ਬਾਦਲ ਅਤੇ ਭਾਜਪਾ ਦੀ ਸਾਂਝ ਪੁਰਾਣੀ, ਚੋਣਾਂ ਲਈ ਫਿਰ ਇਕੱਠੇ ਹੋਣਗੇ : ਅਰੋੜਾ
Thursday, Dec 17, 2020 - 01:53 AM (IST)
ਚੰਡੀਗੜ੍ਹ, (ਰਮਨਜੀਤ)- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਟਿੱਪਣੀ ਕੀਤੀ ਹੈ। ‘ਆਪ’ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਜਿਸ ਭਾਜਪਾ ਨੂੰ ਉਹ ਟੁਕੜੇ-ਟੁਕੜੇ ਗੈਂਗ ਕਹਿ ਰਹੇ ਹਨ, ਅਸਲ ਵਿਚ ਉਹ ਖੁਦ ਵੀ ਉਸੇ ਟੁਕੜੇ-ਟੁਕੜੇ ਗੈਂਗ ਦਾ ਹਿੱਸਾ ਹਨ ਤੇ ਉਹ ਭਵਿੱਖ ਵਿਚ ਵੀ ਹੋ ਸਕਦੇ ਹਨ। ਅਰੋੜਾ ਨੇ ਕਿਹਾ ਕਿ ਜਨਤਾ ਦਾ ਗੁੱਸਾ ਦੇਖ ਕੇ ਇਹ ਆਪਣੇ-ਆਪ ਨੂੰ ਭਾਜਪਾ ਤੋਂ ਵੱਖ ਕਰਨ ਦਾ ਦਿਖਾਵਾ ਕਰ ਰਹੇ ਹਨ ਪਰ ਤੈਅ ਹੈ ਕਿ ਚੋਣਾਵੀਂ ਲਾਭ ਲਈ ਇਹ ਕਦੇ ਵੀ ਫਿਰ ਤੋਂ ਭਾਜਪਾ ਨਾਲ ਮਿਲ ਜਾਣਗੇ, ਕਿਉਂਕਿ ਹੁਣ ਤਕ ਬਾਦਲ ਦਲ ਭਾਜਪਾ ਦੇ ਟੁਕੜਿਆਂ ’ਤੇ ਹੀ ਪਲਦਾ ਰਿਹਾ ਹੈ ਅਤੇ ਇਸ ਟੁਕੜੇ-ਟੁਕੜੇ ਗੈਂਗ ਦੀ ਸਰਕਾਰ ਵਿਚ ਹਰਸਿਮਰਤ ਕੌਰ ਬਾਦਲ ਮੰਤਰੀ ਰਹੀ ਸੀ।
ਕੇਂਦਰੀ ਖੇਤੀ ਕਾਨੂੰਨ ਨੂੰ ਲਾਗੂ ਕਰਨ ਵਿਚ ਅਕਾਲੀ ਦਲ ਬਾਦਲ ਦੇ ਯੋਗਦਾਨ ’ਤੇ ਟਿੱਪਣੀ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਬਾਦਲ ਦਲ ਨੇ ਇਸ ਟੁਕੜੇ-ਟੁਕੜੇ ਗੈਂਗ ਨਾਲ ਮਿਲ ਕੇ ਖੇਤੀ ਕਾਨੂੰਨ ਬਣਾਇਆ ਅਤੇ ਅੱਜ ਜਨਤਾ ਦਾ ਗੁੱਸਾ ਦੇਖ ਕੇ ਨਾਟਕ ਕਰ ਰਹੇ ਹਨ। ਬਾਦਲ ਦਲ ਦੇ ਦੋਗਲੇਪਣ ’ਤੇ ਅਮਨ ਅਰੋੜਾ ਨੇ ਕਿਹਾ ਕਿ ਬਾਦਲ ਦਲ ਇਕ ਮਹੀਨੇ ਪਹਿਲਾਂ ਤਕ ਟੁਕੜੇ-ਟੁਕੜੇ ਗੈਂਗ ਦੀ ਸਰਕਾਰ ਦਾ ਹਿੱਸਾ ਸੀ ਅਤੇ ਦਿਨ-ਰਾਤ ਉਸ ਦਾ ਹੀ ਗੁਣਗਾਨ ਕਰਦਾ ਰਹਿੰਦਾ ਸੀ। ਬਾਦਲ ਦਲ ਅੱਜ ਵੀ ਲੋਕਾਂ ਨੂੰ ਗੁੰਮਰਾਹ ਕਰਨ ਲਈ ਪਾਖੰਡ ਕਰ ਰਿਹਾ ਹੈ ਅਤੇ ਚੋਣਾਂ ਤੋਂ ਬਾਅਦ ਬਾਦਲ-ਭਾਜਪਾ ਫਿਰ ਇਕੱਠੇ ਹੋ ਜਾਣਗੇ।