ਜੈਤੋ ''ਚ ਹਸਪਤਾਲ 30 ਬੈੱਡਾਂ ਦਾ ਪਰ ਐਮਰਜੈਂਸੀ ਸਹੂਲਤ 5 ਬੈੱਡਾਂ ਦੀ ਵੀ ਨਹੀਂ

04/26/2018 7:43:56 AM

ਜੈਤੋ (ਜਿੰਦਲ) - ਜੈਤੋ ਸਥਿਤ ਸੇਠ ਰਾਮ ਨਾਥ ਸਿਵਲ ਹਸਪਤਾਲ ਇਕ ਨਾਂ ਦਾ ਹੀ ਹਸਪਤਾਲ ਹੈ। ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਦਾ ਇਸ ਹਸਪਤਾਲ ਵੱਲ ਬਿਲਕੁਲ ਵੀ ਧਿਆਨ ਨਹੀਂ ਹੈ। ਇਸ ਹਸਪਤਾਲ 'ਚ ਸਹੂਲਤਾਂ ਦੀ ਘਾਟ ਹੋਣ ਕਾਰਨ ਲੋਕ ਇਸ ਹਸਪਤਾਲ ਨੂੰ 'ਰੈਫ਼ਰ ਸੈਂਟਰ' ਵੀ ਕਹਿਣ ਲੱਗ ਪਏ ਹਨ। ਜਾਣਕਾਰੀ ਅਨੁਸਾਰ ਜਦੋਂ ਕੋਈ ਐਮਰਜੈਂਸੀ ਕੇਸ ਜਾਂ ਕੋਈ ਦੁਰਘਟਨਾ ਦਾ ਕੇਸ ਆ ਜਾਂਦਾ ਹੈ ਤਾਂ ਪੀੜਤ ਨੂੰ ਅਕਸਰ ਹੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ, ਫ਼ਰੀਦਕੋਟ ਰੈਫ਼ਰ ਕਰ ਦਿੱਤਾ ਜਾਂਦਾ ਹੈ। ਇੱਥੇ ਸੀਨੀਅਰ ਮੈਡੀਕਲ ਅਫ਼ਸਰ, ਇਕ ਮੈਡੀਸਨ, ਇਕ ਗਾਇਨੀ ਅਤੇ ਇਕ ਡੈਂਟਲ ਡਾਕਟਰ ਹਨ। ਇਕ ਡਾਕਟਰ ਐਮਰਜੈਂਸੀ ਲਈ ਹਰ ਸਮੇਂ ਮੌਜੂਦ ਰਹਿੰਦਾ ਹੈ, ਜਦਕਿ ਇਸ ਹਸਪਤਾਲ ਨੂੰ 30 ਬੈੱਡਾਂ ਦੇ ਹਸਪਤਾਲ ਦਾ ਦਰਜਾ ਦਿੱਤਾ ਹੋਇਆ ਹੈ ਪਰ ਇੱਥੇ ਐਮਰਜੈਂਸੀ 'ਚ 5 ਬੈੱਡਾਂ ਦੀ ਵੀ ਸਹੂਲਤ ਨਹੀਂ ਹੈ।
ਡਿਜੀਟਲ ਐਕਸ-ਰੇਅ ਮਸ਼ੀਨ ਦੀ ਸਖ਼ਤ ਜ਼ਰੂਰਤ
ਜ਼ਿਕਰਯੋਗ ਹੈ ਕਿ ਇਸ ਹਸਪਤਾਲ ਨੂੰ 40 ਪਿੰਡ ਲੱਗਦੇ ਹਨ। ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਨੇ ਇਸ ਹਸਪਤਾਲ ਨੂੰ ਅਣਗੌਲਿਆਂ ਕੀਤਾ ਹੋਇਆ ਹੈ। ਇੱਥੇ ਬਿਲਡਿੰਗ ਹੈ, ਪ੍ਰਬੰਧ ਨਹੀਂ। ਇਸ ਹਸਪਤਾਲ 'ਚ ਅਲਟਰਾਸਾਊਂਡ ਮਸ਼ੀਨ ਤਾਂ ਭੇਜ ਦਿੱਤੀ ਹੈ ਪਰ ਇਸ ਨੂੰ ਚਲਾਉਣ ਲਈ ਰੇਡੀਓਗ੍ਰਾਫ਼ਰ ਨਹੀਂ ਭੇਜਿਆ ਗਿਆ, ਜਿਸ ਕਾਰਨ ਮਸ਼ੀਨ ਬੰਦ ਕਮਰੇ 'ਚ ਪਈ ਹੈ। ਕੁਝ ਸਮਾਂ ਪਹਿਲਾਂ ਹਸਪਤਾਲ 'ਚ ਆਯੁਰਵੈਦਿਕ ਡਿਸਪੈਂਸਰੀ ਵੀ ਖੋਲ੍ਹੀ ਗਈ ਸੀ ਪਰ ਕਈ ਮਹੀਨਿਆਂ ਬਾਅਦ ਇਹ ਡਿਸਪੈਂਸਰੀ ਵੀ ਚੁੱਕੀ ਗਈ। ਇਸ ਹਸਪਤਾਲ ਵਿਚ ਕਈ ਮਾਹਿਰ ਡਾਕਟਰ ਜਿਵੇਂ ਹੱਡੀਆਂ, ਬੱਚਿਆਂ, ਈ. ਐੱਲ. ਟੀ., ਅੱਖਾਂ ਦੇ ਡਾਕਟਰਾਂ ਅਤੇ ਸਰਜਨਾਂ ਦੀ ਭਾਰੀ ਜ਼ਰੂਰਤ ਹੈ। ਇੱਥੇ ਡਿਜੀਟਲ ਐਕਸ-ਰੇਅ ਮਸ਼ੀਨ ਦੀ ਸਖ਼ਤ ਜ਼ਰੂਰਤ ਹੈ। ਲੋਕਾਂ ਨੂੰ ਇਸ ਲਈ ਬਠਿੰਡਾ, ਫ਼ਰੀਦਕੋਟ ਦੇ ਚੱਕਰ ਲਾਉਣੇ ਪੈਂਦੇ ਹਨ, ਜਿਸ ਕਾਰਨ ਲੋਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਇਸ ਹਸਪਤਾਲ 'ਚ ਦਵਾਈਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ ਪਰ ਡਾਕਟਰਾਂ ਦੀ ਘਾਟ ਕਾਰਨ ਲੋਕ ਇਨ੍ਹਾਂ ਸਹੂਲਤਾਂ ਦਾ ਵੀ ਫ਼ਾਇਦਾ ਨਹੀਂ ਉਠਾਅ ਸਕੇ।
ਪੀਣ ਲਈ ਪਾਣੀ ਦੀ ਸਹੂਲਤ ਨਹੀਂ
ਹਸਪਤਾਲ 'ਚ ਆਮ ਲੋਕਾਂ ਅਤੇ ਮਰੀਜ਼ਾਂ ਲਈ ਪੀਣ ਵਾਲੇ ਸਾਫ਼ ਪਾਣੀ ਦਾ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਹੈ। ਇਸ ਹਸਪਤਾਲ 'ਚ ਸਮਾਜ ਸੇਵੀ ਸੰਸਥਾਵਾਂ ਵੱਲੋਂ ਵਾਟਰ ਕੂਲਰ ਲਵਾ ਕੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਂਦਾ ਹੈ ਪਰ ਜਦੋਂ ਇਹ ਕੂਲਰ ਖਰਾਬ ਹੋ ਜਾਂਦੇ ਹਨ ਤਾਂ ਇਨ੍ਹਾਂ ਨੂੰ ਕਬਾੜ ਸਮਝ ਕੇ ਕਬਾੜਖਾਨੇ 'ਚ ਰੱਖ ਦਿੱਤਾ ਜਾਂਦਾ ਹੈ। ਲੋਕ ਫ਼ਿਰ ਪਾਣੀ ਲਈ ਤਰਸਣ ਲੱਗ ਜਾਂਦੇ ਹਨ। ਆਰ. ਓ. ਸਿਸਟਮ ਅਕਸਰ ਹੀ ਖਰਾਬ ਰਹਿੰਦਾ ਹੈ।
ਡਾਕਟਰਾਂ ਤੋਂ ਬਿਨਾਂ ਕਾਹਦਾ ਹਸਪਤਾਲ
ਜਿਸ ਹਸਪਤਾਲ 'ਚ ਡਾਕਟਰ ਹੀ ਨਾ ਹੋਣ, ਉਸ ਨੂੰ ਹਸਪਤਾਲ ਕਹਿਣਾ ਠੀਕ ਨਹੀਂ ਲੱਗਦਾ। ਸਿਵਲ ਹਸਪਤਾਲ ਜੈਤੋ ਵਿਖੇ ਮੁੱਖ ਡਾ. ਹੱਡੀਆਂ, ਬੱਚਿਆਂ, ਚਮੜੀ, ਈ. ਐੱਨ. ਟੀ., ਅੱਖਾਂ ਦੇ ਮਾਹਿਰ ਡਾਕਟਰ ਹੀ ਨਹੀਂ ਹਨ।
ਪਖਾਨਿਆਂ ਦਾ ਬੁਰਾ ਹਾਲ
ਸਿਵਲ ਹਸਪਤਾਲ 'ਚ ਬਣਿਆ ਹੋਇਆ ਮਰਦਾਨਾ ਵਾਰਡ, ਜਿਸ 'ਚ ਬਣੇ ਹੋਏ ਪਖਾਨਿਆਂ ਦੀ ਹਾਲਤ ਤਰਸਯੋਗ ਹੈ। ਸ਼ਾਇਦ ਹੀ ਕਦੇ ਇਸ ਦੀ ਸਫ਼ਾਈ ਕਰਵਾਈ ਗਈ ਹੋਵੇ। ਇਸ ਦੇ ਅੰਦਰ ਜਾਣ ਕਰਨ ਤੋਂ ਪਹਿਲਾਂ ਨੱਕ 'ਤੇ ਰੁਮਾਲ ਰੱਖਣਾ ਪੈਂਦਾ ਹੈ। ਗੱਲ ਕੀ, ਸਿਵਲ ਹਸਪਤਾਲ ਜੈਤੋ ਰੱਬ ਆਸਰੇ ਹੀ ਚੱਲ ਰਿਹਾ ਹੈ। ਸਰਕਾਰ ਨੂੰ ਤੁਰੰਤ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।
ਕਬਾੜਖਾਨਾ ਬਣ ਕੇ ਰਹਿ ਗਿਐ ਮਰਦਾਨਾ ਵਾਰਡ
ਸਿਵਲ ਹਸਪਤਾਲ ਜੈਤੋ ਵਿਖੇ ਜਨਾਨਾ ਵਾਰਡ 'ਚ ਤਾਂ ਮਰੀਜ਼ਾਂ ਨੂੰ ਦਾਖਲ ਕੀਤਾ ਜਾਂਦਾ ਹੈ। ਇਸ ਹਸਪਤਾਲ 'ਚ ਕੰਮ ਕਰ ਰਹੀ ਮਹਿਲਾ ਡਾਕਟਰ ਬਲਜੀਤ ਕੌਰ ਗਾਇਨੀ ਸਪੈਸ਼ਲਿਸਟ, ਜੋ ਕਿ ਬਹੁਤ ਹੀ ਮਿਹਨਤੀ ਹੈ। ਵੱਧ ਤੋਂ ਵੱਧ ਡਲਿਵਰੀ ਦੇ ਕੇਸ ਇੱਥੇ ਕੀਤੇ ਜਾਂਦੇ ਹਨ ਅਤੇ ਆਪ੍ਰੇਸ਼ਨ ਵੀ ਕੀਤੇ ਜਾਂਦੇ ਹਨ ਪਰ ਮਰਦਾਨਾ ਵਾਰਡ ਵਿਚ ਤਾਂ ਹਮੇਸ਼ਾ ਹੀ ਕਾਂ ਬੋਲਦੇ ਰਹਿੰਦੇ ਹਨ। ਇਸ ਵਾਰਡ ਨੂੰ ਕਬਾੜਖਾਨਾ ਬਣਾਇਆ ਹੋਇਆ ਹੈ। ਇਸ ਵਾਰਡ ਦੇ ਕਮਰਿਆਂ 'ਚ ਹਸਪਤਾਲ ਦਾ ਸਾਰਾ ਟੁੱਟਿਆ-ਭੱਜਿਆ ਸਾਮਾਨ ਸੁੱਟਿਆ ਜਾਂਦਾ ਹੈ। ਮਰਦਾਨਾ ਮਰੀਜ਼ ਕੋਈ ਵੀ ਦਾਖਲ ਨਹੀਂ ਕੀਤਾ ਜਾਂਦਾ। ਆਪ੍ਰੇਸ਼ਨ ਨਾ ਹੋਣ ਕਾਰਨ ਇਸ ਵਾਰਡ ਵਿਚ ਕੋਈ ਮਰੀਜ਼ ਦਾਖਲ ਹੀ ਨਹੀਂ ਕੀਤਾ ਜਾਂਦਾ। ਇਹ ਹਸਪਤਾਲ ਡਾਕਟਰ ਰੁਪਿੰਦਰ ਕੌਰ ਐੱਮ. ਡੀ. ਮੈਡੀਸਨ ਹੋਣ ਕਾਰਨ ਚੱਲ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਦੰਦਾਂ ਦੇ ਡਾਕਟਰ ਸੁਖਦੀਪ ਸਿੰਘ ਹਨ।
ਇੰਨਾ ਵੱਡਾ ਹਸਪਤਾਲ ਸਿਰਫ਼ 3 ਡਾਕਟਰਾਂ ਦੇ ਸਹਾਰੇ ਨਹੀਂ ਚੱਲ ਸਕਦਾ। ਡਾਕਟਰਾਂ ਅਤੇ ਸਟਾਫ਼ ਦੀ ਘਾਟ ਕਾਰਨ ਇਹ ਹਸਪਤਾਲ ਫ਼ੇਲ ਹੈ।


Related News