ਬਾਦਲ ਪਰਿਵਾਰ ਨੇ ਕਿਸਾਨ ਸੰਘਰਸ਼ ਨੂੰ ਕਮਜ਼ੋਰ ਕਰਨ ਦਾ ਹਰ ਯਤਨ ਕੀਤਾ : ਸੁਖਦੇਵ ਢੀਂਡਸਾ
Saturday, Dec 05, 2020 - 12:32 PM (IST)
ਸੰਗਰੂਰ (ਵਿਵੇਕ ਸਿੰਧਵਾਨੀ, ਬੇਦੀ): ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸਹਿਕਾਰੀ ਚੋਣਾਂ 'ਚ ਅਕਾਲੀ ਦਲ ਡੈਮੋਕ੍ਰੇਟਿਕ ਦੇ ਉਮੀਦਵਾਰਾਂ ਦੀ ਜਿੱਤ ਨੇ ਸੰਕੇਤ ਦੇ ਦਿੱਤਾ ਹੈ ਕਿ ਸੂਬੇ 'ਚ ਸਿਆਸੀ ਬਦਲਾਅ ਦੀ ਸ਼ੁਰੂਆਤ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਸੰਗਰੂਰ ਜ਼ਿਲੇ 'ਚ ਸਿਆਸੀ ਦਿਸਾਵਾਂ ਤੈਅ ਕਰਨ ਵਾਲੀ ਕੋ-ਆਪ੍ਰੇਟਿਵ ਮਾਰਕਟਿੰਗ ਸੋਸਾਇਟੀ ਮਾਲੇਰਕੋਟਲਾ ਦੇ ਜ਼ੋਨਾਂ ਦੀ ਹੋਈ ਚੋਣ 'ਚ ਪੰਜ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ।ਜੇਤੂ ਉਮੀਦਵਾਰਾਂ ਨੂੰ ਪਾਰਟੀ ਵੱਲੋਂ ਕਰਵਾਏ ਸਨਮਾਨ ਸਮਾਰੋਹ ਉਪੰਰਤ ਗੱਲ ਕਰਦਿਆਂ ਢੀਂਡਸਾ ਨੇ ਕਿਹਾ ਕਿ ਇਨ੍ਹਾਂ ਉਮੀਦਵਾਰਾਂ ਦੀ ਜਿੱਤ ਨੇ ਸਾਬਿਤ ਕਰ ਦਿੱਤਾ ਹੈ ਕਿ ਲੋਕ ਅਕਾਲੀ ਦਲ ਡੈਮੋਕ੍ਰੇਟਿਕ ਨੂੰ ਪਸੰਦ ਕਰਦੇ ਹਨ ਅਤੇ ਆਮ ਲੋਕਾਂ ਦਾ ਰੁਝਾਨ ਵੀ ਇਸ ਵੱਲ ਹੈ।
ਇਹ ਵੀ ਪੜ੍ਹੋ: ਹੁਣ ਬਾਬਾ ਸੇਵਾ ਸਿੰਘ ਨੇ ਕੀਤਾ 'ਪਦਮ ਵਿਭੂਸ਼ਣ' ਐਵਾਰਡ ਵਾਪਸ ਕਰਨ ਦਾ ਐਲਾਨ
ਢੀਂਡਸਾ ਨੇ ਕਿਹਾ ਕਿ ਸਿਆਸਤ 'ਚ ਸੰਜੀਦਗੀ ਤੇ ਗੈਰ ਸੰਜੀਦਗੀ ਦਾ ਸੁਮੇਲ ਬੜਾ ਔਖਾ ਹੁੰਦਾ ਹੈ। ਜੇਕਰ ਬਾਦਲ ਪਰਿਵਾਰ ਆਰਡੀਨੈਂਸ ਬਣਨ ਵੇਲੇ ਹੀ ਕਿਸਾਨ ਮਾਰੂ ਨੀਤੀਆਂ ਦਾ ਵਿਰੋਧ ਕਰਦਾ ਤੇ ਸਾਡੀ ਪਾਰਟੀ ਵਾਂਗ ਸਖ਼ਤ ਸਟੈਂਡ ਲੈ ਕੇ ਸਿਆਸੀ ਮਾਹੌਲ ਪੈਦਾ ਕਰਨ 'ਚ ਮਦਦ ਕਰਦਾ ਤਾਂ ਕਿਸਾਨਾਂ ਨੂੰ ਇਹ ਦਿਨ ਸ਼ਾਇਦ ਨਾ ਦੇਖਣੇ ਪੈਂਦਾ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਕਿਸਾਨ ਮਾਰੂ ਨੀਤੀਆਂ 'ਤੇ ਪਹਿਲਾਂ ਵੀ ਰਾਜਨੀਤੀ ਕੀਤੀ ਤੇ ਹੁਣ ਵੀ ਰਾਜਨੀਤੀ ਕੀਤੀ ਜਾ ਰਹੀ ਹੈ। ਇਸ ਤੋਂ ਬੁਰੀ ਤੇ ਮਾੜੀ ਗੱਲ ਕੀ ਹੋ ਸਕਦੀ ਹੈ ਕਿ ਬਾਦਲ ਪਰਿਵਾਰ ਨੇ ਕਿਸਾਨ ਸੰਘਰਸ਼ ਨੂੰ ਕਮਜ਼ੋਰ ਕਰਨ ਦਾ ਹਰ ਯਤਨ ਕੀਤਾ। ਹੁਣ ਕਿਸਾਨਾਂ ਦੇ ਹਮਾਇਤੀ ਕਹਾਉਣ ਲਈ ਬਾਦਲ ਪਰਿਵਾਰ ਨੂੰ ਸੈਂਕੜੇ ਝੂਠ ਬੋਲਣ ਦਾ ਸਹਾਰਾ ਲੈਣਾ ਪੈ ਰਿਹਾ ਹੈ।ਇਸ ਮੌਕੇ ਅਜੀਤ ਸਿੰਘ ਚੰਦੂਰਾਈਆਂ ਸਾਬਕਾ ਸੂਚਨਾ ਕਮਿਸ਼ਨਰ , ਸੀਨੀਅਰ ਅਕਾਲੀ ਆਗੂ ਜਥੇਦਾਰ ਗੁਰਜੀਵਨ ਸਿੰਘ ਸਰੌਦ, ਸਾਬਕਾ ਪ੍ਰਧਾਨ ਦਰਬਾਰਾ ਸਿੰਘ ਚਹਿਲ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ: ਮ੍ਰਿਤਕ ਅੰਦੋਲਨਕਾਰੀ ਮਕੈਨਿਕ ਦੇ ਪਰਿਵਾਰ ਦੀ ਮਦਦ ਲਈ 'ਆਪ' ਨੇ ਇਕੱਠੇ ਕੀਤੇ 10 ਲੱਖ