ਵੋਟਰ ਸੂਚੀ ਨੇ ਖੇਰੂੰ-ਖੇਰੂੰ ਕੀਤਾ ਬਾਦਲ ਪਰਿਵਾਰ!
Wednesday, Dec 19, 2018 - 07:15 PM (IST)

ਲੰਬੀ : ਪੰਚਾਇਤੀ ਚੋਣਾਂ ਲਈ ਨਵੀਂ ਆਈ ਵੋਟਰ ਸੂਚੀ ਅਤੇ ਵਾਰਡ ਬੰਦੀ ਦੇ ਨੋਟੀਫਿਕੇਸ਼ਨ ਨੇ ਲੋਕਾਂ ਨੂੰ ਭੰਬਲਭੂਸੇ 'ਚ ਪਾ ਦਿੱਤਾ ਹੈ। ਨਵੀਂ ਵਾਰਡਬੰਦੀ ਨੇ ਗਲੀਆਂ, ਗੁਆਂਢ ਜਾਂ ਵਿਹੜੇ ਹੀ ਨਹੀਂ ਵੰਡੇ, ਸਗੋਂ ਘਰਾਂ ਵਿਚ ਵੀ ਪਾੜੇ ਪਾ ਦਿੱਤੇ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੂੰ ਵੀ ਵੱਖ-ਵੱਖ ਵਾਰਡਾਂ ਵਿਚ ਵੰਡ ਦਿੱਤਾ ਗਿਆ ਹੈ। ਬਾਦਲ, ਉਨ੍ਹਾਂ ਦੇ ਪੁੱਤ ਸੁਖਬੀਰ ਬਾਦਲ, ਨੂੰਹ ਹਰਸਿਮਰਤ ਕੌਰ ਬਾਦਲ ਅਤੇ ਉਨ੍ਹਾਂ ਦੀ ਪੋਤਰੀ ਹਰਕੀਰਤ ਕੌਰ ਬਾਦਲ ਦੇ ਘਰ ਦਾ ਪਤਾ ਤਾਂ ਮਕਾਨ ਨੰਬਰ 387 ਹੀ ਹੈ ਪਰ ਛੋਟੀ ਪੋਤਰੀ ਗੁਰਲੀਨ ਕੌਰ ਬਾਦਲ ਦੇ ਘਰ ਦਾ ਨੰਬਰ 528 ਲਿਖਿਆ ਹੋਇਆ ਹੈ।
ਇਸੇ ਤਰ੍ਹਾਂ ਪਿੰਡ ਸੇਹਨਾ ਖੇੜਾ ਦੇ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਪੁੱਤਰ ਤੇ ਘਰਵਾਲੀ ਸਮੇਤ ਕੁਲ ਚਾਰ ਵੋਟਾਂ ਹਨ ਅਤੇ ਉਨ੍ਹਾਂ ਦਾ ਸਾਰਾ ਪਰਿਵਾਰ ਇਕੋ ਘਰ ਵਿਚ ਰਹਿੰਦਾ ਹੈ ਪਰ ਨਵੀਂ ਬਣੀ ਵਾਰਡਬੰਦੀ ਨੇ ਉਸ ਦੀ ਅਤੇ ਉਸ ਦੀ ਪਤਨੀ ਦੀ ਵੋਟ ਤਾਂ ਇਕੋਂ ਵਾਰਡ 'ਚ ਰੱਖੀ ਹੈ ਜਦਕਿ ਉਸ ਦੇ ਪੁੱਤਰਾਂ ਦਾ ਵਾਰਡ ਬਦਲ ਦਿੱਤਾ ਗਿਆ ਹੈ।
ਉਧਰ ਇਸ ਸੰਬੰਧੀ ਪੰਚਾਇਤ ਸੈਕਰੇਟਰੀ ਲਖਵੀਰ ਸਿੰਘ ਦਾ ਕਹਿਣਾ ਹੈ ਕਿ ਇਕ ਵਾਰਡ ਵਿਚ ਵੋਟਰਾਂ ਦੀ ਗਿਣਤੀ ਪੂਰੀ ਹੋ ਜਾਵੇ ਤਾਂ ਬਾਕੀ ਵੋਟਰਾਂ ਨੂੰ ਦੂਸਰੇ ਵਾਰਡ ਵਿਚ ਸ਼ਿਫਟ ਕਰ ਦਿੱਤਾ ਜਾਂਦਾ ਹੈ, ਜਿਸ ਦੇ ਚੱਲਦੇ ਅਜਿਹਾ ਕੀਤਾ ਗਿਆ ਹੈ।