ਸਰਹਿੰਦ ਅਤੇ ਰਾਜਸਥਾਨ ਫੀਡਰ ਨਹਿਰਾਂ ''ਚ ਆ ਰਿਹੈ ਸੀਵਰੇਜ ਦਾ ਪਾਣੀ

Thursday, Apr 12, 2018 - 08:03 AM (IST)

ਸਰਹਿੰਦ ਅਤੇ ਰਾਜਸਥਾਨ ਫੀਡਰ ਨਹਿਰਾਂ ''ਚ ਆ ਰਿਹੈ ਸੀਵਰੇਜ ਦਾ ਪਾਣੀ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ, ਪਵਨ) - ਜ਼ਿਲਾ ਸ੍ਰੀ ਮੁਕਤਸਰ ਸਾਹਿਬ 'ਚੋਂ ਲੰਘਦੀਆਂ ਦੋ ਵੱਡੀਆਂ ਜੌੜੀਆਂ ਨਹਿਰਾਂ ਸਰਹਿੰਦ ਅਤੇ ਰਾਜਸਥਾਨ ਫੀਡਰ ਵਿਚ ਪਿਛਲੇ ਕੁਝ ਦਿਨਾਂ ਤੋਂ ਸੀਵਰੇਜ ਦਾ ਕਾਲਾ ਪਾਣੀ ਆ ਰਿਹਾ ਹੈ, ਜੋ ਕਿ ਇਕ ਗੰਭੀਰ ਸਮੱਸਿਆ ਹੈ। ਇਹ ਗੰਦਾ ਅਤੇ ਕਾਲਾ ਪਾਣੀ ਮਨੁੱਖੀ ਸਿਹਤ ਲਈ ਬੇਹੱਦ ਖਤਰਨਾਕ ਸਾਬਤ ਹੋ ਰਿਹਾ ਹੈ। ਇਕ ਪਾਸੇ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਲੋਕਾਂ ਨੂੰ ਸਾਫ-ਸੁਥਰਾ ਪੀਣ ਵਾਲਾ ਪਾਣੀ ਪੀਣ ਲਈ ਅਪੀਲਾਂ ਕਰ ਰਹੀ ਹੈ ਪਰ ਦੂਜੇ ਪਾਸੇ ਲੋਕਾਂ ਨੂੰ ਮਾੜਾ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਨਹਿਰੀ ਵਿਭਾਗ ਵੀ ਬਿਲਕੁਲ ਸੁਚੇਤ ਨਹੀਂ ਹੈ, ਜਦਕਿ ਉਕਤ ਨਹਿਰਾਂ ਦਾ ਇਹ ਪਾਣੀ ਅੱਗੇ ਛੋਟੀਆਂ ਨਹਿਰਾਂ ਅਤੇ ਰਜਬਾਹਿਆਂ ਆਦਿ ਵਿਚ ਪੈ ਰਿਹਾ ਹੈ।
ਨਹਿਰਾਂ 'ਚ ਪਾਣੀ ਦੀ ਬੰਦੀ ਹੋਣ ਸਮੇਂ ਖੁੱਲ੍ਹਦੀ ਹੈ ਸੀਵਰੇਜ ਦੇ ਪਾਣੀ ਦੀ ਪੋਲ
ਉਂਝ ਤਾਂ ਭਾਵੇਂ ਸਾਰਾ ਸਾਲ ਹੀ ਲੁਧਿਆਣੇ ਵਰਗੇ ਵੱਡੇ ਸ਼ਹਿਰ ਦਾ ਸੀਵਰੇਜ ਦਾ ਪਾਣੀ ਅਤੇ ਫੈਕਟਰੀਆਂ ਦੀ ਗੰਦਗੀ ਦਰਿਆ ਵਿਚ ਪੈਂਦੀ ਰਹਿੰਦੀ ਹੈ ਅਤੇ ਇਹ ਪਾਣੀ ਨਹਿਰਾਂ ਦੇ ਪਾਣੀ ਵਿਚ ਰਲਦਾ ਰਹਿੰਦਾ ਹੈ ਪਰ ਜਦ ਨਹਿਰਾਂ ਭਰੀਆਂ ਹੁੰਦੀਆਂ ਹਨ ਤਾਂ ਗੰਦੇ ਪਾਣੀ ਦਾ ਪਤਾ ਘੱਟ ਲੱਗਦਾ ਹੈ, ਜਦਕਿ ਹੁਣ ਦੋਵੇਂ ਨਹਿਰਾਂ ਦੀ ਰਿਪੇਅਰ ਹੋਣ ਕਰ ਕੇ ਪਾਣੀ ਘੱਟ ਛੱਡਿਆ ਜਾ ਰਿਹਾ ਹੈ ਅਤੇ ਇਸ ਕਰ ਕੇ ਹੁਣ ਸੀਵਰੇਜ ਦਾ ਪਾਣੀ ਸਾਫ਼ ਦਿਖਾਈ ਦੇ ਰਿਹਾ ਹੈ। ਨਹਿਰਾਂ ਦੇ ਨੇੜਲੇ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਪਾਣੀ ਵਿਚ ਬਦਬੂ ਆਉਣ ਲੱਗ ਜਾਂਦੀ ਹੈ।
ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੇਵੇ ਧਿਆਨ
ਕੁਝ ਜ਼ਿੰਮੇਵਾਰ ਅਤੇ ਜਾਗਰੂਕ ਲੋਕਾਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਇਸ ਗੰਭੀਰ ਸਮੱਸਿਆ ਵੱਲ ਤੁਰੰਤ ਧਿਆਨ ਦੇਣ ਦੀ ਅਪੀਲ ਕੀਤੀ ਹੈ।
ਔਰਤ ਤੇ ਬੱਚਾ ਭਲਾਈ ਸੰਸਥਾ ਪੰਜਾਬ ਦੀ ਪ੍ਰੈੱਸ ਸਕੱਤਰ ਨਵਦੀਪ ਕੌਰ ਢਿੱਲੋਂ, ਅਧਿਆਪਕਾ ਸ਼ਿਖਾ ਮੋਗਾ, ਡਾ. ਗੁਰਮੀਤ ਸਿੰਘ ਹਾਂਡਾ, ਵਿਦਿਆਰਥੀ ਹਰਜੋਤ ਸਿੰਘ ਖੁੰਡੇ ਹਲਾਲ, ਅਭਿਸ਼ੇਕ ਸਾਦਿਕ ਅਤੇ ਨਵਸੰਗੀਤ ਸਿੰਘ ਚੱਕ ਬੀੜ ਸਰਕਾਰ ਨੇ ਕਿਹਾ ਕਿ ਗਰੀਬ ਅਤੇ ਮੱਧ-ਵਰਗ ਦੇ ਲੋਕ ਅਕਸਰ ਹੀ ਜਲਘਰਾਂ ਦਾ ਪਾਣੀ ਵਰਤਦੇ ਹਨ ਅਤੇ ਜੇਕਰ ਇਹ ਰੁਝਾਨ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਆਉਣ ਵਾਲਾ ਸਮਾਂ ਹੋਰ ਵੀ ਭਿਆਨਕ ਹੋਵੇਗਾ ਤੇ ਬੀਮਾਰੀਆਂ ਵਿਚ ਭਾਰੀ ਵਾਧਾ ਹੋਵੇਗਾ। ਸਰਕਾਰਾਂ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਅਤੇ ਲੋਕਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਨਹਿਰਾਂ ਵਿਚ ਸਾਫ਼-ਸੁਥਰਾ ਪਾਣੀ ਛੱਡਿਆ ਜਾਵੇ।
ਕੈਂਸਰ ਦਾ ਕਹਿਰ ਪਹਿਲਾਂ ਹੀ ਹੈ ਜਾਰੀ
ਮਾਲਵਾ ਖੇਤਰ 'ਚ ਕੈਂਸਰ ਦੇ ਕਹਿਰ ਦਾ ਮੁੱਖ ਕਾਰਨ ਗੰਦਾ ਤੇ ਮਾੜਾ ਪਾਣੀ ਹੀ ਹੈ। ਮਾੜਾ ਪਾਣੀ ਪੀਣ ਕਰ ਕੇ ਜਿੱਥੇ ਕੈਂਸਰ ਦੇ ਦੈਂਤ ਨੇ ਹਜ਼ਾਰਾਂ ਲੋਕਾਂ ਨੂੰ ਖਾਹ ਲਿਆ ਹੈ ਅਤੇ ਅਜੇ ਵੀ ਸੈਂਕੜੇ ਲੋਕ ਇਸ ਬੀਮਾਰੀ ਤੋਂ ਪੀੜਤ ਹਨ, ਉੱਥੇ ਹੀ ਕਾਲੇ ਪੀਲੀਏ ਨੇ ਵੀ ਆਪਣਾ ਪੂਰਾ ਜ਼ੋਰ ਫੜਿਆ ਹੋਇਆ ਹੈ। ਦਿਲ ਦੀਆਂ ਬੀਮਾਰੀਆਂ, ਹੱਡੀਆਂ ਦੇ ਰੋਗਾਂ ਅਤੇ ਗੁਰਦਿਆਂ ਦੀਆਂ ਬੀਮਾਰੀਆਂ ਤੋਂ ਵੀ ਅਨੇਕਾਂ ਲੋਕ ਪੀੜਤ ਹਨ।
ਕਿੱਥੇ-ਕਿੱਥੇ ਜਾਂਦੈ ਇਨ੍ਹਾਂ ਨਹਿਰਾਂ ਦਾ ਪਾਣੀ
ਸਰਹਿੰਦ ਫੀਡਰ ਨਹਿਰ ਦਾ ਪਾਣੀ ਅੱਧੇ ਮਾਲਵੇ ਨੂੰ ਸਪਲਾਈ ਕੀਤਾ ਜਾਂਦਾ ਹੈ ਅਤੇ ਰਾਜਸਥਾਨ ਦੇ ਪਾਣੀ ਨੂੰ ਸ਼੍ਰੀ ਗੰਗਾਨਗਰ ਜ਼ਿਲੇ ਦੇ ਅਖਰੀਲੇ ਪਿੰਡਾਂ ਤੱਕ ਇਸ ਨਹਿਰ ਦਾ ਪਾਣੀ ਜਾਂਦਾ ਹੈ, ਜਦਕਿ ਰਾਜਸਥਾਨ ਫੀਡਰ ਨਹਿਰ ਦਾ ਸਾਰਾ ਪਾਣੀ ਰਾਜਸਥਾਨ ਸੂਬੇ ਨੂੰ ਮਿਲਦਾ ਹੈ।


Related News