ਬਾਦਲ ਦੀ ਅਗਵਾਈ ਹੇਠ ਸਿੱਖੀ ਦਾ ਬਹੁਤ ਵੱਡਾ ਘਾਣ ਹੋਇਐ : ਬਾਸਰਕੇ

Tuesday, Sep 19, 2017 - 03:18 PM (IST)

ਬਾਦਲ ਦੀ ਅਗਵਾਈ ਹੇਠ ਸਿੱਖੀ ਦਾ ਬਹੁਤ ਵੱਡਾ ਘਾਣ ਹੋਇਐ : ਬਾਸਰਕੇ

ਅੰਮ੍ਰਿਤਸਰ (ਵਾਲੀਆ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਕਾਰਨ ਡੇਰਾਵਾਦ ਵਧਿਆ ਹੈ। ਜੇਕਰ ਇਹ ਧਾਰਮਿਕ ਸੰਸਥਾ ਆਪਣੀਆਂ ਜ਼ਿੰਮੇਵਾਰੀਆਂ ਸਹੀ ਢੰਗ ਨਾਲ ਨਿਭਾਉਂਦੀ ਅਤੇ ਗੁਰੂ ਸਾਹਿਬਾਨ ਦੇ ਸਿਧਾਂਤਾਂ ਤੇ ਪਹਿਰਾ ਦਿੰਦੀ ਤਾਂ ਅੱਜ ਰਾਮ ਰਹੀਮ ਵਰਗੇ ਅਖੌਤੀ ਬਾਬੇ ਪੈਦਾ ਨਹੀਂ ਹੋਣੇ ਸਨ।
ਇਹ ਸ਼ਬਦ ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਇੰਦਰਜੀਤ ਸਿੰਘ ਬਾਸਰਕੇ ਨੇ ਗੁਰਦੁਆਰਾ ਭੱਲਾ ਕਾਲੋਨੀ ਛੇਹਰਟਾ ਵਿਖੇ ਧਾਰਮਿਕ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਮਨੁੱਖਤਾ ਦੇ ਭਲੇ ਲਈ ਗੁਰੂ ਸਾਹਿਬਾਨ ਨੇ ਸਾਨੂੰ ਸ਼ਬਦ ਗੁਰੂ ਨਾਲ ਜੋੜਿਆ ਹੈ ਜਿਸ ਵਿਚ ਸਰਬਤ ਦੇ ਭਲੇ, ਵੰਡ ਕੇ ਛਕਣ, ਕਿਰਤ ਕਰਨ ਤੇ ਜਾਤ-ਪਾਤ ਦੇ ਖਾਤਮੇ ਆਦਿ ਬੁਰਾਈਆਂ ਦੀ ਗੱਲ ਕੀਤੀ ਗਈ ਹੈ । ਮਨੁੱਖ ਨੂੰ ਚੰਗੀ ਜ਼ਿੰਦਗੀ ਜਿਊਣ ਦੀ ਗੱਲ ਵੀ ਕੀਤੀ ਗਈ ਹੈ ਪਰ ਅਫਸੋਸ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਾਰਮਿਕ ਘੱਟ ਅਤੇ ਸਿਆਸੀ ਜ਼ਿਆਦਾ ਹੋ ਗਈ ਹੈ। ਅੱਜ ਸਿੱਖੀ ਦੇ ਠੇਕੇਦਾਰਾਂ ਨੂੰ ਸਿੱਖੀ ਦਾ ਪ੍ਰਚਾਰ ਕਰਨ ਦਾ ਸਮਾਂ ਤਾਂ ਨਹੀ ਹੈ ਪਰ ਰਾਜਨੀਤੀ ਕਰਨ ਲਈ ਵੋਟਾਂ ਲੈਣ ਲਈ ਡੇਰਿਆਂ ਦਾ ਸਹਾਰਾ ਲੈਣਾ ਪੈਂਦਾ ਹੈ। 
ਬਾਸਰਕੇ ਨੇ ਦੋਸ਼ ਲਗਾਇਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸਿੱਖੀ ਦਾ ਬਹੁਤ ਵੱਡਾ ਘਾਣ ਹੋਇਆ ਹੈ। ਇਥੋਂ ਤੱਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵੱਖ-ਵੱਖ ਥਾਂਈ ਬੇਅਦਬੀ ਵੀ ਹੋਈ ਪਰ ਬਾਦਲ, ਸੁਖਬੀਰ ਤੇ ਹਰਸਿਮਰਤ ਕੌਰ ਬਾਦਲ ਮੂਕਦਰਸ਼ਕ ਬਣ ਕੇ ਦੇਖਦੇ ਰਹੇ। ਬਾਦਲ ਦੀ ਸਰਕਾਰ ਸਮੇਂ ਕੋਈ ਵੀ ਦੋਸ਼ੀ ਫੜਿਆ ਨਹੀਂ ਗਿਆ। 
ਇਸ ਮੌਕੇ ਬਾਬਾ ਮਨਜੀਤ ਸਿੰਘ, ਕੈਪਟਨ ਪਲਵਿੰਦਰ ਸਿੰਘ, ਅਮਰੀਕ ਸਿੰਘ, ਮਨਮੋਹਨ ਸਿੰਘ ਬਾਸਰਕੇ, ਨਰਿੰਦਰ ਸਿੰਘ ਨੋਨੀ, ਗੁਰਬਚਨ ਸਿੰਘ ਵਿਰਕ, ਜਗਿੰਦਰ ਸਿੰਘ ਬਲ, ਕਰਮਜੀਤ ਸਿੰਘ ਬਾਸਰਕੇ, ਕੰਵਲਜੀਤ ਸਿੰਘ ਡੈਨੀ, ਧਰਮਿੰਦਰ ਸਿੰਘ ਬਿੱਟੂ ਆਦਿ ਹਾਜ਼ਰ ਸਨ।


Related News