇ ਤੋਂ ਤਿੰਨੇ ਪਾਰਟੀਆਂ ਦੇ ਉਮੀਦਵਾਰ ਹੀ ਬਾਦਲ ਪਰਿਵਾਰ ਦੇ ਸਨ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ 61 ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ
ਪੀਪਲਜ਼ ਪਾਰਟੀ ਵੱਲੋਂ ਮਨਪ੍ਰੀਤ ਬਾਦਲ ਦੇ ਪਿਤਾ ਗੁਰਦਾਸ ਸਿੰਘ ਬਾਦਲ ਅਤੇ ਕਾਂਗਰਸ ਦੇ ਮਹੇਸ਼ਇੰਦਰ ਬਾਦਲ ਦੋਨਾਂ ਭਰਾਵਾਂ ਨੇ ਤੀਸਰੇ ਭਰਾ ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ ਲੰਬੀ ਹਲਕੇ ਤੋਂ ਚੋਣ ਲੜੀ। ਇਹ ਚਰਚਾ ਰਹੀ ਕਿ ਗੁਰਦਾਸ ਸਿੰਘ ਬਾਦਲ ਨੇ ਇਹ ਚੋਣ ਭਾਵੇ ਅਣਮੰਨੇ ਮਨ ਨਾਲ ਲੜੀ, ਪਰ 2014 ਦੀਆਂ ਪਾਰਲੀਮੈਂਟ ਚੋਣਾਂ 'ਚ ਪੀਪਲਜ਼ ਪਾਰਟੀ ਛੱਡ ਕੇ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਹਲਕੇ ਤੋਂ ਕਾਂਗਰਸ ਦੇ ਚੋਣ ਨਿਸ਼ਾਨ ਪੰਜੇ 'ਤੇ ਮੈਦਾਨ ਵਿਚ ਨਿੱਤਰ ਕੇ ਆਪਣੀ ਭਰਜਾਈ ਹਰਸਿਮਰਤ ਕੌਰ ਬਾਦਲ ਨੂੰ ਕਰੜੀ ਟੱਕਰ ਦਿੱਤੀ।
ਹਾਲਾਂਕਿ ਸਿਆਸੀ ਪੰਡਿਤਾਂ ਦਾ ਕਹਿਣਾ ਹੈ ਕਿ 2014 ਤੋਂ ਬਾਅਦ ਪਰਿਵਾਰਕ ਤੌਰ 'ਤੇ ਕਿਸੇ ਵੀ ਆਗੂ ਨੇ ਆਹਮੋ-ਸਾਹਮਣੇ ਨਾ ਹੋਣ ਦਾ ਫੈਸਲਾ ਕਰ ਲਿਆ ਸੀ। ਅਗਰ ਕਿਸੇ ਹਾਲਤ ਵਿਚ ਸੁਖਬੀਰ ਸਿੰਘ ਬਾਦਲ ਨੂੰ ਗਿੱਦੜਬਾਹਾ ਤੋਂ ਉਮੀਦਵਾਰ ਬਣਨਾ ਪਿਆ ਤਾਂ ਚਾਰ ਚੋਣਾਂ ਵਿਚ ਆਹਮੋ-ਸਾਹਮਣੇ ਨਿੱਤਰ ਚੁੱਕੇ ਬਾਦਲ ਪਰਿਵਾਰ ਲਈ ਪੰਜਵੀਂ ਵਾਰ ਅਗਨੀ ਪ੍ਰੀਖਿਆ ਹੋਵੇਗੀ।
ਇਹ ਵੀ ਪੜ੍ਹੋ- ਬੇਕਾਬੂ ਹੋ ਕੇ ਡਿਵਾਈਡਰ 'ਚ ਜਾ ਵੱਜੀ ਕਾਰ, 1 ਔਰਤ ਦੀ ਹੋਈ ਮੌਤ, ਬੱਚੇ ਸਣੇ 2 ਹੋਰ ਜ਼ਖ਼ਮੀ
ਕਿਹੜੀ ਪਾਰਟੀ ਦੇ ਕਿਹੜੇ ਉਮੀਦਵਾਰਾਂ ਦੀ ਹੈ ਚਰਚਾ
ਬੇਸ਼ੱਕ ਸੁਖਬੀਰ ਬਾਦਲ ਨੇ ਮਨਪ੍ਰੀਤ ਨਾਲ ਕਿਸੇ ਸਮਝੌਤੇ ਦੀ ਗੱਲ ਨੂੰ ਬੇਬੁਨਿਆਦ ਅਤੇ ਮਨਪ੍ਰੀਤ ਬਾਦਲ ਵੱਲੋਂ ਖੁਦ ਭਾਜਪਾ ਨਾਲੋਂ ਵੱਖ ਹੋਣ ਦੀਆਂ ਕਿਆਸ ਅਰਾਈਆਂ ਨੂੰ ਅਧਾਰਹੀਣ ਦੱਸਿਆ ਗਿਆ ਹੈ। ਉਮੀਦਵਾਰ ਵਜੋਂ ਚੋਣ ਲੜਨਾ ਫਾਈਨਲ ਹੈ ਪਰ ਫਿਰ ਵੀ ਅਜੋਕੀ ਸਿਆਸਤ ਵਿਚ ਅਜਿਹੇ ਬਿਆਨਾਂ ਦੀ ਕੋਈ ਅਹਿਮੀਅਤ ਨਹੀਂ। ਇਸ ਤੋਂ ਬਿਨਾਂ ਅਕਾਲੀ ਦਲ ਵੱਲੋਂ ਸਾਬਕਾ ਵਿਧਾਇਕ ਰਘਬੀਰ ਸਿੰਘ ਪ੍ਰਧਾਨ ਤੇ ਰੋਜ਼ੀ ਬਰਕੰਦੀ ਦੇ ਉਮੀਦਵਾਰ ਹੋਣ ਦੀ ਵੀ ਚਰਚਾ ਹੈ। ਬਾਦਲਾਂ ਦੇ ਕਿਲੇ ਵਿਚ ਸੇਂਧਮਾਰੀ ਕਰਕੇ ਲਗਾਤਾਰ ਤਿੰਨ ਵਾਰ ਜਿੱਤ ਦੀ ਕਲਗੀ ਲਾ ਚੁੱਕੇ ਕਾਂਗਰਸ ਦੇ ਰਾਜੇ ਲਈ ਇਸ ਵਾਰ ਰਸਤਾ ਆਸਾਨ ਨਹੀਂ। ਸਮਝਿਆ ਜਾ ਰਿਹਾ ਹੈ ਕਿ ਇਸ ਵਾਰ ਕਾਂਗਰਸ ਪ੍ਰਧਾਨ ਆਪਣੇ ਪਰਿਵਾਰ ਦੀ ਬਜਾਏ ਨਵਾਂ ਉਮੀਦਵਾਰ ਉਤਾਰਨ ਦੇ ਮੂਡ ਵਿਚ ਹਨ। ਇਹ ਵੀ ਚਰਚਾ ਹੈ ਕਿ 'ਆਮ ਆਦਮੀ ਪਾਰਟੀ' ਦੀ ਤਰਜ਼ 'ਤੇ ਕਾਂਗਰਸ ਵੀ ਕਿਸੇ ਹੋਰ ਪਾਰਟੀ ਦੇ ਨਾਰਾਜ਼ ਹੋਏ ਆਗੂ ਨੂੰ ਸ਼ਾਮਿਲ ਕਰ ਕੇ ਉਸ 'ਤੇ ਦਾਅ ਖੇਡ ਸਕਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e