ਦਿੱਲੀ ’ਚ ਹਿੰਸਕ ਝੜਪ ਨੂੰ ਵੇਖ ਭਾਵੁਕ ਹੋਏ ਬੱਬੂ ਮਾਨ, ਸੋਸ਼ਲ ਮੀਡੀਆ ’ਤੇ ਲਿਖੀਆਂ ਇਹ ਗੱਲਾਂ
Thursday, Jan 28, 2021 - 08:18 AM (IST)
ਚੰਡੀਗੜ੍ਹ (ਬਿਊਰੋ) — ਪਿਛਲੇ 2 ਮਹੀਨਿਆਂ ਤੋਂ ਵੱਖ-ਵੱਖ ਸੂਬਿਆਂ ਦੇ ਕਿਸਾਨ ਦਿੱਲੀ ਦੀਆਂ ਬਰੂਹਾਂ ’ਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੰਦੋਲਨ ਕਰ ਰਹੇ ਹਨ। ਇਸ ਅੰਦੋਲਨ ਨੂੰ ਲੈ ਕੇ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਖ਼ਾਸ ਮੌਕੇ ’ਤੇ ਦਿੱਲੀ ’ਚ ‘ਟਰੈਕਟਰ ਮਾਰਚ’ ਕੱਢਿਆ ਗਿਆ ਸੀ ਅਤੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਦੌਰਾਨ ਵੱਖ-ਵੱਖ ਸੂਬਿਆਂ ਤੋਂ ਲੋਕ ਆਪਣੇ ਟਰੈਕਟਰ ਲੈ ਕੇ ‘ਟਰੈਕਟਰ ਮਾਰਚ’ ਦਾ ਹਿੱਸਾ ਬਣੇ। ਇਸ ਦੌਰਾਨ ਹਿੰਸਕ ਝੜਪ ਵੀ ਹੋਈ, ਜਿਸ ’ਤੇ ਆਮ ਲੋਕਾਂ ਦੇ ਨਾਲ-ਨਾਲ ਪੰਜਾਬੀ ਕਲਾਕਾਰ ਵੀ ਇਸ ਦੀ ਨਿੰਦਿਆ ਕਰ ਰਹੇ ਹਨ। ਉਥੇ ਹੀ ਹੁਣ ਪੰਜਾਬੀ ਸੰਗੀਤ ਤੇ ਫ਼ਿਲਮ ਜਗਤ ਦੇ ਨਾਮੀ ਅਦਾਕਾਰ ਤੇ ਗਾਇਕ ਬੱਬੂ ਮਾਨ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਆਪਣੀ ਕਲਮ ਰਾਹੀਂ ਦਰਦ ਬਿਆਨ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਲਿਖਿਆ :—
"6 ਮਹੀਨੇ ਦੇ ਵਿੱਚ ਬੂਟਾ ਪਾਲਿਆ ਸੀ,
ਅੱਧੀ ਰਾਤ ਕੋਈ ਦਾਤੀ ਫੇਰ ਗਿਆ।
ਇੱਕ-ਇੱਕ ਇੱਟ ਦੇ ਨਾਲ ਚੁਬਾਰਾ ਪਾਇਆ ਸੀ,
ਇੱਕੋ ਝਟਕੇ ਦੇ ਵਿੱਚ ਮਿਤਰੋ ਗੇਰ ਗਿਆ।
ਚੋਰੀ-ਚੋਰੀ ਕੌਣ ਜ਼ਮੀਰ ਧਰ ਗਿਆ ਏ,
ਉਹਦਾ ਕਿ ਜੋ ਕੂਚ ਜਹਾਨੋਂ ਕਰ ਗਿਆ ਏ।"
ਦੱਸ ਦਈਏ ਕਿ ਪਿਛਲੇ 2 ਮਹੀਨਿਆਂ ਤੋਂ ਦਿੱਲੀ ਬਾਰਡਰਾਂ ’ਤੇ ਕਿਸਾਨਾਂ ਵਲੋਂ ਸ਼ਾਂਤਮਈ ਪ੍ਰਦਰਸ਼ਨ ਚੱਲ ਰਿਹਾ ਸੀ ਪਰ 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਕਾਫ਼ੀ ਸਵਾਲ ਖੜ੍ਹੇ ਹੋ ਗਏ ਹਨ, ਜਿਸ ਤੋਂ ਬਾਅਦ ਹਰ ਕੋਈ ਇਸ ਮੁੱਦੇ ’ਤੇ ਆਪਣਾ ਪੱਖ ਰੱਖ ਰਿਹਾ ਹੈ।
ਦੱਸਣਯੋਗ ਹੈ ਕਿ ਪੰਜਾਬੀ ਅਦਾਕਾਰ ਦੀਪ ਸਿੱਧੂ 26 ਜਨਵਰੀ ਮੌਕੇ ਦਿੱਲੀ ਵਿਖੇ ਹੋਏ ਘਟਨਾਕ੍ਰਮ ਤੋਂ ਬਾਅਦ ਵਿਵਾਦਾਂ ’ਚ ਘਿਰ ਗਿਆ ਹੈ। ਦੀਪ ਸਿੱਧੂ ਗਣਤੰਤਰ ਦਿਵਸ ਮੌਕੇ ਲਾਲ ਕਿਲੇ ’ਤੇ ਝੰਡਾ ਚੜ੍ਹਾਉਣ ਕਰਕੇ ਸੁਰਖ਼ੀਆਂ ’ਚ ਆ ਗਏ ਹਨ। ਇਹ ਵਿਵਾਦ ਉਦੋਂ ਸਾਹਮਣੇ ਆਇਆ, ਜਦੋਂ ਦੀਪ ਸਿੱਧੂ ਨੇ ਲਾਈਵ ਹੋ ਕੇ ਲਾਲ ਕਿਲੇ ’ਤੇ ਕੇਸਰੀ ਝੰਡਾ ਚੜ੍ਹਾਉਣ ਨੂੰ ਲੈ ਕੇ ਇਕ ਲਾਈਵ ਵੀਡੀਓ ਸਾਂਝੀ ਕੀਤੀ। ਦੀਪ ਨੇ ਜਥੇਬੰਦੀਆਂ ਦੀ ਇਜਾਜ਼ਤ ਤੋਂ ਬਿਨਾਂ ਇਹ ਕਦਮ ਚੁੱਕਿਆ ਹੈ, ਜਿਸ ’ਤੇ ਹੁਣ ਕਿਸਾਨ ਜਥੇਬੰਦੀਆਂ ਵੀ ਐਕਸ਼ਨ ਲੈ ਰਹੀਆਂ ਹਨ।
ਸੋਨੀਆ ਮਾਨ ਨੇ ਵੀ ਰੱਖਿਆ ਆਪਣਾ ਪੱਖ
ਪੰਜਾਬੀ ਮਾਡਲ ਸੋਨੀਆ ਮਾਨ ਨੇ ਵੀ ਚੁੱਪੀ ਤੋੜੀ ਹੈ। ਸੋਨੀਆ ਮਾਨ ਕਿਸਾਨ ਸੰਘਰਸ਼ ’ਚ ਪਹਿਲੇ ਦਿਨ ਤੋਂ ਡਟੀ ਹੋਈ ਹੈ ਤੇ ਕਿਸਾਨਾਂ ਦਾ ਸਮਰਥਨ ਕਰ ਰਹੀ ਹੈ। ਸੋਨੀਆ ਮਾਨ ਨੇ ਇੰਸਟਾਗ੍ਰਾਮ ਸਟੋਰੀ ’ਚ ਦੀਪ ਸਿੱਧੂ ਦੀਆਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪਹਿਲੀ ਤਸਵੀਰ ’ਚ ਦੀਪ ਸਿੱਧੂ ਸੰਨੀ ਦਿਓਲ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਖੜ੍ਹੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨਾਲ ਦੀਪ ਸਿੱਧੂ ਦੀ ਇਕ ਲਾਈਵ ਵੀਡੀਓ ਦਾ ਕਟਆਊਟ ਵੀ ਲੱਗਾ ਹੈ। ਦੂਜੀ ਤਸਵੀਰ ’ਚ ਦੀਪ ਸਿੱਧੂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਕਰਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ’ਤੇ ਲਿਖਿਆ ਹੈ, ‘ਬੀ. ਜੇ. ਪੀ. ਦਾ ਸੱਪ ਪੰਜਾਬ ਦੀ ਜਵਾਨੀ ਨੂੰ ਡੰਗਣ ਲਈ ਤਿਆਰ।’ ਸੋਨੀਆ ਮਾਨ ਵਲੋਂ ਸਾਂਝੀ ਕੀਤੀ ਗਈ ਇਹ ਤਸਵੀਰ ਬੇਹੱਦ ਵਾਇਰਲ ਹੋ ਰਹੀ ਹੈ।
ਦੱਸਣਯੋਗ ਹੈ ਕਿ ਦੀਪ ਸਿੱਧੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਧਰਮਿੰਦਰ ਦੇ ਪ੍ਰੋਡਕਸ਼ਨ ਹਾਊਸ ’ਚ ਬਣੀ ਫ਼ਿਲਮ ‘ਰਮਤਾ ਜੋਗੀ’ ਨਾਲ ਕੀਤੀ ਸੀ। ਸੰਨੀ ਦਿਓਲ ਨੂੰ ਗੁਰਦਾਸਪੁਰ ’ਚ ਜਿਤਾਉਣ ’ਚ ਦੀਪ ਸਿੱਧੂ ਨੇ ਅਹਿਮ ਭੂਮਿਕਾ ਨਿਭਾਈ ਸੀ। ਹਾਲਾਂਕਿ ਕੱਲ ਵਾਲੇ ਵਿਵਾਦ ਤੋਂ ਬਾਅਦ ਸੰਨੀ ਦਿਓਲ ਨੇ ਮੁੜ ਇਹ ਗੱਲ ਸਾਫ ਕੀਤੀ ਹੈ ਕਿ ਉਨ੍ਹਾਂ ਦੇ ਪਰਿਵਾਰ ਦਾ ਦੀਪ ਸਿੱਧੂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਨੋਟ– ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।