6 ਮਹੀਨੇ ਪਹਿਲਾਂ ਮਰੀ ਬੱਚੀ ਦੇ ਪੋਸਟਮਾਰਟਮ 'ਚ ਨੇ ਖੋਲ੍ਹੀ ਕਲਯੁਗੀ ਮਾਂ ਦੀ ਕਰਤੂਤ
Friday, Jan 31, 2020 - 06:54 PM (IST)
ਚੰਡੀਗੜ੍ਹ (ਸੁਸ਼ੀਲ) : ਬੁੜੈਲ 'ਚ ਢਾਈ ਸਾਲ ਦੇ ਮਾਸੂਮ ਬੇਟੇ ਸੂਰਜ ਦੇ ਮੂੰਹ 'ਚ ਕੱਪੜਾ ਤੁੰਨ ਕੇ ਕਤਲ ਕਰਨ ਵਾਲੀ ਕਲਯੁਗੀ ਮਾਂ ਨੇ ਆਪਣੀ ਛੇ ਮਹੀਨੇ ਦੀ ਬੇਟੀ ਕੋਮਲ ਦਾ ਵੀ ਗਲਾ ਘੁੱਟ ਕੇ ਕਤਲ ਕੀਤਾ ਸੀ। ਇਹ ਖੁਲਾਸਾ ਡਾਕਟਰਾਂ ਦੇ ਬੋਰਡ ਨੇ ਪੋਸਟਮਾਰਟਮ ਰਿਪੋਰਟ 'ਚ ਕੀਤਾ। ਪੋਸਟਮਾਰਟਮ ਰਿਪੋਰਟ 'ਚ ਡਾਕਟਰਾਂ ਨੇ ਦੱਸਿਆ ਕਿ ਕੋਮਲ ਦੀ ਗਰਦਨ ਦੀ ਹੱਡੀ ਟੁੱਟੀ ਮਿਲੀ ਹੈ, ਜਿਸ ਕਾਰਣ ਉਸ ਦੀ ਮੌਤ ਹੋਈ ਹੈ। ਸੈਕਟਰ 34 ਥਾਣਾ ਪੁਲਸ ਨੇ ਰਿਪੋਰਟ ਮਿਲਦੇ ਹੀ ਮਾਮਲੇ 'ਚ ਕਲਯੁਗੀ ਮਾਂ ਰੂਪਾ ਖਿਲਾਫ ਧਾਰਾ 201 (ਸਬੂਤ ਮਿਟਾਉਣੇ) ਜੋੜ ਦਿੱਤੀ ਹੈ। ਇਸ ਤੋਂ ਪਹਿਲਾਂ ਸੈਕਟਰ 34 ਥਾਣਾ ਪੁਲਸ ਨੇ ਬੇਟੇ ਸੂਰਜ ਦੀ ਕਤਲ ਮਾਮਲੇ 'ਚ ਪੁਲਸ ਮੁਲਜ਼ਮ ਰੂਪਾ ਖਿਲਾਫ ਕਤਲ ਦੀ ਧਾਰਾ ਤਹਿਤ ਮਾਮਲ ਦਰਜ ਕਰ ਚੁੱਕੀ ਹੈ।
ਉਥੇ ਹੀ ਸੈਕਟਰ 34 ਥਾਣਾ ਪੁਲਸ ਨੇ ਰੂਪਾ ਦਾ ਦੋ ਦਿਨ ਦਾ ਪੁਲਸ ਰਿਮਾਂਡ ਖ਼ਤਮ ਹੋਣ 'ਤੇ ਉਸ ਨੂੰ ਜ਼ਿਲਾ ਅਦਾਲਤ 'ਚ ਪੇਸ਼ ਕੀਤਾ। ਪੁਲਸ ਨੇ ਅਦਾਲਤ ਤੋਂ ਕਲਯੁਗੀ ਮਾਂ ਰੂਪਾ ਦਾ ਡੀ. ਐੱਨ. ਏ. ਸੈਂਪਲ ਲੈਣ ਲਈ ਆਗਿਆ ਮੰਗੀ। ਅਦਾਲਤ ਨੇ ਪੁਲਸ ਨੂੰ ਰੂਪਾ ਦਾ ਡੀ. ਐੱਨ. ਏ. ਸੈਂਪਲ ਲੈਣ ਦੀ ਮਨਜ਼ੂਰੀ ਦੇ ਦਿੱਤੀ। ਇਸ ਦੇ ਨਾਲ ਹੀ ਅਦਾਲਤ ਨੇ ਮੁਲਜ਼ਮ ਔਰਤ ਨੂੰ ਨਿਆਇਕ ਹਿਰਾਸਤ ਭੇਜਣ ਦਾ ਆਦੇਸ਼ ਜਾਰੀ ਕੀਤਾ। ਪੁਲਸ ਰੂਪਾ ਨੂੰ ਹਸਪਤਾਲ ਲੈ ਕੇ ਗਈ, ਜਿੱਥੇ ਡਾਕਟਰਾਂ ਨੇ ਰੂਪਾ ਦੇ ਡੀ. ਐੱਨ. ਏ. ਸੈਂਪਲ ਲੈ ਕੇ ਜਾਂਚ ਲਈ ਸੀ. ਐੱਫ. ਐੱਸ. ਐੱਲ. ਭਿਜਵਾ ਦਿੱਤੇ। ਇਸ ਤੋਂ ਬਾਅਦ ਸੈਕਟਰ 34 ਥਾਣਾ ਪੁਲਸ ਰੂਪਾ ਨੂੰ ਬੁੜੈਲ ਜੇਲ 'ਚ ਛੱਡ ਆਈ।
ਪਤੀ ਨੇ ਪਤਨੀ ਰੂਪਾ 'ਤੇ ਸ਼ੱਕ ਜਤਾਇਆ ਸੀ ਕੋਮਲ ਦੇ ਕਤਲ ਬਾਰੇ
ਬੇਟੇ ਸੂਰਜ ਦਾ ਕਤਲ ਕਰਨ ਵਾਲੀ ਕਲਯੁਗੀ ਮਾਂ ਦੇ ਫੜੇ ਜਾਣ ਤੋਂ ਬਾਅਦ ਦਸ਼ਰਥ ਨੇ ਪੁਲਸ ਨੂੰ ਆਪਣੀ ਛੇ ਮਹੀਨੇ ਦੀ ਬੇਟੀ ਦਾ ਕਤਲ ਕਰਨ ਦਾ ਸ਼ੱਕ ਪਤਨੀ ਰੂਪਾ 'ਤੇ ਜਤਾਇਆ ਸੀ। ਜਿਸ ਤੋਂ ਬਾਅਦ ਪੁਲਸ ਨੇ ਮੈਜਿਸਟਰੇਟ ਦੀ ਅਗਵਾਈ 'ਚ ਛੇ ਮਹੀਨੇ ਦੀ ਕੋਮਲ ਦੀ ਲਾਸ਼ ਨੂੰ ਸੈਕਟਰ 25 ਸਥਿਤ ਸ਼ਮਸ਼ਾਨਘਾਟ ਤੋਂ ਕੱਢਿਆ ਸੀ। ਕੋਮਲ ਦੀ ਮੌਤ 25 ਦਸੰਬਰ ਨੂੰ ਹੋਈ ਸੀ।
ਇਹ ਸੀ ਮਾਮਲਾ
ਵਿਆਹ ਤੋਂ ਨਾਖੁਸ਼ ਹੋ ਕੇ ਰੂਪਾ ਨੇ 25 ਜਨਵਰੀ ਨੂੰ ਢਾਈ ਸਾਲ ਦੇ ਸੂਰਜ ਨੂੰ ਬੈੱਡ ਦੇ ਬਾਕਸ 'ਚ ਬੰਦ ਕਰ ਕੇ ਫਰਾਰ ਹੋ ਗਈ ਸੀ। 26 ਜਨਵਰੀ ਦੀ ਰਾਤ ਦਸ਼ਰਥ ਨੂੰ ਸੂਰਜ ਬੈੱਡ ਅੰਦਰੋਂ ਮਿਲਿਆ ਸੀ। ਪੁਲਸ ਨੇ ਬੱਚੇ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ ਸੀ। 27 ਜਨਵਰੀ ਨੂੰ ਸੈਕਟਰ 34 ਥਾਣਾ ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਕੇ ਰੂਪਾ ਨੂੰ ਕਾਬੂ ਕੀਤਾ ਸੀ।