ਬਾਦਲ-ਕੈਪਟਨ ਫ੍ਰੈਂਡਲੀ ਮੈਚ ''ਤੇ ਕਾਂਗਰਸੀਆਂ ਨੇ ਵੀ ਲਾਈ ਮੋਹਰ : ਭਗਵੰਤ ਮਾਨ

Sunday, Aug 04, 2019 - 01:40 AM (IST)

ਬਾਦਲ-ਕੈਪਟਨ ਫ੍ਰੈਂਡਲੀ ਮੈਚ ''ਤੇ ਕਾਂਗਰਸੀਆਂ ਨੇ ਵੀ ਲਾਈ ਮੋਹਰ : ਭਗਵੰਤ ਮਾਨ

ਚੰਡੀਗੜ੍ਹ,(ਸ਼ਰਮਾ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਕਾਂਗਰਸ ਵਿਧਾਇਕ ਦਲ ਦੀ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਬੈਠਕ 'ਚ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਨੇ ਵੀ ਬਾਦਲ-ਕੈਪਟਨ ਫ੍ਰੈਂਡਲੀ ਮੈਚ 'ਤੇ ਇਕ ਹੋਰ ਮੋਹਰ ਲਗਾ ਦਿੱਤੀ ਹੈ। ਪਾਰਟੀ ਹੈੱਡਕੁਆਰਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਾਂਗਰਸੀ ਵਿਧਾਇਕਾਂ ਨੇ ਬਾਦਲਾਂ 'ਤੇ ਮੁੱਖ ਮੰਤਰੀ ਦੀਆਂ ਮਿਹਰਬਾਨੀਆਂ ਬਾਰੇ ਮੂੰਹ 'ਤੇ ਖਰੀਆਂ-ਖਰੀਆਂ ਸੁਣਾ ਕੇ ਥੋੜ੍ਹੇ ਬਹੁਤ ਬਚਦੇ ਭਰਮ-ਭੁਲੇਖੇ ਵੀ ਦੂਰ ਕਰ ਦਿੱਤੇ ਹਨ। ਹੁਣ ਕੈਪਟਨ ਅਮਰਿੰਦਰ ਨੂੰ ਮੁੱਖ ਮੰਤਰੀ ਦੀ ਕੁਰਸੀ 'ਤੇ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਰਹਿ ਗਿਆ।

ਭਗਵੰਤ ਮਾਨ ਨੇ ਕਾਂਗਰਸੀ ਵਿਧਾਇਕਾਂ ਤੇ ਮੰਤਰੀਆਂ ਦੀ ਜ਼ਮੀਰ ਨੂੰ ਹਲੂਣਦਿਆਂ ਕਿਹਾ ਕਿ ਸਭ ਸਾਫ਼ ਨਜ਼ਰ ਆ ਰਿਹਾ ਹੈ ਕਿ ਬਾਦਲਾਂ ਦਾ ਟੱਬਰ ਅਤੇ ਸ਼ਾਹੀ ਪਰਿਵਾਰ ਪੰਜਾਬ, ਪੰਥ ਅਤੇ ਪੰਜਾਬੀਆਂ ਦੇ ਹਿੱਤਾਂ ਨੂੰ ਖੂੰਜੇ ਲਗਾ ਕੇ ਆਪਣੀ-ਆਪਣੀ ਪੁਸ਼ਤ ਪਨਾਹੀ ਅਤੇ ਸੱਤਾ ਦੀ ਸਾਂਝ ਪੁਗਾ ਰਹੇ ਹਨ ਤਾਂ ਕਾਂਗਰਸੀ ਵਿਧਾਇਕ ਆਗੂ ਕਿਹੜੇ ਮੂੰਹ ਅਜਿਹੇ ਖ਼ੁਦਗ਼ਰਜ਼ ਦੀ ਅਗਵਾਈ ਕਬੂਲ ਕਰੀ ਬੈਠੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕਾਂ-ਮੰਤਰੀਆਂ ਨੇ ਸਿਰਫ਼ ਬਾਦਲਾਂ-ਕੈਪਟਨ ਦੀ ਸਾਂਝ ਹੀ ਨੰਗੀ ਨਹੀਂ ਕੀਤੀ, ਸਗੋਂ ਇਹ ਵੀ ਜਗ ਜਾਹਿਰ ਕਰ ਦਿੱਤਾ ਹੈ ਕਿ ਕੈਪਟਨ ਸਰਕਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਸੁਰੱਖਿਆ ਸਲਾਹਕਾਰ ਅਜਿਤ ਡੋਭਾਲ ਰਾਹੀਂ ਕਿੰਝ ਚਲਾ ਰਹੇ ਹਨ।


Related News