ਬੱਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਮਲੋਟ ਦੇ ਵਪਾਰੀ ਨੂੰ ਧਮਕੀ
Friday, Nov 09, 2018 - 03:04 PM (IST)

ਮਲੋਟ (ਜੁਨੇਜਾ) : ਇਕ ਅੱਤਵਾਦੀ ਜਥੇਬੰਦੀ ਦੇ ਲੈਟਰਪੈਡ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਸ਼ਹਿਰ ਦੇ ਇਕ ਵਪਾਰੀ ਨੂੰ ਧਮਕੀ ਦੇ ਕੇ 50 ਲੱਖ ਰੁਪਏ ਦੀ ਫਿਰੋਤੀ ਮੰਗੀ ਗਈ ਹੈ। ਇਸ ਮਾਮਲੇ 'ਤੇ ਸਿਟੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਬੱਬਰ ਖਾਲਸਾ ਇੰਟਰਨੈਸ਼ਨਲ ਨਾਮਕ ਜਥੇਬੰਦੀ ਦੇ ਲੈਟਰ ਪੈਡ ਤੇ ਮਲੋਟ ਦੇ ਉਘੇ ਵਪਾਰੀ ਰਾਜ ਕੁਮਾਰ ਨਾਗਪਾਲ ਪੁੱਤਰ ਨਿਆਮਤ ਰਾਏ ਤੋਂ 50 ਲੱਖ ਦੀ ਫਿਰੋਤੀ ਮੰਗੀ ਗਈ ਹੈ।
ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਉਨ੍ਹਾਂ ਦੇ ਘਰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਸੁੱਟੇ ਧਮਕੀ ਪੱਤਰ ਵਿਚ ਲਿਖਿਆ ਹੈ ਕਿ ਜਥੇਬੰਦੀ ਨੂੰ ਉਨ੍ਹਾਂ ਦੇ ਚੰਡੀਗੜ੍ਹ ਰਹਿੰਦੇ ਬੱਚਿਆਂ ਸਮੇਤ ਪਰਿਵਾਰ ਬਾਰੇ ਪੂਰੀ ਜਾਣਕਾਰੀ ਹੈ। ਇਸ ਲਈ ਪੈਸਾ ਤਾਂ ਆਦਮੀ ਫਿਰ ਕਮਾ ਸਕਦਾ ਹੈ ਪਰ ਜਾਨੀ ਨੁਕਸਾਨ ਦੀ ਭਰਪਾਈ ਨਹੀਂ ਹੋ ਸਕਦੀ। ਇਸ ਲਈ 50 ਲੱਖ ਰੁਪਏ ਦਿੱਤੇ ਜਾਣ ਨਹੀਂ ਤਾਂ ਪਰਿਵਾਰ ਦਾ ਜਾਨੀ ਨੁਕਸਾਨ ਹੋ ਸਕਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਇਹ ਫਿਰੋਤੀ ਦੀ ਰਕਮ ਕਿਸੇ ਟਰੇਨ ਰਾਹੀਂ ਭੇਜਣ ਦੀ ਮੰਗ ਕੀਤੀ ਗਈ ਹੈ।
ਇਸ ਮਾਮਲੇ 'ਤੇ ਸਿਟੀ ਮਲੋਟ ਪੁਲਸ ਨੇ ਰਾਜ ਕੁਮਾਰ ਪੁੱਤਰ ਨਿਆਮਤ ਰਾਏ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਇਹ ਚਿੱਠੀ ਸੱਚਮੁੱਚ ਕਿਸੇ ਅੱਤਵਾਦੀ ਜਥੇਬੰਦੀ ਵਲੋਂ ਭੇਜੀ ਗਈ ਹੈ ਜਾਂ ਕਿਸੇ ਗਿਰੋਹ ਦਾ ਕੰਮ ਹੈ, ਇਸ ਨੂੰ ਲੈ ਕੇ ਪੁਲਸ ਜਾਂਚ ਕਰ ਰਹੀ ਹੈ ਪਰ ਇਸ ਮਾਮਲੇ 'ਤੇ ਕੋਈ ਅਧਿਕਾਰੀ ਅਜੇ ਤੱਕ ਕੁਝ ਕਹਿਣ ਨੂੰ ਤਿਆਰ ਨਹੀਂ ਹੈ।
2012 ਵਿਚ ਵੀ ਇਸ ਵਪਾਰੀ ਦਾ ਲੜਕਾ ਹੋਇਆ ਸੀ ਅਗਵਾ
ਜ਼ਿਕਰਯੋਗ ਹੈ ਕਿ 2012 ਵਿਚ ਉਕਤ ਵਪਾਰੀ ਰਾਜ ਕੁਮਾਰ ਨਾਗਪਾਲ ਦੇ ਪੁੱਤਰ ਨੂੰ ਕੁਝ ਵਿਅਕਤੀਆਂ ਨੇ ਬਠਿੰਡਾ ਤੋਂ ਅਗਵਾ ਕਰਕੇ 2 ਕਰੋੜ ਦੀ ਫਿਰੋਤੀ ਮੰਗੀ ਸੀ। ਬਾਅਦ ਵਿਚ ਲੜਕੇ ਨੂੰ ਪੁਲਸ ਨੇ ਦਬਾਅ ਪਾ ਕੇ ਛੁਡਾ ਲਿਆ ਸੀ ਪਰ ਅਗਵਾਕਾਰ ਫਰਾਰ ਹੋ ਗਏ ਸਨ। ਉਂਝ ਕੁਝ ਸਮਾਂ ਬਾਅਦ ਸੀ. ਬੀ. ਆਈ. ਵੱਲੋਂ ਇਸ ਮਾਮਲੇ ਵਿਚ ਇਕ ਲੜਕੀ ਸਮੇਤ ਕਰੀਬ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।